ਰਾਜੋਆਣਾ ਮਾਮਲੇ ਉਤੇ ਸਿਆਸਤ ਕਰ ਰਿਹਾ ਹੈ ਅਕਾਲੀ ਦਲ: ਰੰਧਾਵਾ

ਐਨਡੀਏ ਦੀ ਸਰਕਾਰ ‘ਚ ਭਾਈਵਾਲ ਰਹਿੰਦੇ ਅਕਾਲੀ ਦਲ ਨੇ ਕਿਉਂ ਨਹੀਂ ਚੁੱਕਿਆ ਮੁੱਦਾ

ਸੱਤਾ ਤੋਂ ਬਾਹਰ ਹੀ ਕਿਉਂ ਪੰਜਾਬ ਤੇ ਪੰਥ ਦੇ ਮੁੱਦੇ ਅਕਾਲੀ ਦਲ ਨੂੰ ਯਾਦ ਆਉੰਦੇ ਨੇ: ਰੰਧਾਵਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜਨਵਰੀ:
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਵਰ੍ਹਦਿਆ ਕਿਹਾ ਕਿ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਮੁੱਦੇ ਉਤੇ ਸਿਆਸਤ ਕਰ ਰਿਹਾ ਹੈ। ਸੁਖਬੀਰ ਵੱਲੋਂ ਰਾਸ਼ਟਰਪਤੀ ਨੂੰ ਰਾਜੋਆਣਾ ਨੂੰ ਮੁਆਫ਼ੀ ਤੇ ਰਿਹਾਅ ਕਰਨ ਦੀ ਅਪੀਲ ਉਤੇ ਪ੍ਰਤਿਕਿਰਿਆ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਨੇ ਇਹ ਮੰਗ ਉਦੋਂ ਕਿਉਂ ਨਹੀਂ ਕੀਤੀ ਜਦੋਂ ਉਨ੍ਹਾਂ ਦੀ ਪਾਰਟੀ ਕੇਂਦਰ ਦੀ ਐਨਡੀਏ ਸਰਕਾਰ ਵਿੱਚ ਭਾਈਵਾਲ ਸੀ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਕੇਂਦਰ ਦੀ ਸੱਤਾ ਵਿੱਚੋਂ ਬਾਹਰ ਹੈ ਅਤੇ ਸਿਆਸੀ ਲਾਹਾ ਖੱਟਣ ਲਈ ਰਾਜੋਆਣਾ ਦਾ ਮਾਮਲਾ ਉਠਾ ਰਿਹਾ ਹੈ।
ਜੇਲ੍ਹ ਮੰਤਰੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਅੱਗੇ ਤਜਵੀਜ਼ ਰੱਖੀ ਸੀ ਕਿ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਅਜਿਹੇ ਕੈਦੀਆਂ ਨੂੰ ਛੱਡਿਆ ਜਾਵੇ ਜਿਨ੍ਹਾਂ ਨੇ ਆਪਣੀ ਸਜ਼ਾ ਤੋਂ ਵੱਧ ਕੈਦ ਕੱਟ ਲਈ ਹੈ। ਉਨ੍ਹਾਂ ਪੁੱਛਿਆ, “ਹਰਸਿਮਰਤ ਕੌਰ ਬਾਦਲ ਜੋ ਉਸ ਵੇਲੇ ਕੇਂਦਰੀ ਮੰਤਰੀ ਸਨ, ਨੇ ਸਰਕਾਰ ਕੋਲ ਇਹ ਮੰਗ ਰੱਖਦਿਆਂ ਰਿਹਾਈ ਲਈ ਮੱਦਦ ਕਿਉਂ ਨਹੀਂ ਕੀਤੀ ਸੀ?” ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਇਸ ਮਾਮਲੇ ਉਤੇ ਚੁੱਪੀ ਧਾਰੀ ਹੋਈ ਹੈ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਅਕਾਲੀ ਦਲ ਦੀ ਫਿਤਰਤ ਬਣ ਗਈ ਹੈ ਕਿ ਜਦੋਂ ਉਹ ਸੱਤਾ ਵਿੱਚ ਹੁੰਦੇ ਹਨ ਤਾਂ ਪੰਜਾਬ, ਪੰਥ ਸਮੇਤ ਸਭ ਮੁੱਦੇ ਭੁੱਲ ਜਾਂਦੇ ਹਨ ਅਤੇ ਆਪਣੇ ਨਿੱਜੀ ਮੁਫਾਦਾਂ ਨੂੰ ਤਰਜੀਹ ਦੇਣ ਲੱਗਦੇ ਹਨ ਪਰ ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਸਿਆਸੀ ਲਾਹਾ ਖੱਟਣ ਲਈ ਪੰਥਕ ਮੁੱਦੇ ਯਾਦ ਆ ਜਾਂਦੇ ਹਨ।
ਸ. ਰੰਧਾਵਾ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਉਸ ਨੇ ਰਿਹਾਈ ਦਾ ਮੁੱਦਾ ਆਪਣੇ ਡੇਢ ਸਾਲ ਦੇ ਲੋਕ ਸਭਾ ਮੈਂਬਰ ਦੇ ਕਾਰਜਕਾਲ ਦੌਰਾਨ ਕਿਉਂ ਨਹੀਂ ਚੁੱਕਿਆ।ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਪੰਜਾਬ ਫੇਰੀ ਮੌਕੇ ਵੀ ਕਿਉਂ ਨਹੀਂ ਇਹ ਮਾਮਲਾ ਉਠਾਇਆ।ਸਾਰੇ ਤੱਥਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ, “ਸੁਖਬੀਰ ਵੱਲੋਂ ਰਿਹਾਈ ਦਾ ਮੁੱਦਾ ਹੁਣ ਉਠਾਉਣਾ ਸਿਰਫ ਸਿਆਸੀ ਲਾਹਾ ਖੱਟਣ ਲਈ ਹੈ ਜਦੋਂ ਕਿ ਅਸਲੀਅਤ ਵਿੱਚ ਇਸ ਮਾਮਲੇ ਬਾਰੇ ਉਹ ਉੱਕਾ ਵੀ ਗੰਭੀਰ ਨਹੀਂ।”

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …