
ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਖ਼ੁਸ਼ੀ ਵਿੱਚ ਗੁਰਦੁਆਰਿਆਂ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ
ਕਰੋਨਾਵਾਇਰਸ ਤੇ ਕਰਫਿਊ ਕਾਰਨ ਸੰਗਤ ਨਹੀਂ ਜੁੜੀ, ਅਰਦਾਸ ਵਿੱਚ ਸਿਰਫ਼ ਸੇਵਾਦਾਰਾਂ ਹੀ ਹੋਏ ਸ਼ਾਮਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੱਦੇਨਜ਼ਰ ਅੱਜ ਗੁਰਦੁਆਰਾ ਸਾਹਿਬਾਨਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਕਈ ਧਾਰਮਿਕ ਸਥਾਨਾਂ ਵਿੱਚ ਸੁਖਮਣੀ ਸਾਹਿਬ ਅਤੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਇਤਿਹਾਸ ਵਿੱਚ ਪਹਿਲੀ ਵਾਰ ਗੁਰੂ ਘਰਾਂ ਵਿੱਚ ਸੰਗਤ ਨਹੀਂ ਜੁੜੀ। ਅਰਦਾਸ ਵਿੱਚ ਸਿਰਫ਼ ਸੇਵਾਦਾਰ ਹੀ ਸ਼ਾਮਲ ਹੋਏ।
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗਏ। ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਅਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਕਰੋਨਾਵਾਇਰਸ ਤੇ ਕਰਫਿਊ ਕਾਰਨ ਐਤਕੀਂ ਵੱਡਾ ਸਮਾਗਮ ਨਹੀਂ ਕੀਤਾ ਗਿਆ। ਅਰਦਾਸ ਵਿੱਚ ਸਿਰਫ਼ ਸੇਵਾਦਾਰਾਂ ਹੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਵਿੱਚ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਅਤੇ 10-10 ਵਿਅਕਤੀਆਂ ਦੇ ਜਥੇ ਨੂੰ ਲੰਗਰ ਹਾਲ ਵਿੱਚ ਲਿਜਾ ਕੇ ਲੋੜੀਂਦੀ ਦੂਰੀ ’ਤੇ ਬਿਠਾ ਕੇ ਲੰਗਰ ਛਕਾਇਆ ਗਿਆ। ਇੰਜ ਹੀ ਗੁਰਦੁਆਰਾ ਸਾਹਿਬ ਪਿੰਡ ਲਾਂਡਰਾਂ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਪਿੰਡ ’ਚੋਂ ਕਾਫੀ ਸੰਗਤ ਗੁਰਦੁਆਰਾ ਸਾਹਿਬ ਪੁੱਜੀ ਸੀ ਪ੍ਰੰਤੂ ਸੇਵਾਦਾਰਾਂ ਨੇ ਕਿਸੇ ਵਿਅਕਤੀ ਨੂੰ ਮੱਥਾ ਟੇਕਣ ਤੋਂ ਬਾਅਦ ਹਾਲ ਵਿੱਚ ਬੈਠਣ ਨਹੀਂ ਦਿੱਤਾ। ਸੰਗਤ ਗੁਰੂ ਗਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਅੱਗੇ ਤੁਰਦੀ ਗਈ। ਲੰਗਰ ਵੀ ਗੁਰਦੁਆਰਾ ਸਾਹਿਬ ਦੇ ਗੇਟ ’ਤੇ ਘਰ ਜਾ ਕੇ ਖਾਣ ਲਈ ਦਿੱਤਾ ਗਿਆ। ਇਸੇ ਤਰ੍ਹਾਂ ਹੋਰਨਾਂ ਥਾਵਾਂ ’ਤੇ ਵੀ ਧਾਰਮਿਕ ਸਥਾਨਾਂ ਵਿੱਚ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਗਈਆਂ। ਕਾਫੀ ਲੋਕਾਂ ਨੇ ਆਪਣੇ ਘਰਾਂ ਵਿੱਚ ਦੇਗ ਤਿਆਰ ਕਰਕੇ ਸਰਬੱਤ ਦਾ ਭਲਾ ਮੰਗਿਆ।