
ਨੀਡ ਬੇਸਿਡ ਪਾਲਿਸੀ ਜਲਦੀ ਲਾਗੂ ਕਰਾਉਣ ਲਈ ਅਕਾਲੀ ਆਗੂ ਪ੍ਰਿੰਸ ਨੇ ਕੀਤੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਮੀਟਿੰਗ
ਨਬਜ਼-ਏ-ਪੰਜਾਬ ਨਿਊਜ਼ ਡੈਸਕ, ਮੁਹਾਲੀ, 18 ਦਸੰਬਰ
ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਤੇ ਅਕਾਲੀ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਇੱਥੋਂ ਦੇ ਸੈਕਟਰ-64 ਦੀ ਰੈਜੀਡੈਂਟ ਵੈਲਫੇਅਰ ਸੁਸਾਇਟੀ ਐਮਆਈਜੀ ਅਤੇ ਐਲਆਈਜੀ ਦੇ ਨੁਮਾਇੰਦਿਆਂ ਨੂੰ ਲੈ ਕੇ ਬੀਤੇ ਦਿਨੀਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਰੁਣ ਰੂਜ਼ਮ ਨਾਲ ਮੀਟਿੰਗ ਕਰਕੇ ਸ਼ਹਿਰ ਵਿੱਚ ਲੋਕਾਂ ਦੀ ਸਹੂਲਤ ਲਈ ਜਲਦੀ ਨੀਡ ਬੇਸਿਡ ਪਾਲਿਸੀ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਸ੍ਰੀ ਪ੍ਰਿੰਸ ਨੇ ਗਮਾਡਾ ਅਧਿਕਾਰੀ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਵਿਹੜੇ ਵਿੱਚ ਕਮਰਾ ਬਣਾਉਣ ਦੀ ਇਜ਼ਾਜਤ ਦਿੱਤੀ ਜਾਵੇ ਤਾਂ ਜੋ ਸ਼ਹਿਰ ਦੇ 50 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਉਜਾੜੇ ਦੀ ਲਮਕ ਰਹੀ ਤਲਵਾਰ ਤੋਂ ਛੂਟਕਾਰਾ ਮਿਲ ਸਕੇ।
ਸ੍ਰੀ ਪ੍ਰਿੰਸ ਨੇ ਕਿਹਾ ਕਿ ਐਮਆਈਜੀ ਅਤੇ ਐਲਆਈਜੀ ਫੇਜ਼-10 ਮੁਹਾਲੀ ਦੇ ਫਲੈਟਾਂ ਵਿੱਚ ਰਹਿੰਦੇ ਲੋਕਾਂ ਨੂੰ ਨੀਡ ਬੇਸਿਡ ਚੈਜਿੰਗ ਦੇ ਆਧਾਰ ’ਤੇ ਕਾਨੂੰਨੀ ਤੌਰ ’ਤੇ ਵਿਹੜਿਆਂ ਵਿੱਚ ਗਰਾਉਂਡ ਫਲੋਰ ਤੋਂ ਲੈ ਕੇ ਟੌਪ ਫਲੋਰ ਤੱਕ ਕਮਰਾ ਬਣਾਉਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗਮਾਡਾ ਦੇ ਈਓ ਵੱਲੋਂ ਸ਼ਹਿਰ ਵਾਸੀਆਂ ਨੂੰ ਭੇਜੇ ਨੋਟਿਸ ਅਤੇ ਕੈਂਸਲੇਸ਼ਨ ਆਰਡਰਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਆਈਏਐਸ ਵਰੁਣ ਰੂਜ਼ਮ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਜਲਦ ਹੀ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਸਥਾਨਕ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਨੀਤੀ ਜਲਦੀ ਲਾਗੂ ਕਰਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਇੰਦਰਜੀਤ ਗਿਰੀ, ਸੰਤੋਖ ਸਿੰਘ, ਗੁਰਿੰਦਰ ਸਿੰਘ ਸੋਨੀ, ਜਗਦੀਪ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ ਸਮੇਤ ਹੋਰ ਨੁਮਾਇੰਦੇ ਵੀ ਹਾਜ਼ਰ ਸਨ।