Share on Facebook Share on Twitter Share on Google+ Share on Pinterest Share on Linkedin ਮੁਹਾਲੀ ਏਅਰਪੋਰਟ ਸੜਕ ’ਤੇ ਸ਼ਰਾਬ ਨਾਲ ਭਰਿਆ ਕੈਂਟਰ ਪਲਟਿਆ ਸੋਹਾਣਾ ਪੁਲੀਸ ਵੱਲੋਂ ਹਾਦਸਾ ਗ੍ਰਸਤ ਕੈਂਟਰ ’ਚੋਂ ਨਾਜਾਇਜ਼ ਸ਼ਰਾਬ ਦੀਆਂ 72 ਪੇਟੀਆਂ ਬਰਾਮਦ, ਚਾਲਕ ਫਰਾਰ ਬਲੌਂਗੀ ਪੁਲੀਸ ਵੱਲੋਂ 26 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ: ਮੁਹਾਲੀ ਏਅਰਪੋਰਟ ਸੜਕ ’ਤੇ ਵੀਰਵਾਰ ਨੂੰ ਸੋਹਾਣਾ ਪੁਲੀਸ ਵੱਲੋਂ ਇੱਕ ਹਾਦਸਾ ਗ੍ਰਸਤ ਕੈਂਟਰ ’ਚੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲੀਸ ਅਨੁਸਾਰ ਕੈਂਟਰ ਚਾਲਕ ਫਰਾਰ ਦੱਸਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਸੋਹਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਆਂਢੀ ਸੂਬਾ ਹਰਿਆਣਾ ’ਚੋਂ ਨਾਜਾਇਜ਼ ਸ਼ਰਾਬ ਨਾਲ ਭਰਿਆ ਕੈਂਟਰ ਮੁਹਾਲੀ ਏਅਰਪੋਰਟ ਸੜਕ ਰਾਹੀਂ ਮੁਹਾਲੀ ਵੱਲ ਆ ਰਿਹਾ ਹੈ। ਇਸ ਦੌਰਾਨ ਪੁਲੀਸ ਕਰਮਚਾਰੀਆਂ ਨੇ ਇੱਥੋਂ ਦੇ ਸੈਕਟਰ-82 ਨੇੜੇ ਸੜਕ ਉੱਤੇ ਇੱਕ ਕੈਂਟਰ ਪਲਟਿਆ ਹੋਇਆ ਦੇਖਿਆ ਅਤੇ ਸ਼ਰਾਬ ਦੀਆਂ ਕਈਆਂ ਪੇਟੀਆਂ ਸੜਕ ’ਤੇ ਖਿੱਲਰੀਆਂ ਪਈਆਂ ਸਨ। ਜਿਸ ਕਾਰਨ ਕੁਝ ਸਮੇਂ ਲਈ ਸੜਕ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਾਦਸਾ ਗ੍ਰਸਤ ਕੈਂਟਰ ਨੂੰ ਸਿੱਧਾ ਕੀਤਾ ਅਤੇ ਉਕਤ ਵਾਹਨ ਨੂੰ ਜ਼ਬਤ ਕਰਕੇ ਥਾਣੇ ਲਿਆ ਕੇ ਖੜਾ ਦਿੱਤਾ। ਉਨ੍ਹਾਂ ਦੱਸਿਆ ਕਿ ਕੈਂਟਰ ਦੀ ਤਲਾਸ਼ੀ ਲੈਣ ’ਤੇ ਰਾਇਲ ਸਟੈਗ, ਬਲੈਂਡਰ ਪਰਾਈਡ, ਆਫਸੀਜਨ ਸ਼ਰਾਬ ਦੀਆਂ ਕਰੀਬ 72 ਪੇਟੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਟਰ ’ਤੇ ਟੈਂਪਰੇਰੀ ਨੰਬਰ ਲੱਗਾ ਹੋਇਆ ਸੀ ਅਤੇ ਵਾਹਨ ’ਚੋਂ ਬਰਾਮਦ ਸ਼ਰਾਬ ਸਿਰਫ਼ ਹਰਿਆਣਾ ਵਿੱਚ ਵਿਕਣਯੋਗ ਸੀ। ਹਾਦਸੇ ਬਾਰੇ ਪੁੱਛੇ ਜਾਣ ’ਤੇ ਥਾਣਾ ਮੁਖੀ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਸ਼ਰਾਬ ਲਿਆ ਰਹੇ ਕੈਂਟਰ ਦੀ ਸਪੀਡ ਜ਼ਿਆਦਾ ਹੋਵੇ ਅਤੇ ਅਚਾਨਕ ਸੰਤੁਲਨ ਵਿਗੜਨ ਕਾਰਨ ਕੈਂਟਰ ਸੜਕ ’ਤੇ ਪਲਟ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਕੈਂਟਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਬਲੌਂਗੀ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਬਲੌਂਗੀ ਬੈਰੀਅਰ ਨੇੜਿਓਂ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 26 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਥਾਣਾ ਬਲੌਂਗੀ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਸ਼ਮੀਰ ਸਿੰਘ ਵਾਸੀ ਪਿੰਡ ਸਾਲਾਪੁਰ, ਜ਼ਿਲ੍ਹਾ ਰੂਪਨਗਰ ਅਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਬਲੌਂਗੀ ਬੈਰੀਅਰ ਨੇੜੇ ਇੱਕ ਕਾਰ ਦੀ ਤਲਾਸ਼ੀ ਦੌਰਾਨ ਕਾਰ ’ਚੋਂ ਰਾਇਲ ਸਟੈਗ, ਨੈਨਾ ਅਤੇ ਦੇਸੀ ਸ਼ਰਾਬ ਦੀਆਂ 26 ਪੇਟੀਆਂ ਬਰਾਮਦ ਕੀਤੀਆਂ ਗਈਆਂ। ਕਾਰ ਸਵਾਰ ਸੈਕਟਰ-21 ਦੇ ਠੇਕੇ ਤੋਂ ਸ਼ਰਾਬ ਲਿਆ ਰਹੇ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ