
ਕਾਂਗਰਸ ਸਰਕਾਰ ਦੇ 3 ਸਾਲਾਂ ਦੇ ਘੁਟਾਲਿਆਂ ਦੀ ਜਾਂਚ ਲਈ ਅਕਾਲੀਆਂ ਨੇ ਡੀਸੀ ਨੂੰ ਸੌਂਪਿਆਂ ਮੰਗ ਪੱਤਰ
ਵਿਧਾਇਕ ਤੇ ਮੰਤਰੀ ਰਲ-ਮਿਲ ਕੇ ਲਗਾ ਰਹੇ ਨੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ: ਐਨਕੇ ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਪੰਜਾਬ ਦਾ ਵਿਕਾਸ ਕਰਨ ਦੀ ਥਾਂ ਸੂਬੇ ਨੂੰ ਕੰਗਾਲੀ ’ਤੇ ਰਾਹ ਲਿਆ ’ਤੇ ਖੜਾ ਕਰ ਦਿੱਤਾ ਹੈ ਅਤੇ ਮੰਤਰੀ ਅਤੇ ਵਿਧਾਇਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸ਼ਰ੍ਹੇਆਮ ਘੁਟਾਲੇ ਕਰ ਰਹੇ ਹਨ। ਇਹ ਗੱਲ ਵੀਰਵਾਰ ਨੂੰ ਅਕਾਲੀ ਵਿਧਾਇਕ ਐਨਕੇ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ। ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਨੇ ਮੁਹਾਲੀ ਦੀ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੂੰ ਸਾਂਝਾ ਮੰਗ ਪੱਤਰ ਸੌਂਪਿਆ ਅਤੇ ਕਾਂਗਰਸੀ ਘੁਟਾਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਅਤੇ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ, ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਅਤੇ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮਲਕਪੁਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ, ਯੂਥ ਆਗੂ ਅਸ਼ਵਨੀ ਸ਼ਰਮਾ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਰਾਣਾ, ਭਾਜਪਾ ਕੌਂਸਲਰ ਅਸ਼ੋਕ ਝਾਅ, ਜਥੇਦਾਰ ਸਾਧੂ ਸਿੰਘ ਖਲੌਰ ਸਮੇਤ ਹੋਰ ਹਾਜ਼ਰ ਸਨ।
ਐਨਕੇ ਸ਼ਰਮਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਲੌਕਡਾਉੂਨ ਦੌਰਾਨ ਭੁੱਖ ਨਾਲ ਤੜਪ ਰਹੇ ਗਰੀਬ ਲੋਕਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ ਲੱਖਾਂ ਕੁਇੰਟਲ ਅਨਾਜ ਪੰਜਾਬ ਲਈ ਭੇਜਿਆ ਗਿਆ ਪ੍ਰੰਤੂ ਕਾਂਗਰਸ ਸਰਕਾਰ ਨੇ 1 ਫੀਸਦੀ ਰਾਸ਼ਨ ਵੰਡ ਕੇ ਬਾਕੀ ਪਤਾ ਨਹੀਂ ਕਿੱਥੇ ਗਾਇਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਅਕਾਲੀ ਸਰਕਾਰ ਨੇ ਗਰੀਬ ਲੋਕਾਂ ਨੂੰ ਨੀਲੇ ਕਾਰਡਾਂ ਰਾਹੀਂ ਆਟਾ ਦਾਲ ਸਕੀਮ ਸ਼ੁਰੂ ਕੀਤੀ ਪ੍ਰੰਤੂ ਕਾਂਗਰਸ ਸਰਕਾਰ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਨੀਲੇ ਕਾਰਡਾਂ ’ਤੇ ਬਦਲਾਖੋਰੀ ਦੀ ਲਾਲ ਲਕੀਰ ਮਾਰ ਕੇ ਲੋਕਾਂ ਤੋਂ ਰਾਸ਼ਨ ਦਾ ਹੱਕ ਖੋਹਿਆ ਗਿਆ।
ਸ੍ਰੀ ਸ਼ਰਮਾ ਨੇ ਕਿਹਾ ਕਿ ਨਕਲੀ ਬੀਜ 200 ਰੁਪਏ ਪ੍ਰਤੀ ਕਿੱਲੋ ਵੇਚ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਹ ਬੀਜ ਕਿਸੇ ਤਰ੍ਹਾਂ ਨਾਲ ਵਿਗਿਆਨਕ ਤਰਕ ਉੱਤੇ ਖਰਾ ਨਹੀਂ ਉਤਰਦਾ। ਡੇਰਾਬੱਸੀ ਹਲਕੇ ਵਿੱਚ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ। ਮੌਕੇ ਤੋਂ ਜੇਸੀਬੀ ਮਸ਼ੀਨਾਂ ਵੀ ਫੜੀਆਂ ਗਈਆ ਸੀ ਪਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।