ਮੌਤਾਂ ਦਾ ਕਾਰਨ ਬਣੇਗੀ ਪੰਜਾਬ ਸਰਕਾਰ ਵੱਲੋਂ ਸਸਤੀ ਕੀਤੀ ਸ਼ਰਾਬ: ਬੀਬੀ ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਭਾਜਪਾ ਆਗੂ ਦੇ ਬੁਲਾਰਾ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਸਸਤੀ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਸਤੀ ਸ਼ਰਾਬ ਪੰਜਾਬ ਅੰਦਰ ਹਰ ਰੋਜ਼ ਮੌਤਾਂ ਹੋਣ ਦਾ ਕਾਰਨ ਬਣੇਗੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ, ਪਰ ਹੁਣ ਉਹ 9647 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਲਈ ਪੰਜਾਬ ਨੂੰ ਨਸ਼ੇ ਵੱਲ ਧੱਕ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਸ਼ਰਾਬ ਸਸਤੀ ਹੋਣ ਨਾਲ ਮਾਲੀਏ ਵਿੱਚ 40 ਫੀਸਦੀ ਵਾਧਾ ਹੋਵੇਗਾ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਸ਼ਰਾਬ ਦੀ ਵਿਕਰੀ ਵਿੱਚ 2-3 ਗੁਣਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ 180 ਮਿਲੀਲੀਟਰ ਦੇ ਪੈਕੇਟ ਵਿੱਚ ਵੀ ਸ਼ਰਾਬ ਵੇਚੇਗੀ ਤਾਂ ਵਿਦਿਆਰਥੀ ਵੀ ਇਸ ਦੀ ਭੇਂਟ ਚੜ੍ਹਨਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਰਾਬ ਦੇ ਜਾਨਲੇਵਾ ਰੂਪ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
ਸ਼ਰਾਬ ਨਾਲ ਹੁੰਦੀਆਂ ਮੌਤਾਂ ਦੇ ਅੰਕੜੇ ਪੇਸ਼ ਕਰਦਿਆਂ ਉਹਨਾਂ ਦੱਸਿਆ ਕਿ ਇਕ ਰਿਪੋਰਟ ਅਨੁਸਾਰ ਭਾਰਤ ਅੰਦਰ ਹਰ ਸਾਲ 2,60,000 ਲੋਕ ਸ਼ਰਾਬ ਦੇ ਕਾਰਨ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਵੱਲੋਂ 2013 ਵਿੱਚ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਭਾਰਤ ਅੰਦਰ ਹਰ ਰੋਜ਼ 15 ਵਿਅਕਤੀ ਸ਼ਰਾਬ ਕਾਰਨ ਮਰ ਰਹੇ ਹਨ ਅਤੇ ਹਰ 96 ਮਿੰਟ ਬਾਅਦ ਇੱਕ ਮੌਤ ਸ਼ਰਾਬ ਕਾਰਨ ਹੋ ਰਹੀ ਹੈ। ਉਹਨਾਂ ਕਿਹਾ ਕਿ ਸਾਲ 2016 ਵਿੱਚ 92,878 ਲੋਕਾਂ ਦੀ ਮੌਤ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਹੋਈ।
ਉਹਨਾਂ ਕਿਹਾ ਕਿ ਅਫੀਮ, ਭੁੱਕੀ ਅਤੇ ਚਿੱਟੇ ਵਰਗੇ ਨਸ਼ੇ ਕਰਨ ਵਾਲੇ ਸ਼ਰਾਬ ਤੋਂ ਹੀ ਸ਼ੁਰੂ ਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਦੇ ਵੀ ਕੋਈ ਸਿੱਧਾ ਚਿੱਟੇ ਦੀ ਭੇਟ ਨਹੀਂ ਚੜ੍ਹਦਾ। ਜੋ ਅੱਜ ਸ਼ਰਾਬ ਪੀਵੇਗਾ ਕੱਲ੍ਹ ਨੂੰ ਉਹ ਚਿੱਟਾ ਵੀ ਲਗਾਏਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸ਼ਰਾਬ ਦੀ 2-3 ਗੁਣਾ ਵਿਕਰੀ ਵਧਾਉਣ ਦੇ ਚੱਕਰ ਵਿੱਚ ਪਈ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਨਸ਼ੇ ਕਾਰਨ ਹਰ ਰੋਜ਼ 2-3 ਮੌਤਾਂ ਹੋਣਗੀਆਂ। ਇਸ ਲਈ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਤੇ ਆਪਣਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ।

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…