
ਅਕਾਲੀ ਵਿਧਾਇਕ ਐਨ.ਕੇ. ਸ਼ਰਮਾ ਦੀ ਵੋਟ ਨਾਲ ਭੁਪਿੰਦਰ ਰਾਣਾ ਬਣੇ ਲਾਲੜੂ ਨਗਰ ਕੌਂਸਲ ਦੇ ਮੀਤ ਪ੍ਰਧਾਨ
ਨਬਜ਼-ਏ-ਪੰਜਾਬ ਬਿਊਰੋ, ਲਾਲੜੂ, 31 ਮਈ:
ਨਗਰ ਕੌਂਸਲ ਲਾਲੜੂ ਦੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਭੁਪਿੰਦਰ ਸਿੰਘ ਰਾਣਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਹ ਚੋਣ ਡੇਰਾਬੱਸੀ ਦੇ ਐਸ ਡੀ ਐਸ ਪਰਮਜੀਤ ਸਿੰਘ ਦੀ ਨਿਗਰਾਨੀ ਵਿੱਚ ਕਰਵਾਈ ਗਈ। ਐਸਡੀਐਮ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਚੋਣ ਮੌਕੇ ਦੋਵਾਂ ਧੜਿਆਂ (ਅਕਾਲੀ ਭਾਜਪਾ ਗੱਠਜੋੜ ਅਤੇ ਕਾਂਗਰਸ) 8-8 ਮੈਂਬਰ ਹਾਜ਼ਰ ਸੀ ਅਤੇ ਇੱਕ ਵੋਟ ਹਲਕਾ ਵਿਧਾਇਕ ਐਨ ਕੇ ਸ਼ਰਮਾ ਦੀ ਸੀ। ਜਿਸ ਦੇ ਚਲਦੇ ਬਹੁਮਤ ਅਕਾਲੀ ਭਾਜਪਾ ਗੱਠਜੋੜ ਦੇ ਪੱਖ ਵਿੱਚ ਗਿਆ ਅਤੇ ਭੁਪਿੰਦਰ ਸਿੰਘ ਨੂੰ ਨਗਰ ਕੌਂਸਲਰ ਦਾ ਪ੍ਰਧਾਨ ਚੁਣ ਲਿਆ ਗਿਆ।
ਇਸ ਮੌਕੇ ਡੇਰਾਬਸੀ ਹਲਕੇ ਦੇ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਹਾਰ ਦੇ ਡਰ ਤੋਂ ਇਸ ਚੋਣ ਨੂੰ ਲਮਕਾਉਂਦੀ ਆ ਰਹੀ ਸੀ ਅਤੇ ਅੱਜ ਅਦਾਲਤ ਦੀਆਂ ਹਦਾਇਤਾਂ ’ਤੇ ਹੋਈ ਚੋਣ ਦੌਰਾਨ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਦੀ ਜਿੱਤ ਹੋਈ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਲਾਲੜੂ ਦੇ ਮੀਤ ਪ੍ਰਧਾਨ ਦਾ ਅਹੁਦਾ ਪਿਛਲੇ ਡੇਢ ਸਾਲ ਤੋਂ ਖਾਲੀ ਪਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਇਸ ਦੌਰਾਨ ਲਾਲੜੂ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਲਈ ਕਈ ਵਾਰ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਐਸ ਡੀ ਐਮ ਸਮੇਤ ਹੋਰਨਾਂ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਸੀ ਪਰੰਤੂ ਕੋਈ ਸੁਣਵਾਈ ਨਾ ਹੋਣ ਕਾਰਣ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸਹਾਰਾ ਲਿਆ। ਉਹਨਾਂ ਕਿਹਾ ਕਿ ਅਦਾਲਤ ਦੇ ਹੁਕਮ ਤੇ ਡਿਪਟੀ ਕਮਿਸ਼ਨਰ ਮੁਹਾਲੀ ਨੇ ਉਪ ਪ੍ਰਧਾਨ ਦੇ ਚੋਣਾਂ ਦੇ ਲਈ 16 ਅਪ੍ਰੈਲ ਦੀ ਤਰੀਕ ਨਿਸ਼ਚਿਤ ਕੀਤੀ ਸੀ ਪ੍ਰੰਤੂ ਉਸ ਦਿਨ ਐਸ ਡੀ ਐਮ ਡੇਰਾਬੱਸੀ ਦੇ ਪਰਿਵਾਰ ਵਿੱਚ ਦੁਖਦਾਈ ਘਟਨਾ ਹੋਣ ਕਰਕੇ ਇਸ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਉਸਤੋੱ ਬਾਅਦ ਉਹਨਾਂ ਨੇ ਆਪਣੇ ਅੱਠ ਕੌਂਸਲਰਾਂ ਸਮੇਤ ਹਾਈ ਕੋਰਟ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਸੀ ਅਤੇ ਹਾਈ ਕੋਰਟ ਨੇ 16 ਮਈ ਤੱਕ ਚੋਣਾਂ ਕਰਵਾਉਣ ਦੇ ਦੇ ਹੁਕਮ ਦਿੱਤੇ ਸੀ। ਪ੍ਰੰਤੂ 16 ਮਈ ਨੂੰ ਵੀ ਚੋਣ ਨਹੀਂ ਹੋ ਸਕੀ ਅਤੇ ਅੱਜ 31 ਮਈ ਦੀ ਤਰੀਕ ਮਿਥੀ ਗਈ ਸੀ ਜਿਸ ਵਿੱਚ ਉਹਨਾਂ ਦੇ ਉਮੀਦਵਾਰ ਦੀ ਜਿੱਤ ਹੋਈ ਹੈ।