ਸੁਖਬੀਰ ਬਾਦਲ ਤੇ ਚੰਦੂਮਾਜਰਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਮਟੌਰ ਥਾਣਾ ਘੇਰਿਆ

ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ: ਸੁਖਬੀਰ ਬਾਦਲ

ਨਬਜ਼-ਏ-ਪੰਜਾਬ, ਮੁਹਾਲੀ, 26 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਬੰਟੀ ਰੋਮਾਣਾ ਦੀ ਖ਼ਬਰ ਸੁਣਦੇ ਹੀ ਐਸਐਸਪੀ ਨੂੰ ਮਿਲਣ ਮੁਹਾਲੀ ਪਹੁੰਚ ਗਏ। ਬਾਅਦ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਮਟੌਰ ਥਾਣੇ ਨੂੰ ਘੇਰਾ ਪਾ ਲਿਆ ਅਤੇ ਪੰਜਾਬ ਦੀ ਆਪ ਸਰਕਾਰ ਅਤੇ ਪੁਲੀਸ ਖ਼ਿਲਾਫ਼ ਜਬਰਦਸ਼ਤ ਨਾਅਰੇਬਾਜ਼ੀ ਕੀਤੀ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਇਨਸਾਫ਼ ਲਈ ਡਟੇ ਹੋਏ ਸਨ।
ਇਸੋ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਪੁਲੀਸ ਨੇ ਹੁਕਮਰਾਨਾਂ ਦੇ ਪਿੱਠੂ ਬਣ ਕੇ ਵਿਰੋਧੀ ਧਿਰ ਅਕਾਲੀ ਦਲ ਦੇ ਆਗੂਆਂ ਅਤੇ ਆਮ ਲੋਕਾਂ ਨਾਲ ਵਧੀਕੀਆਂ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਇੱਕ ਅਧਿਆਪਕਾ ਨੇ ਸਿੱਖਿਆ ਮੰਤਰੀ ਦੇ ਖ਼ਿਲਾਫ਼ ਸੁਸਾਈਡ ਨੋਟ ਲਿਖ ਕੇ ਆਤਮ ਹੱਤਿਆ ਕਰ ਲਈ ਅਤੇ ਪੁਲੀਸ ਨੇ ਅਧਿਆਪਕਾ ਦੇ ਖ਼ੁਦੁਕਸ਼ੀ ਨੋਟ ਦੀ ਵੈਰੀਫਿਕੇਸ਼ਨ ਵੀ ਕਰ ਲਈ ਪ੍ਰੰਤੂ ਹੁਣ ਤੱਕ ਪੁਲੀਸ ਨੇ ਸਿੱਖਿਆ ਮੰਤਰੀ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਕਿਉਂਜੋ ਉਹ ਸੱਤਾਧਾਰੀ ਪਾਰਟੀ ਦੇ ਆਗੂ ਹੈ। ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਲਲਕਾਰਦਿਆਂ ਕਿਹਾ ਕਿ ਮੁੱਖ ਮੰਤਰੀ ਅਤੇ ਉਸ ਦੇ ਸਾਥੀ ਵਜੀਰਾਂ ਖ਼ਿਲਾਫ਼ ਅਕਾਲੀ ਦਲ ਨੂੰ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਸਮਾਂ ਸਭ ਦਾ ਆਉਂਦਾ ਹੈ। ਭਗਵੰਤ ਮਾਨ ਨੂੰ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਝੂਠੇ ਪਰਚਿਆਂ ਤੋਂ ਡਰ ਕੇ ਘਰ ਬੈਠਣ ਵਾਲਾ ਨਹੀਂ ਹੈ। ਪਹਿਲੇ ਸਮਿਆਂ ਵਿੱਚ ਵੀ ਹੁਕਮਰਾਨਾਂ ਨੇ ਅਕਾਲੀ ਦਲ ਅਤੇ ਸੀਨੀਅਰ ਲੀਡਰਸ਼ਿਪ ਨੂੰ ਢਾਹ ਲਗਾਉਣ ਦੀ ਕੋਈ ਕਸਰਾਂ ਨਹੀਂ ਛੱਡੀਆਂ ਪ੍ਰੰਤੂ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਉਨ੍ਹਾਂ ਮਜ਼ਾਕੀਆਂ ਲਹਿਜ਼ੇ ਵਿੱਚ ਕਿਹਾ ਕਿ ਭਗਵੰਤ ਮਾਨ ਜਲਦੀ ਉਹ ਸਮਾਂ ਨੇੜੇ ਆ ਰਿਹਾ ਹੈ, ਅੱਜ ਜਿਹੜੇ ਅਫ਼ਸਰ ਤੁਹਾਨੂੰ ਸਲੂਟ ਮਾਰਦੇ ਹਨ, ਉਹ ਤੁਹਾਨੂੰ ਫੜ ਕੇ ਹਵਾਲਾਤ ਦੇ ਅੰਦਰ ਦੇਣਗੇ।
ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾ ਕੇ ਜਿਹੜੀਆਂ ਨਵੀਆਂ ਪਿਰਤਾਂ ਪਾਈਆਂ ਜਾ ਰਹੀਆਂ ਹਨ, ਉਸ ਦੇ ਹੁਕਮਰਾਨਾਂ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ। ਉਨ੍ਹਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਜਜਮੈਂਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਕੋਈ ਵਿਅਕਤੀ ਕਿਸੇ ਖ਼ਿਲਾਫ਼ ਸੁਸਾਈਡ ਨੋਟ ਲਿਖ ਕੇ ਆਤਮ ਹੱਤਿਆ ਕਰਦਾ ਹੈ ਤਾਂ ਮੁੱਢਲੀ ਜਾਂਚ ਤੋਂ ਤੁਰੰਤ ਬਾਅਦ ਸਬੰਧਤ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨਾ ਹੁੰਦਾ ਹੈ ਪਰ ਪੰਜਾਬ ਵਿੱਚ ਆਪਣਿਆਂ ਅਤੇ ਬੇਗਾਨਿਆਂ ਲਈ ਕਾਨੂੰਨ ਵੀ ਵੱਖੋ-ਵੱਖਰੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ’ਤੇ ਆਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕਰਨ ਦਾ ਵੀ ਦੋਸ਼ ਲਾਇਆ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…