ਅਕਾਲੀ ਆਗੂ ਪਰਵਿੰਦਰ ਬੈਦਵਾਨ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਸਫ਼ਾਈ ਵਿਵਸਥਾ, ਸੀਵਰੇਜ ਪਾਈਪ ਲਾਈਨ ਵਾਲੀ ਸੜਕ, ਸਿਟੀ ਬੱਸ ਸਰਵਿਸ, ਮੈਡੀਕਲ ਕਾਲਜ ਦਾ ਮੁੱਦਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁਹਾਲੀ ਦੀਆਂ ਅਹਿਮ ਸਮੱਸਿਆਵਾਂ ਦਾ ਫੌਰੀ ਹੱਲ ਕਰਨ ਅਤੇ ਇਨ੍ਹਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਨੇਤਾਵਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਬਹੁਤ ਮਾੜਾ ਹਾਲ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਥਾਂ-ਥਾਂ ’ਤੇ ਕੂੜੇ ਦੇ ਢੇਰ ਲੱਗੇ ਪਏ ਹਨ ਪਰ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਇਸ ਮੌਸਮ ਵਿੱਚ ਇਸ ਕੂੜੇ ਕਾਰਨ ਮੱਖੀਆਂ ਮੱਛਰ ਵੀ ਪੈਦਾ ਹੋ ਰਹੇ ਹਨ ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ।
ਪਰਵਿੰਦਰ ਸਿੰਘ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੁਹਾਲੀ ਵਿੱਚ ਮਕੈਨੀਕਲ ਸਵੀਪਿੰਗ ਦਾ ਹਾਲੇ ਤੱਕ ਠੇਕਾ ਹੀ ਨਹੀਂ ਹੋਇਆ ਅਤੇ ਇਸ ਕਾਰਨ ਪੂਰੇ ਸ਼ਹਿਰ ਦੀ ਸਫਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਕੈਨੀਕਲ ਸਵੀਪਿੰਗ ਦਾ ਠੇਕਾ ਨਾ ਹੋਣ ਸਬੰਧੀ ਜੋ ਵੀ ਅਧਿਕਾਰੀ ਜਾਂ ਆਗੂ ਜ਼ਿੰਮੇਵਾਰ ਹਨ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਅਹਿਮ ਮਸਲਾ ਹੈ ਅਤੇ ਸ਼ਹਿਰ ਦੀ ਖੂਬਸੂਰਤੀ ਨਾਲ ਵੀ ਇਹ ਠੇਕਾ ਨਾ ਹੋਣ ਕਾਰਨ ਸਮਝੌਤਾ ਹੋ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਵਿੱਚ ਲੋਕਲ ਸਿਟੀ ਬੱਸ ਸਰਵਿਸ ਦਾ ਮੁੱਦਾ ਉਨਾਂ ਹੀ ਪੁਰਾਣਾ ਹੈ ਜਿੰਨਾਂ ਇਸ ਵਿੱਚ ਨਗਰ ਕੌਂਸਲ ਦੀ ਹੋਂਦ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਬਾਈ ਸਾਲਾਂ ਦੌਰਾਨ ਕਈ ਵਾਰ ਇਹ ਮਸਲਾ ਉੱਠਿਆ ਹੈ ਅਤੇ ਨਗਰ ਕੌਂਸਲ ਅਤੇ ਨਗਰ ਨਿਗਮਾਂ ਵਿੱਚ ਮਤੇ ਵੀ ਲਿਆਂਦੇ ਗਏ ਹਨ। ਇੱਕ ਵਾਰ ਤਾਂ ਛੇ ਕਰੋੜ ਦਾ ਬਜਟ ਵੀ ਰੱਖਿਆ ਜਾ ਚੁੱਕਿਆ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਕਿਹਾ ਕਿ ਲੋਕਲ ਸਿਟੀ ਬੱਸ ਸਰਵਿਸ ਨਾ ਹੋਣ ਕਾਰਨ ਆਟੋ ਚਾਲਕਾਂ ਦੀ ਮਨਮਾਨੀ ਚੱਲਦੀ ਹੈ ਅਤੇ ਪ੍ਰਦੂਸ਼ਣ ਵਿੱਚ ਵਾਧਾ ਹੋਣ ਦੇ ਨਾਲ ਨਾਲ ਹਾਦਸੇ ਵੀ ਹੁੰਦੇ ਹਨ ਅਤੇ ਟਰੈਫ਼ਿਕ ਜਾਮ ਹੋਣ ਕਾਰਨ ਲੜਾਈਆਂ ਵੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿਟੀ ਬੱਸ ਸਰਵਿਸ ਸਮੇਂ ਦੀ ਲੋੜ ਹੈ ਅਤੇ ਲੋਕਾਂ ਦੀ ਚਿਰੋਕਣੀ ਮੰਗ ਹੈ ਜਿਸ ਨੂੰ ਫੌਰੀ ਤੌਰ ’ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਬਾਵਾ ਵਾਈਟ ਹਾਊਸ ਤੋਂ ਬਲੌਂਗੀ ਵਾਲੀ ਸੜਕ ਉੱਤੇ ਅੰਡਰਗਰਾਊਂਡ ਸੀਵਰੇਜ ਦੀ ਵੱਡੀ ਪਾਈਪ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪਾਈ ਪਾਉਣ ਤੋਂ ਬਾਅਦ ਸੜਕ ਦੀ ਉਸਾਰੀ ਉੱਤੇ ਦੱਸ ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਕੰਮ ਸਮਾਂਬੱਧ ਸੀ ਜਦੋਂ ਕਿ ਕਈ ਸਾਲਾਂ ਤੋਂ ਇਹ ਕੰਮ ਪੂਰਾ ਨਹੀਂ ਹੋ ਸਕਿਆ ਅਤੇ ਹੁਣ ਇਹ ਸੜਕ ਉੱਤੇ ਵੱਡੇ ਵੱਡੇ ਟੋਏ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਫੌਰੀ ਤੌਰ ’ਤੇ ਪੂਰਾ ਕਰਵਾਇਆ ਜਾਵੇ ਅਤੇ ਇਸ ਨੂੰ ਇਨ੍ਹਾਂ ਲੇਟ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਉਸਾਰੀ ਵਿੱਚ ਘਪਲੇ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਵਿਚ ਫੇਜ਼ 6 ਨੇੜੇ ਬਣੇ ਮੈਡੀਕਲ ਕਾਲਜ ਦਾ ਮੁੱਦਾ ਅਹਿਮ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਮੈਡੀਕਲ ਕਾਲਜ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਿਫਟ ਕਰਨ ਦੀਆਂ ਤਜਵੀਜ਼ਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਇੱਥੇ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਤੇ ਹੁਣ ਇਸ ਦੀ ਥਾਂ ਬਦਲਣ ਦੀ ਤਜਵੀਜ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਆਮ ਆਦਮੀ ਪ੍ਰਤੀ ਸਰਕਾਰ ਨੂੰ ਇਹ ਜਗ੍ਹਾ ਮੈਡੀਕਲ ਕਾਲਜ ਲਈ ਢੁੱਕਵੀਂ ਨਜ਼ਰ ਨਹੀਂ ਆ ਰਹੀ ਤਾਂ ਇੱਥੇ ਪਹਿਲਾਂ ਕਰੋੜਾਂ ਰੁਪਏ ਖਰਚ ਕਰਨ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੇ ਨਾਲ ਵੱਡਾ ਹਸਪਤਾਲ ਵੀ ਬਣਨਾ ਸੀ ਪਰ ਇਹ ਕੰਮ ਲਗਾਤਾਰ ਲੇਟ ਹੁੰਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਮੁਹਾਲੀ ਦੇ ਹੀ ਵਸਨੀਕ ਰਹੇ ਹਨ ਨੂੰ ਮੋਹਾਲੀ ਦੀਆਂ ਲੋੜਾਂ ਦਾ ਭਲੀ ਭਾਂਤ ਪਤਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ 2500 ਕਰੋੜ ਰੁਪਏ ਤੋਂ ਵੱਧ ਖ਼ਰਚ ਕਰਕੇ ਮੁਹਾਲੀ ਸ਼ਹਿਰ ਨੂੰ ਬਹੁਤ ਮਜ਼ਬੂਤ ਬੁਨਿਆਦੀ ਢਾਂਚਾ ਦਿੱਤਾ ਗਿਆ ਜਿਸ ਦੀ ਬਦੌਲਤ ਮੁਹਾਲੀ ਲਗਾਤਾਰ ਤਰੱਕੀਆਂ ਦੀਆਂ ਲੀਹਾਂ ਤੇ ਤੁਰਦਾ ਰਿਹਾ। ਉਨ੍ਹਾਂ ਕਿਹਾ ਕਿ ਅੱਜ ਮੁਹਾਲੀ ਸ਼ਹਿਰ ਵਿੱਚ ਹਰ ਤਰ੍ਹਾਂ ਦਾ ਵੱਡਾ ਬਿਜ਼ਨਸਮੈਨ, ਅਫ਼ਸਰਸ਼ਾਹ ਰਾਜਨੇਤਾ ਰਹਿਣ ਨੂੰ ਫਖ਼ਰ ਮਹਿਸੂਸ ਕਰਦਾ ਤੇ ਇਸ ਨੂੰ ਪੰਜਾਬ ਦੀ ਮਿੰਨੀ ਰਾਜਧਾਨੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਖੁਦ ਮੋਹਾਲੀ ਸ਼ਹਿਰ ਦੇ ਵਿਕਾਸ ਵਿੱਚ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਦੇ ਨਾਲ ਨਾਲ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਮੰਗ ਕੀਤੀ ਕਿ ਉਹ ਮੁਹਾਲੀ ਦੇ ਵਿਕਾਸ ਵੱਲ ਉਚੇਚਾ ਧਿਆਨ ਦੇਣ ਅਤੇ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਕਦਮ ਚੁੱਕਣ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…