ਅਕਾਲੀਆਂ ਦੇ ਸਿਰ ਵੱਢ ਕੇ ਲਿਆਉਣ ਦੇ ਬਿਆਨ ਤੋਂ ਭੜਕੇ ਅਕਾਲੀ ਆਗੂ

ਕਾਂਗਰਸੀ ਪੰਜਾਬ ਵਿੱਚ ਕਤਲੋਗਾਰਤ ਦਾ ਮਾਹੌਲ ਬਣਾਉਣ ’ਤੇ ਉਤਾਰੂ ਹੋਏ: ਚੰਦੂਮਾਜਰਾ

ਅਕਾਲੀਆਂ ਵੱਲੋਂ ਕਾਂਗਰਸ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਤੋਂ ਕਾਂਗਰਸੀ ਵੱਲੋਂ ਥਾਪੇ ਗਏ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਸਟੇਜ਼ ’ਤੇ ਸ਼ਰ੍ਹੇਆਮ ਅਕਾਲੀਆਂ ਦੇ ਸਿਰ ਵੱਢ ਕੇ ਲਿਆਉਣ ਵਾਲਿਆਂ ਦੀ ਪੁਸ਼ਤਪਨਾਹੀ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕਾਂਗਰਸ ਸੂਬੇ ਵਿਚ ਮੁੜ ਤੋਂ ਕਤਲੋਗਾਰਤ ਵਾਲਾ ਮਾਹੌਲ ਬਣਾਉਣ ’ਤੇ ਉਤਾਰੂ ਹੋਈ ਪਈ ਹੈ ਅਤੇ ਮੁੜ ਤੋਂ ਪੰਜਾਬ ਨੂੰ ਕਾਲੇ ਦਿਨਾਂ ਵਿਚ ਧੱਕਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ’ਤੇ ਚੁਪੀ ਤੋੜ ਕੇ ਸਪੱਸ਼ਟ ਕਰਨ ਉਹਨਾਂ ਨੇ ਅਜਿਹੇ ਕਾਂਗਰਸੀ ਆਗੂਆਂ ਨੂੰ ਕਤਲੋਗਾਰਤ ਕਰਨ ਦੇ ਲਾਇਸੈਂਸ ਜਾਰੀ ਕੀਤੇ ਹਨ, ਜਿਹੜੇ ਕਿ ਸ਼ਰੇਆਮ ਸਟੇਜ਼ਾਂ ’ਤੇ ਅਕਾਲੀਆਂ ਦੇ ਸਿਰ ਵੱਢ ਕੇ ਲਿਆਉਣ ਲਈ ਆਪਣੇ ਵਰਕਰਾਂ ਨੂੰ ਉਕਸਾ ਰਹੇ ਹਨ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕਾਂਗਰਸ ਦੇ ਰਾਜ ਵਿੱਚ ਗੈਂਗਵਾਰਾਂ ਵਿੱਚ ਉਲਝਿਆ ਹੋਇਆ ਹੈ ਅਤੇ ਹੁਣ ਕਾਂਗਰਸੀ ਆਗੂ ਸਟੇਜ਼ਾਂ ਤੋਂ ਜਨਤਕ ਰੈਲੀਆਂ ਵਿਚ ਖੁਲੇਆਮ ਅਕਾਲੀਆਂ ਦੇ ਸਿਰ ਤਲਵਾਰਾਂ ਨਾਲ ਵੱਢ ਕੇ ਲਿਆਉਣ ਦੀ ਗੱਲਾਂ ਆਖ ਕੇ ਕਾਨੂੰਨ ਨੂੰ ਹੱਥ ਵਿਚ ਲੈ ਰਹੇ ਹਨ, ਇੰਨਾ ਹੀ ਕਤਲਾਂ ਨੂੰ ਬਚਾਉਣ ਤੱਕ ਦੀਆਂ ਗਾਰੰਟੀਆਂ ਸਟੇਜ਼ਾਂ ਤੋਂ ਦਿੱਤੀ ਜਾ ਰਹੀਆਂ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਗਾਉਣ ਵਾਲਿਆਂ ਨੂੰ ਸਬਕ ਸਿਖਾਇਆ ਹੈ ਅਤੇ ਅੱਗੇ ਵੀ ਸਿਖਾਉਂਦੇ ਰਹਿਣਗੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਅਤੇ ਸੂਬੇ ਦੇ ਡੀਜੀਪੀ ਨੂੰ ਇਸ ਸਬੰਧ ਵਿੱਚ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਉਹਨਾਂ ਮੰਗ ਕਿ ਕੀਤੀ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਖਿਲਾਫ ਕੇਸ ਦਰਜ਼ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਹੈਰੀਮਾਨ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਇਸ ਮਾਮਲੇ ਨੂੰ ਹਾਈਕੋਰਟ ਵਿਚ ਲਿਜਾਏਗਾ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਪਿੰਡਾਂ ਵਿੱਚ ਧੜੇਬੰਦੀਆ ਪੈਦਾ ਕਰਕੇ ਆਪਸੀ ਭਾਈਚਾਰੇ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਸ਼ਰੇਆਮ ਕਾਨੂੰਨ ਨੂੰ ਹੱਥ ਵਿਚ ਲਿਆ ਜਾ ਰਿਹਾ ਹੈ।
ਇਸ ਮੌਕੇ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਹਲਕਾ ਖਰੜ ਦੇ ਇੰਚਾਰਜ਼ ਰਣਜੀਤ ਸਿੰਘ ਗਿੱਲ, ਖਰੜ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਸ਼ਿਵਜੋਤ, ਕੁਰਾਲੀ ਨਗਰ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ, ਪ੍ਰਿੰਸੀਪਲ ਜਸਵੀਰ ਚੰਦਰ, ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਮਾਨ ਸਿੰਘ ਸੈਣੀ, ਜਸਬੀਰ ਸਿੰਘ ਜੱਸਾ ਭਾਗੋਮਾਜਰਾ, ਗੁਰਜਿੰਦਰ ਸਿੰਘ ਤਾਜ਼ਲਪੁਰ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਸਰਪੰਚ ਰਣਧੀਰ ਸਿੰਘ ਧੀਰਾ ਸਮੇਤ ਹੋਰ ਕਈ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।
ਉਧਰ, ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ’ਤੇ ਕਾਂਗਰਸ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅਕਾਲੀਆਂ ਦੇ ਸਿਰ ਵੱਢ ਕੇ ਲਿਆਉਣ ਲਈ ਉਕਸਾਉਣ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਦੇਵੀਗੜ੍ਹ ਵਿੱਚ ਇੱਕ ਸਮਾਗਮ ਦੌਰਾਨ ਸਨੌਰ ਹਲਕੇ ਨਾਲ ਸਬੰਧਤ 19 ਅਕਾਲੀ ਪੱਖੀ ਪੰਚਾਇਤਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਅਕਾਲੀ ਪੱਖੀ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਕਰਕੇ ਅਕਾਲੀ ਬੁਖਲਾ ਗਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵੱਲੋਂ ਇਸ ਸਮਾਗਮ ਵਿੱਚ ਉਨ੍ਹਾਂ ਨੂੰ ਇੱਕ ਲੋਈ, ਸਿਰੋਪਾਓ ਅਤੇ ਸ੍ਰੀ ਸਾਹਿਬ ਸਨਮਾਨ ਵਿੱਚ ਭੇਟ ਕੀਤੀ ਸੀ। ਉਦੋਂ ‘ਮੈਂ ਮੰਚ ਤੋਂ ਵਰਕਰਾਂ ਨੂੰ ਇਹ ਗੱਲ ਕਹੀ ਸੀ ਕਿ ਨਾ ਕਿਸੇ ਨਾਲ ਧੱਕਾ ਕਰਿਓ ਅਤੇ ਨਾ ਧੱਕਾ ਸਹਿਣ ਕਰਿਓ। ਜੇਕਰ ਫਿਰ ਵੀ ਉਨ੍ਹਾਂ ਨਾਲ ਕੋਈ ਧੱਕਾ ਕਰਦਾ ਹੈ ਤਾਂ ਫਿਰ ਐਵੇਂ ਨਾ ਮੇਰੇ ਕੋਲ ਮੂੰਹ ਲਮਕਾ ਕੇ ਆ ਜਾਇਓ, ਕੁਝ ਕਰਕੇ ਆਇਓ’। ਫਿਰ ਚਾਹੇ ਤੁਹਾਡੇ ਲੱਗੇ ਜਾਂ ਉਧਰ ਕਿਸੇ ਦੇ ਲੱਗੇ। ਇਹ ਕਹਿ ਤਾਂ ਮੈਂ’। ਇਸ ਪ੍ਰਗਟਾਵੇ ਨੂੰ ਅਕਾਲੀ ਗਲਤ ਰੰਗਤ ਦੇ ਰਹੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…