Nabaz-e-punjab.com

ਸ੍ਰੀ ਅਕਾਲ ਤਖ਼ਤ ’ਤੇ ਭੁੱਲ ਬਖ਼ਸ਼ਾਉਣੀ ਅਕਾਲੀ ਲੀਡਰਸ਼ਿਪ ਦਾ ਸਹੀ ਫੈਸਲਾ: ਕਿਰਨਬੀਰ ਕੰਗ

ਕਿਰਨਬੀਰ ਕੰਗ ਨੇ ਚੁੱਪੀ ਤੋੜੀ, ਪਾਰਟੀ ’ਚ ਪੁੱਛ ਪ੍ਰਤੀਤ ਨਾ ਹੋਣ ਕਾਰਨ ਘਰ ਬੈਠੇ ਕੰਗ ਮੁੜ ਸਰਗਰਮ ਹੋਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਮੁਹਾਲੀ ਦੇ ਵਸਨੀਕ ਅਤੇ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ ਸਮਝੇ ਜਾਂਦੇ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਨਬੀਰ ਸਿੰਘ ਕੰਗ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੀ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਜਾਣੇ ਅਣਜਾਣੇ ਵਿੱਚ ਕੀਤੀਆਂ ਗਈਆਂ ਭੁੱਲਾਂ ਬਖ਼ਸ਼ਾਉਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਾਠ ਕਰਵਾਉਣ ਅਤੇ ਖਿਮਾ ਮੰਗਣ ਦਾ ਫੈਸਲਾ ਬਿਲਕੁਲ ਸਹੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਕੰਗ ਨੇ ਕਿਹਾ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਭੁੱਲਾਂ ਬਖ਼ਸ਼ਾਉਣ ਲਈ ਵਾਹਿਗੁਰੂ ਦਾ ਦਰ ਸਭ ਤੋਂ ਉੱਚਾ ਅਤੇ ਸੁੱਚਾ ਹੈ। ਉਂਜ ਵੀ ਵਾਹਿਗੁਰੂ ਹਮੇਸ਼ਾ ਹੀ ਬਖ਼ਸ਼ਣਹਾਰ ਹੈ ਅਤੇ ਆਪਣੀ ਸ਼ਰਣ ਵਿੱਚ ਆਉਣ ਵਾਲਿਆਂ ਨੂੰ ਕਦੇ ਨਿਰਾਸ਼ ਨਹੀਂ ਕਰਦਾ।
ਸ੍ਰੀ ਕੰਗ ਨੇ ਕਿਹਾ ਕਿ ਸਿੱਖ ਸਹਿਚਾਰ ਵਿੱਚ ਨਿਮਾਣਾ ਹੋ ਕੇ ਭੁੱਲ ਬਖ਼ਸ਼ਾਉਣੀ ਅਤੇ ਅਰਦਾਸ ਕਰਨ ਨਾਲੋਂ ਉੱਚੀ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਅਕਾਲੀ ਦਲ ਨੇ ਖਿਮਾ ਮੰਗ ਕੇ ਇਸੇ ਵਿਚਾਰਧਾਰਾ ’ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਅਨੇਕਾਂ ਦੋਸ਼ ਲੱਗਦੇ ਹਨ ਅਤੇ ਅਕਾਲੀ ਦਲ ’ਤੇ ਵੀ ਬੀਤੇ ਸਮੇਂ ਦੌਰਾਨ ਕਈ ਬੇਬੁਨਿਆਦ ਸੱਚੇ ਝੂਠੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਤੋਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਚੱਲਣ ਵਾਲੀ ਪਾਰਟੀ ਹੈ ਅਤੇ ਅਕਾਲੀ ਦਲ ਨੇ ਹਮੇਸ਼ਾ ਮੁੱਦਿਆਂ ਦੇ ਉੱਤੇ ਆਧਾਰਿਤ ਸਿਆਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਥਕ ਮੁੱਦੇ ਹਮੇਸ਼ਾ ਅਕਾਲੀ ਦਲ ਵੱਲੋਂ ਚੁੱਕੇ ਜਾਂਦੇ ਰਹੇ ਹਨ ਅਤੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਹਾਈ ਕਮਾਂਡ ਸਦਾ ਹੀ ਯਤਨਸ਼ੀਲ ਰਹੀ ਹੈ। ਜਿਨ੍ਹਾਂ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਵਿੱਚ ਪੰਜਾਬ ਕਾਡਰ ਦੀ ਕੋਟਾ, ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ ਦਿਵਾਉਣੀ, ਸਿੱਖ ਕਤਲੇਆਮ ਅਤੇ ਵਿਦੇਸ਼ੀ ਮੁਲਕ ਵਿੱਚ ਦਸਤਾਰ ਆਦਿ ਮੁੱਦੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਸਿਰਫ਼ ਇੱਕੋ ਇੱਕ ਅਜਿਹੀ ਪਾਰਟੀ ਹੈ, ਜੋ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਅਤੇ ਮੌਜੂਦਾ ਸਮੇਂ ਵਿੱਚ ਵੀ ਸਰਕਾਰੀ ਵਧੀਕੀਆਂ ਅਤੇ ਸਰੀਕਾ ਦੇ ਕੋਸਣ ਦੇ ਬਾਵਜੂਦ ਹਰ ਵਰਗ ਦੇ ਲੋਕਾਂ ਵੱਲੋਂ ਇਸ ਪਾਰਟੀ ਨੂੰ ਸਮਰਥਨ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਪੂਰੇ 10 ਸਾਲਾਂ ਵਿੱਚ ਜਥੇਦਾਰ ਕੰਗ ਨੂੰ ਯੋਗ ਨੁਮਾਇੰਦਗੀ ਨਹੀਂ ਮਿਲੀ ਹੈ। ਹਾਲਾਂਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਕਾਫੀ ਸਰਗਰਮੀ ਵੀ ਦਿਖਾਈ ਸੀ ਪ੍ਰੰਤੂ ਐਨ ਮੌਕੇ ਪਾਰਟੀ ਨੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਟਿਕਟ ਦੇ ਦਿੱਤੀ ਸੀ। ਇਸ ਮਗਰੋਂ ਉਹ ਹਾਈ ਕਮਾਂਡ ਖਾਸ ਕਰਕੇ ਬਾਦਲ ਪਰਿਵਾਰ ਤੋਂ ਨਰਾਜ ਹੋ ਕੇ ਆਪਣੇ ਘਰ ਬੈਠ ਗਏ ਸੀ ਅਤੇ ਕਿਸੇ ਸਿਆਸੀ ਪ੍ਰੋਗਰਾਮ ਵਿੱਚ ਸ਼ਿਰਕਤ ਨਹੀਂ ਕੀਤੀ ਲੇਕਿਨ ਹੁਣ ਕੁਝ ਕੁ ਦਿਨਾਂ ਤੋਂ ਜਥੇਦਾਰ ਕੰਗ ਮੁੜ ਸਰਗਰਮ ਹੋ ਗਏ ਹਨ ਅਤੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਿਆਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਜੇ ਖੱਬੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…