
ਵਿੱਕੀ ਮਿੱਡੂਖੇੜਾ ਕਤਲਕਾਂਡ: ਅਕਾਲੀ ਆਗੂ ਅਜੈਪਾਲ ਮਿੱਡੂਖੇੜਾ ਨੇ ਸੁਰੱਖਿਆ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੀੜਤ ਪਰਿਵਾਰ ਨੇ ਆਪਣੀ ਜਾਨ ਮਾਲ ਦੀ ਸੁਰੱਖਿਆ ਕਰਨ ਦੀ ਕੀਤੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਪਿਛਲੇ ਸਾਲ 7 ਅਗਸਤ ਨੂੰ ਦਿਨ ਦਿਹਾੜੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਐਸਓਆਈ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਯੂਥ ਆਗੂ ਬਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨੇ ਆਪਣੀ ਜਾਨ ਮਾਲ ਨੂੰ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ। ਵਿੱਕੀ ਮਿੱਡੂਖੇੜਾ ਦੇ ਵੱਡੇ ਭਰਾ ਤੇ ਸੀਨੀਅਰ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ। ਉੱਚ ਅਦਾਲਤ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬਾ ਸਰਕਾਰ ਅਤੇ ਪੁਲੀਸ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪੰਜਾਬ ਸਰਕਾਰ, ਰਾਜਪਾਲ, ਗ੍ਰਹਿ ਵਿਭਾਗ ਅਤੇ ਐਸਐਸਪੀ ਮੁਹਾਲੀ ਨੂੰ ਕਈ ਪੱਤਰ ਲਿਖ ਕੇ ਇਨਸਾਫ਼ ਅਤੇ ਪਰਿਵਾਰ ਨੂੰ ਪ੍ਰਦਾਨ ਸੁਰੱਖਿਆ ਕਰਨ ਦੀ ਮੰਗ ਕਰ ਚੁੱਕੇ ਹਨ ਲੇਕਿਨ ਹੁਣ ਤੱਕ ਸਰਕਾਰ ਅਤੇ ਪੁਲੀਸ ਨੇ ਪੀੜਤ ਪਰਿਵਾਰ ਦੀ ਬਾਂਹ ਨਹੀਂ ਫੜੀ। ਹਾਲਾਂਕਿ ਅਜੈਪਾਲ ਮਿੱਡੂਖੇੜਾ ਕੋਲ ਇਸ ਸਮੇਂ ਦੋ ਗੰਨਮੈਨ ਹਨ ਪ੍ਰੰਤੂ ਹਾਲ ਹੀ ਆਪ ਸਰਕਾਰ ਵੱਲੋਂ ਸਿਆਸੀ ਆਗੂਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਚਾੜ੍ਹਨ ਕਾਰਨ ਉਨ੍ਹਾਂ ਇਹ ਗੰਨਮੈਨ ਵੀ ਖੁੱਸਣ ਦਾ ਖ਼ਦਸ਼ਾ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਨਾਮਜ਼ਦ ਤਿੰਨ ਖੂੰਖਾਰ ਗੈਂਗਸਟਰਾਂ (ਸ਼ੂਟਰਾਂ) ਸੱਜਣ ਸਿੰਘ ਉਰਫ਼ ਭੋਲੂ ਵਾਸੀ ਬੀਸ਼ਾਨ (ਹਰਿਆਣਾ) ਅਨਿਲ ਲੱਠ ਵਾਸੀ ਕਕਰੋਲਾ (ਦਿੱਲੀ) ਅਤੇ ਅਜੈ ਸੰਨੀ ਵਾਸੀ ਉਮਾਰੀ (ਕੁਰੂਕਸ਼ੇਤਰ) ਨੂੰ ਬੀਤੀ 25 ਅਪਰੈਲ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਕੁੱਝ ਦਿਨ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੂੰ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਕਰਨ ਦੀ ਗੱਲ ਕਬੂਲੀ ਸੀ। ਉਹ ਕਈ ਦਿਨ ਦਿੱਲੀ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਰਹੇ ਅਤੇ ਲੰਘੀ 25 ਅਪਰੈਲ ਨੂੰ ਮੁਹਾਲੀ ਪੁਲੀਸ ਨੇ ਪ੍ਰੋਡਕਸ਼ਨ ਵਰੰਟ ’ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪਾਈ ਗਈ ਸੀ।