Share on Facebook Share on Twitter Share on Google+ Share on Pinterest Share on Linkedin ਅਕਾਲੀ ਆਗੂ ਚੰਦੂਮਾਜਰਾ ਨੂੰ ਆਪਣੇ ਹੀ ਘਰ ਮੁਹਾਲੀ ਵਿੱਚ ਮਿਲੀ ਕਰਾਰੀ ਹਾਰ, ‘ਆਪ’ ਦੇ ਵੋਟ ਬੈਂਕ ਨੂੰ ਵੀ ਲੱਗਿਆ ਖੋਰਾ ਮੁਹਾਲੀ ਤੇ ਖਰੜ ’ਚੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ ਮਿਲੀ ਵੱਡੀ ਲੀਡ, ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ਲਗਾਈ ਮੋਹਰ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੂੰ ਮਿਲੀ ਹੈਰਾਨੀਜਨਕ ਹਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ: ਪੰਜਾਬ ਵਿੱਚ ਬੀਤੀ 19 ਮਈ ਨੂੰ ਹੋਈਆਂ ਲੋਕ ਸਭਾ ਦੀਆਂ ਚੋਣਾਂ ਦਾ ਵੀਰਵਾਰ ਨੂੰ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਐਤਕੀਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਹੁਕਮਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰਾ ਕੇ ਚੋਣ ਜਿੱਤ ਗਏ ਹਨ। ਹਾਲਾਂਕਿ ਵਿਰੋਧੀਆਂ ਵੱਲੋਂ ਤਿਵਾੜੀ ਨੂੰ ਪੈਰਾਸ਼ੂਟ ਉਮੀਦਵਾਰ ਦੱਸਦਿਆਂ ਅਤੇ ਕੈਪਟਨ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਵੱਡੇ ਪੱਧਰ ’ਤੇ ਉਭਾਰਿਆ ਗਿਆ ਸੀ ਪ੍ਰੰਤੂ ਇਸ ਦੇ ਬਾਵਜੂਦ ਹਲਕੇ ਦੇ ਲੋਕਾਂ ਨੇ ਵਿਰੋਧੀਆਂ ਦੇ ਗੁੰਮਰਾਹਕੁਨ ਪ੍ਰਚਾਰ ਵਿੱਚ ਆਉਣ ਦੀ ਬਜਾਏ ਸਰਕਾਰ ਦੀਆਂ ਨੀਤੀਆਂ ’ਤੇ ਆਪਣੀ ਮੋਹਰ ਲਗਾਉਂਦੇ ਹੋਏ ਸ੍ਰੀ ਤਿਵਾੜੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਗਿਆ ਹੈ। ਪਿਛਲੀ ਵਾਰ ਸ੍ਰੀ ਚੰਦੂਮਾਜਰਾ ਨੇ ਕਾਂਗਰਸ ਦੀ ਸੀਨੀਅਰ ਆਗੂ ਸ੍ਰੀਮਤੀ ਅੰਬਿਕਾ ਸੋਨੀ ਅਤੇ ਆਪ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਹਰਾਇਆ ਸੀ। ਪ੍ਰੰਤੂ ਐਤਕੀਂ ਰਵਾਇਤੀ ਪਾਰਟੀਆਂ ਤੋਂ ਬਾਗੀ ਹੋ ਕੇ ਨਵੀਆਂ ਬਣੀਆਂ ਪਾਰਟੀਆਂ ਨੇ ਅਕਾਲੀ ਦਲ ਦਾ ਸਾਰਾ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ। ਮੁਹਾਲੀ ਵਿੱਚ ਪਿਛਲੀ ਵਾਰ ‘ਆਪ’ ਦੇ ਝਾੜੂ ਨੇ ਅਕਾਲੀ ਦਲ ਅਤੇ ਕਾਂਗਰਸ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ ਲੇਕਿਨ ਇਸ ਵਾਰ ਕਾਂਗਰਸ ਨੇ ਵੱਧ ਵੋਟਾਂ ਲੈ ਕੇ ਝਾੜ ਦਾ ਤਿੱਲਾ ਤਿੱਲਾ ਕਰ ਦਿੱਤਾ ਅਤੇ ਅਕਾਲੀ ਦਲ ਨੂੰ ਵੀ ਕਾਫੀ ਨਮੋਸ਼ੀ ਝੱਲਣੀ ਪਈ ਹੈ। ਇਹੀ ਨਹੀਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੂੰ ਵੀ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣ ਜਿੱਤਣ ਦੀ ਆਸ ਲਗਾਈ ਬੈਠੇ ਬੀਰਦਵਿੰਦਰ ਪੰਜਵੇਂ ਸਥਾਨ ’ਤੇ ਚਲੇ ਗਏ। ਹਾਲਾਂਕਿ ਸੰਤ ਸਮਾਜ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਬੀਰਦਵਿੰਦਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਪ੍ਰੰਤੂ ਮੁਹਾਲੀ ’ਚੋਂ ਬੀਰ ਨੂੰ ਸਿਰਫ਼ 2808 ਵੋਟਾਂ ਹੀ ਮਿਲੀਆਂ ਹਨ। ਜਦੋਂਕਿ ਖਰੜ ਹਲਕੇ ’ਚੋਂ ਟਕਸਾਲੀ ਉਮੀਦਵਾਰ ਨੂੰ 2927 ਵੋਟ ਮਿਲੇ ਹਨ। ਮੁਹਾਲੀ ’ਚ 3133 ਲੋਕਾਂ ਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਆਇਆ। ਇਨ੍ਹਾਂ ਲੋਕਾਂ ਨੇ ਨੋਟਾਂ ਦਾ ਬਟਨ ਦੱਬਿਆ। ਮੁਹਾਲੀ ’ਚੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ 63 ਹਜ਼ਾਰ 380, ਅਕਾਲੀ ਦਲ ਦੇ ਪ੍ਰੇਮ ਸਿੰਘ ਸਿੰਘ ਚੰਦੂਮਾਜਰਾ ਨੂੰ 50 ਹਜ਼ਾਰ 728, ਆਪ ਦੇ ਨਰਿੰਦਰ ਸ਼ੇਰਗਿੱਲ ਨੂੰ 8359 ਅਤੇ ਬਸਪਾ ਦੇ ਬਿਕਰਮ ਸਿੰਘ ਸੋਢੀ ਨੂੰ 3198 ਵੋਟਾਂ ਮਿਲੀਆਂ ਹਨ। ਜਦੋਂਕਿ 2014 ਵਿੱਚ ਆਪ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਮੁਹਾਲੀ ’ਚੋਂ 7273 ਵੋਟਾਂ ਦੀ ਲੀਡ ਮਿਲੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੁਹਾਲੀ ਅਤੇ ਖਰੜ ਦੀਆਂ ਵੋਟਾਂ ਦੀ ਗਿਣਤੀ ਅੱਜ ਸਰਕਾਰੀ ਬਹੁ ਤਕਨੀਕੀ ਕਾਲਜ ਖੂਨੀਮਾਜਰਾ ਵਿੱਚ ਦੋ ਵੱਖ-ਵੱਖ ਗਿਣਤੀ ਕੇਂਦਰਾਂ ਵਿੱਚ ਹੋਈ। ਵੋਟਾਂ ਦੀ ਗਿਣਤੀ ਲਈ ਹਲਕਾ ਵਾਈਜ਼ 14-14 ਟੇਬਲ ਲਗਾਏ ਗਏ। ਖਰੜ ਦੇ 19 ਰਾਉਂਡਾਂ ਅਤੇ ਮੁਹਾਲੀ 17 ਰਾਉਂਡਾਂ ਵਿੱਚ ਗਿਣਤੀ ਕੀਤੀ ਗਈ। ਗਿਣਤੀ ਅਬਜ਼ਰਵਰ ਰਘੁਬੀਰ ਜੀ ਦੀ ਨਿਗਰਾਨੀ ਅੱਜ ਸਵੇਰੇ ਠੀਕ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਕੌਰ ਸਪਰਾ ਅਤੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਵੋਟਾਂ ਦੀ ਗਿਣਤੀ ਦਾ ਜਾਇਜ਼ਾ ਲਿਆ। ਗਿਣਤੀ ਕੇਂਦਰ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਰੇਕ ਟੇਬਲ ਤੇ ਇੱਕ ਗਿਣਤੀ ਮਾਈਕਰੋ ਅਬਜਰਵਰ, ਇੱਕ ਗਿਣਤੀ ਸੁਪਰਵਾਈਜ਼ਰ ਅਤੇ ਇੱਕ ਗਿਣਤੀ ਸਹਾਇਕ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸ੍ਰੀਮਤੀ ਸਪਰਾ ਦੀ ਅਗਵਾਈ ਹੇਠ ਅਤੇ ਗਿਣਤੀ ਅਬਜ਼ਰਵਰ ਦੀ ਮੌਜੂਦਗੀ ਵਿੱਚ ਸਵੇਰੇ 5 ਵਜੇ ਤੀਜੀ ਰੈਂਡੇਮਾਈਜੇਸ਼ਨ ਕੀਤੀ ਗਈ ਤਾਂ ਜੋ ਵੋਟਾਂ ਦੀ ਗਿਣਤੀ ਦੌਰਾਨ ਸਟਾਫ਼ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਏਆਰਓ ਵੱਲੋਂ ਹਰੇਕ ਰਾਉਂਡ ਤੋਂ ਤੁਰੰਤ ਬਾਅਦ ਚੋਣ ਕਮਿਸ਼ਨ ਅਤੇ ਆਰਓ ਨੂੰ ਸਾਰਾ ਰਿਕਾਰਡ ਆਨਲਾਈਨ ਭੇਜਿਆ ਗਿਆ। ਮੁਹਾਲੀ ਹਲਕੇ ਦੇ ਪਹਿਲੇ ਰਾਊਂਡ ਵਿੱਚ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ 4357, ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 3508 ਅਤੇ ਆਪ ਦੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ 439 ਅਤੇ ਬਸਪਾ ਦੇ ਬਿਕਰਮ ਸਿੰਘ ਸੋਢੀ ਨੂੰ 218 ਅਤੇ ਬੀਰਦਵਿੰਦਰ ਸਿੰਘ ਨੂੰ 198 ਵੋਟ ਮਿਲੇ। ਇਸ ਤਰ੍ਹਾਂ ਪਹਿਲੇ ਹੀ ਰਾਊਂਡ ਵਿੱਚ ਕਾਂਗਰਸ ਨੂੰ ਮਿਲੀ 849 ਵੋਟਾਂ ਦੀ ਲੀਡ ਹਾਸਲ ਕਰਕੇ ਅਕਾਲੀਆਂ ਦੇ ਚਿਹਰਿਆਂ ਤੋਂ ਰੌਣਕ ਉਡਣੀ ਸ਼ੁਰੂ ਹੋਈ ਅਤੇ ਇਸ ਤੋਂ ਬਾਅਦ ਅਖੀਰਲੇ ਰਾਉਂਡ ਤੱਕ ਕੋਈ ਵੀ ਉਮੀਦਵਾਰ ਤੋਂ ਤਿਵਾੜੀ ਦੀ ਲੀਡ ਨਹੀਂ ਤੋੜ ਸਕਿਆ। ਲਗਾਤਾਰ ਲੀਡ ਵਧਣ ਦੀ ਖ਼ਬਰ ਸੁਣਦਿਆਂ ਗਿਣਤੀ ਕੇਂਦਰ ਦੇ ਬਾਹਰ ਨਤੀਜੇ ਦੀ ਉਡੀਕ ਕਰ ਰਹੇ ਕਾਂਗਰਸੀ ਵਰਕਰਾਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਜਦੋਂਕਿ ਅਕਾਲੀ ਦਲ ਦੇ ਸਮਰਥਕਾਂ ਨੇ ਚੁੱਪ ਚੁਪੀਤੇ ਉੱਥੋਂ ਖਿਸਕਣਾ ਸ਼ੁਰੂ ਕਰ ਦਿੱਤਾ। ਸੀਪੀਆਈ (ਐਮ) ਦੇ ਰਘੁਬੀਰ ਸਿੰਘ ਨੂੰ 591, ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਨੂੰ 198, ਅਸ਼ੀਸ਼ ਗਰਗ ਨੂੰ 246, ਕਿਰਪਾਲ ਕੌਰ ਨੂੰ 201, ਮਨਮੋਹਨ ਸਿੰਘ ਨੂੰ 137, ਅਵਤਾਰ ਸਿੰਘ ਨੂੰ 187, ਭਾਰਗਵ ਰੈਡੀ ਨੂੰ 259, ਫਰੀਦ ਚੰਦ ਨੂੰ 266, ਕੰਵਲਜੀਤ ਸਿੰਘ ਨੂੰ 166, ਕੁਲਵਿੰਦਰ ਕੌਰ ਨੂੰ 180, ਗੁਰਬਿੰਦਰ ਸਿੰਘ ਨੂੰ 141 ਅਤੇ ਜੋਧ ਸਿੰਘ ਥਾਂਦੀ ਨੂੰ 190 ਵੋਟਾਂ ਪਈਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ