nabaz-e-punjab.com

ਅਕਾਲੀ ਦਲ ਵੱਲੋਂ ਚੰਦੂਮਾਜਰਾ ਦੀ ਅਗਵਾਈ ਹੇਠ ਡੀਸੀ ਦਫ਼ਤਰ ਮੁਹਾਲੀ ਦੇ ਬਾਹਰ ਧਰਨਾ

ਰੇਤ ਕਾਂਡ ਦੀ ਸੀਬੀਆਈ ਜਾਂਚ ਕਰਵਾਉਣ ਤੇ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਕੈਬਨਿਟ ’ਚੋਂ ਬਰਖ਼ਾਸਤ ਕਰਨ ਦੀ ਮੰਗ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਅੱਜ ਪੰਜਾਬ ਦੇ ਸਮੂਹ ਜਿਲ੍ਹਾ ਹੈਡ ਕੁਆਰਟਰਾਂ ਤੇ ਦਿੱਤੇ ਗਏ ਧਰਨਿਆਂ ਦੀ ਲੜੀ ਵਿੱਚ ਪਾਰਟੀ ਦੇ ਜਿਲ੍ਹਾ ਮੁਹਾਲੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਦਿੱਤਾ ਗਿਆ ਧਰਨਾ ਆਪਣਾ ਬਣਦਾ ਪ੍ਰਭਾਵ ਛੱਡਣ ਵਿੱਚ ਨਾਕਾਮ ਰਿਹਾ। ਇਸ ਦੌਰਾਨ ਇੱਥੇ ਆਮ ਵਰਕਰਾਂ ਨਾਲੋਂ ਆਗੂਆਂ ਦੀ ਹਾਜਰੀ ਵੱਧ ਨਜਰ ਆਈ ਉੱਥੇ ਵੱਖ ਵੱਖ ਆਗੂਆਂ ਵੱਲੋੱ ਆਪਣੇ ਆਪਣੇ ਵੱਖਰੇ ਜੱਥੇ ਲੈ ਕੇ ਉੱਥੇ ਪਹੁੰਚਣ ਵੇਲੇ ਕੀਤੇ ਗਏ ਤਾਕਤ ਦੇ ਪ੍ਰਦਰਸ਼ਨ ਨੇ ਪਾਰਟੀ ਦੀ ਅੰਦਰੂਨੀ ਧੜੇਬਾਜ਼ੀ ਨੂੰ ਵੀ ਜਾਹਿਰ ਕੀਤਾ। ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ ਅਤੇ ਬੀਸੀ ਸੈਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ ਆਪਣੇ ਸਮਰਥਕਾਂ ਦੇ ਕਾਫਲਿਆਂ ਨਾਲ ਧਰਨੇ ਵਿੱਚ ਪੁੱਜੇ।
ਧਰਨੇ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਢਾਈ ਮਹੀਨੇ ਪਹਿਲਾਂ ਹੋਂਦ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਨਕਾਰਾ ਦੱਸਦਿਆਂ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ ਅਤੇ ਸੱਤਾ ਤੇ ਕਾਬਿਜ ਹੋਣ ਸਾਰ ਹੀ ਇਸਦੇ ਘੁਟਾਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਵੱਲੋੱ ਇਸ ਤਰੀਕੇ ਨਾਲ ਲੁਕਵੇੱ ਢੰਗ ਨਾਲ ਰੇਤ ਦੀਆਂ ਖੱਡਾਂ ਤੇ ਕਬਜੇ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਉਸਨੇ ਕਾਂਗਰਸ ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਦਿੱਤੀ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਹਰ ਫਰੰਟ ’ਤੇ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜਾ ਮਾਫੀ ਦਾ ਲਾਰਾ ਲਗਾ ਕੇ ਸੱਤਾ ਵਿੱਚ ਆਈ ਸਰਕਾਰ ਹੁਣ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋੱ ਲੋਕਾਂ ਨਾਲ ਝੂਠੇ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ 420 ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਅੱਜ ਦੇ ਇਸ ਧਰਨੇ ਵਿੱਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ, ਮੀਡੀਆ ਸੈਲ ਦੇ ਇੰਚਾਰਜ ਵਿਨੀਤ ਜੋਸ਼ੀ, ਡੇਰਾਬਸੀ ਦੇ ਵਿਧਾਇਕ ਐਨ.ਕੇ. ਸ਼ਰਮਾ, ਮੁਹਾਲੀ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਰਣਜੀਤ ਸਿਘ ਗਿੱਲ, ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਪਾਰਟੀ ਦੇ ਜਥੇਬੰਦਕ ਸਕੱਤਰ ਬਲਜੀਤ ਸਿੰਘ ਕੁੰਭੜਾ, ਪਰਮਿੰਦਰ ਸਿੰਘ ਸੋਹਾਣਾ, ਬੀਸੀਸੈਲ ਦੇ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ, ਦਰਸ਼ਨ ਸਿੰਘ ਸ਼ਿਵਜੋਤ, ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ ਬੈਂਰੋਪੁਰ ਨੇੇ ਵੀ ਸੰਬੋਧਨ ਕੀਤਾ।
ਧਰਨੇ ਵਾਲੀ ਥਾਂ ਤੇ ਟੈਂਟ ਵਿੱਚ ਗਰਮੀ ਹੋਣ ਕਾਰਨ ਪਾਰਟੀ ਦੇ ਆਗੂ ਅਤੇ ਵਰਕਰ ਨੇੜੇ ਦਰਖਤਾਂ ਦੀ ਛਾਂ ਵਿੱਚ ਵੀ ਖੜ੍ਹੇ ਦੇਖੇ ਗਏ। ਗਰਮੀ ਦਾ ਪ੍ਰਕੋਪ ਵੱਧ ਹੋਣ ਕਾਰਨ ਧਰਨੇ ਵਿੱਚ ਅਫੜਾ ਤਫੜੀ ਦਾ ਮਾਹੌਲ ਰਿਹਾ ਅਤੇ ਬੁਲਾਰਿਆਂ ਦੇ ਬੋਲਣ ਦੌਰਾਨ ਲੋਕ ਉਠ ਕੇ ਬਾਹਰ ਜਾਂਦੇ ਰਹੇ। ਬਾਅਦ ਵਿੱਚ ਪਾਰਟੀ ਆਗੂਆਂ ਵਲੋੱ ਡਿਪਟੀ ਕਮਿਸ਼ਨਰ ਨੂੰ ਗਵਰਨਰ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਪਾਰਸ, ਮਨਮੋਹਨ ਕੌਰ ਸਾਬਕਾ ਐਮ ਸੀ, ਕੌਂਸਲਰ ਕਮਲਜੀਤ ਸਿੰਘ ਰੂਬੀ, ਕੌਂਸਲਰ ਸੈਂਹਬੀ ਆਨੰਦ, ਕੌਂਸਲਰ ਸੁਰਿੰਦਰ ਸਿੰਘ ਰੋਡਾ, ਕੌਂਸਲਰ ਪ੍ਰਕਾਸ਼ਵਤੀ, ਪਰਵਿੰਦਰ ਸਿੰਘ ਤਸਿੰਬਲੀ, ਜਸਬੀਰ ਕੌਰ ਅੱਤਲੀ ਤੋਂ ਇਲਾਵਾ ਪੂਰੇ ਵੱਖ ਵੱਖ ਖੇਤਰਾਂ ਤੋਂ ਆਏ ਅਕਾਲੀ ਅਤੇ ਭਾਜਪਾ ਆਗੂ ਅਤੇ ਵਰਕਰ ਸ਼ਾਮਲ ਹੋਏ।
ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਦੇ ਨਾਮ ਦਿੱਤੇ ਗਏ ਮੰਗ ਪੱਤਰ ਵਿੱਚ ਰਾਣਾ ਗੁਰਜੀਤ ਸਿੰਘ ਉੱਪਰ ਰੇਤੇ ਦੀਆਂ ਖੇਡਾਂ ਵਿੱਚ ਕੀਤੇ ਸਕੈਂਡਲ ਕਰਨ ਦਾ ਇਲਜਾਮ ਲਗਾਉੱਦਿਆਂ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਨਾਲ ਕਿਸਾਨਾਂ ਅਤੇ ਮਜਦੂਰਾਂ ਦੀ ਕਰਜਾ ਮਾਫੀ, ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਦਲਿਤਾਂ ਤੇ ਅਤਿਆਚਾਰ ਅਤੇ ਰਾਜਨੀਤਿਕ ਧੱਕੇਸ਼ਾਹੀ, ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਦੇ ਮੁੱਦੇ ਚੁੱਕਦਿਆਂ ਮੰਗ ਕੀਤੀ ਗਈ ਹੈ ਕਿ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰਬਰਾਖਸਤ ਕੀਤਾ ਜਾਵੇ ਅਤੇ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਇਦਿਆਂ ਅਨੁਸਾਰ ਕਿਸਾਨਾਂ ਦੇ ਕਰਜੇ ਮਾਫ ਕਰੇ। ਇਸ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਕਰਨ, ਦਲਿਤਾਂ ਵਿਰੁੱਧ ਅਤਿਆਚਾਰ ਤੇ ਰੋਕ ਲਗਾਉਣ, ਸਿਆਸੀ ਵਿਰੋਧੀਆਂ ਤੇ ਜੁਲਮ ਬੰਦ ਕਰਨ, ਅਮਨ ਅਤੇ ਕਾਨੂੰਨ ਦਾ ਰਾਜ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…