
ਅਕਾਲੀ ਆਗੂ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕਰਕੇ ਨਵੀਂ ਚਰਚਾ ਛੇੜੀ
ਪੰਜਾਬ ਦੇ ਵਿਕਾਸ ਲਈ ਸਾਰੀਆਂ ਪਾਰਟੀਆਂ ਇੱਕਜੱੁਟਤਾ ਨਾਲ ਨਵੀਂ ਸਰਕਾਰ ਦਾ ਸਾਥ ਦੇਣ: ਕੈਪਟਨ ਸਿੱਧੂ
ਵੀਆਈਪੀਜ਼ ਨੂੰ ਦਿੱਤੀ ਗਈ ਬੇਲੋੜੀ ਸੁਰੱਖਿਆ ਵਾਪਸ ਲੈਣਾ ਸਰਕਾਰ ਦਾ ਸਾਕਾਰਾਤਮਕ ਕਦਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਪਾਰਟੀਬਾਜ਼ੀ ਤੋਂ ਉ੍ਵਤੇ ਉੱਠ ਕੇ ਪੰਜਾਬ ਦੀ ਨਵੀਂ ਆਪ ਸਰਕਾਰ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਕੈਪਟਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਹੱਕ ਵਿੱਚ ਜੋ ਫਤਵਾ ਦਿੱਤਾ ਗਿਆ ਹੈ, ਉਸ ਨੂੰ ਕਬੂਲਦਿਆਂ ਸਮੂਹ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਵਿਕਾਸ ਤੇ ਤਰੱਕੀ ਲਈ ਨਵੀਂ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।
ਕੈਪਟਨ ਸਿੱਧੂ ਨੇ ਕਿਹਾ ਕਿ ਬੇਰੁਜ਼ਗਾਰੀ, ਨਸ਼ਿਆਂ ਅਤੇ ਮਹਿੰਗਾਈ ਜਿਹੇ ਅਣਗਿਣਤ ਮੁੱਦਿਆਂ ਤੋਂ ਦੁਖੀ ਲੋਕਾਂ ਨੇ ਬਦਲਾਅ ਭਾਲਦਿਆਂ ਆਪ ਦੇ ਹੱਕ ਵਿੱਚ ਫਤਵਾ ਦੇ ਕੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਕ੍ਰਾਂਤੀਕਾਰੀ ਇਤਿਹਾਸ ਸਿਰਜਿਆ ਹੈ, ਨਾਲ ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਗਈ ਹੈ, ਉੱਥੇ ਹੁਣ ਆਪ ਸਰਕਾਰ ਅਤੇ ਲੀਡਰਸ਼ਿਪ ਆਪਣੀ ਨੈਤਿਕ ਜ਼ਿੰਮੇਵਾਰ ਨਿਭਾਉਣੀ ਚਾਹੀਦੀ ਹੈ।
ਕੈਪਟਨ ਸਿੱਧੂ ਨੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਹੀ ਸਾਬਕਾ ਵਿਧਾਇਕਾਂ ਅਤੇ ਹੋਰ ਵੀਆਈਪੀਜ਼ ਨੂੰ ਦਿੱਤੀ ਗਈ ਬੇਲੋੜੀ ਸੁਰੱਖਿਆ ਵਾਪਸ ਲੈਣ ਦੇ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਆਦੇਸ਼ਾਂ ਨੂੰ ਸਖ਼ਤੀ ਨਾਲ ਅਮਲੀ ਜਾਮਾ ਪਹਿਨਾਇਆ ਜਾਵੇ ਨਾ ਕਿ ਦਫ਼ਤਰੀ ਫਾਈਲਾਂ ਜਾਂ ਅਖ਼ਬਾਰੀ ਬਿਆਨ ਤੱਕ ਸੀਮਤ ਰਹਿ ਜਾਣ।
ਕੈਪਟਨ ਸਿੱਧੂ ਨੇ ਮੁਹਾਲੀ ਤੋਂ ਆਪ ਦੇ ਵਿਧਾਇਕ ਚੁਣੇ ਗਏ ਕੁਲਵੰਤ ਸਿੰਘ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ਉਹ ਇਲਾਕੇ ਦੇ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉੱਤਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪੰਜਾਬ ਪੱਧਰ ’ਤੇ ਇਸ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਨਿਰੰਤਰ ਜਾਰੀ ਰਹੇਗੀ। ਬੇਸ਼ੱਕ ਪੰਜਾਬ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਪਰ ਪੰਜਾਬ ਨੇ ਵੱਖ-ਵੱਖ ਲਹਿਰਾਂ, ਨਸ਼ਿਆਂ, ਬੇਰੁਜ਼ਗਾਰੀ ਅਤੇ ਹੋਰ ਕਈ ਮੁੱਦਿਆਂ ’ਤੇ ਲੰਮਾ ਸੰਤਾਪ ਹੰਢਾਇਆ ਹੈ। ਇਨ੍ਹਾਂ ਮਸਲਿਆਂ ਨੂੰ ਹੱਲ ਨਾ ਨਾ ਕਰਨ ਦੇ ਰੋਸ ਵਜੋਂ ਲੋਕਾਂ ਨੇ ਪੰਜਾਬ ਦੀਆਂ ਸਮੂਹ ਰਵਾਇਤੀ ਪਾਰਟੀਆਂ ਨੂੰ ਦਰ-ਕਿਨਾਰ ਕੀਤਾ ਹੇ।
ਕੈਪਟਨ ਸਿੱਧੂ ਨੇ ਕਿਹਾ ਕਿ ਸਿਆਸੀ ਪਾਰਟੀਆਂ ਲਈ ਹੁਣ ਇਹ ਸਮਾਂ ਜਿੱਤਾਂ ਹਾਰਾਂ ਲਈ ਮੰਥਨ ਕਰਨ ਦਾ ਨਹੀਂ ਹੈ, ਬਲਕਿ ਇੱਕਜੱੁਟ ਹੋ ਕੇ ਪੰਜਾਬ ਲਈ ਇਕ ਚੰਗੇ ਅਰਥਚਾਰੇ ਅਤੇ ਭਾਈਚਾਰੇ ਦਾ ਮੁੱਢ ਬੰਨ੍ਹਣ ਦਾ ਹੈ। ਉਨ੍ਹਾਂ ਨੇ ਪੰਜਾਬ ਪੱਧਰ ’ਤੇ ਆਪ ਆਗੂਆਂ ਅਤੇ ਵਲੰਟੀਅਰਾਂ ਆਪਣੀ ਜ਼ਿੰਮੇਵਾਰੀ ਬਿਨਾਂ ਕਿਸੇ ਪੱਖਪਾਤ ਤੋਂ ਨਿਭਾਉਣ ਦੀ ਅਪੀਲ ਕਰਦਿਆਂ ਨਵੀਂ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਵਿਚਾਰਧਾਰਾ ’ਤੇ ਪਹਿਰਾ ਦਿੰਦਿਆਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।