Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਅਲਰਟ, ਬਰਡ ਫਲੂ ਨਾਲ ਨਜਿੱਠਣ ਲਈ ਸਰਕਾਰ ਪੂਰੀ ਤਰਾਂ ਤਿਆਰ ਮੁੱਖ ਸਕੱਤਰ ਵਲੋਂ ਸ਼ੱਕੀ ਮਾਮਲਿਆਂ ਦੀ ਟੈਸਟਿੰਗ, ਸੈਂਪਿਗ, ਨਿਗਰਾਨੀ ਵਿੱਚ ਤੇਜ਼ੀ ਲਿਆਉਣ ਦੇ ਹੁਕਮ; ਹਾਲੇ ਤੱਕ ਕੋਈ ਵੀ ਮਾਮਲਾ ਨਹੀਂ ਆਇਆ ਸਾਹਮਣੇ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 7 ਜਨਵਰੀ: ਭਾਵੇਂ ਪੰਜਾਬ ਵਿਚ ਹਾਲੇ ਤੱਕ ਅਵੇਨ ਇੰਫਲੂਐਂਜਾ ਫਲੂ, ਜਾਂ ਬਰਡ ਫਲੂ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਪੰਜਾਬ ਸਰਕਾਰ ਸੂਬੇ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਗੁਆਂਢੀ ਰਾਜਾਂ ਵਿਚ ਫੈਲਣ ਦੇ ਸੰਭਾਵਿਤ ਪ੍ਰਭਾਵ ਤੋਂ ਸੁਰੱਖਿਅਤ ਰੱਖਣ ਲਈ ਪੂਰੀ ਤਰਾ ਤਿਆਰ ਹੈ। ਕੇਂਦਰ ਨੇ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਸਣੇ ਘੱਟੋ ਘੱਟ ਚਾਰ ਰਾਜਾਂ ਵਿੱਚ 12 ਥਾਵਾਂ ਵਿੱਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ । ਇਸ ਤੋਂ ਇਲਾਵਾ ਪੰਚਕੁਲਾ ਜ਼ਿਲੇ ਵਿੱਚ 4 ਲੱਖ ਮੁਰਗਿਆਂ ਦੀ ਮੌਤ ਦੀ ਖਬਰ ਹੈ। ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਤੱਕ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਅਜਿਹੇ ਕੇਸ ਜਾਂ ਪੰਛੀਆਂ ਦੀ ਮੌਤ ਦੀ ਖਬਰ ਨਹੀਂ ਹੈ। ਉਹਨਾਂ ਨੇ ਬਰਡ ਫਲੂ ਦੇ ਸ਼ੱਕੀ ਮਾਮਲਿਆਂ ਦੇ ਨਮੂਨੇ ਲੈਣ, ਜਾਂਚ ਕਰਨ ਅਤੇ ਨਿਗਰਾਨੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਰਾਜ ਵਿੱਚ ਸਥਿਤੀ ਨਾਲ ਨਜਿੱਠਣ ਲਈ ਲੋੜੀਂਦਾ ਸਾਜੋ-ਸਮਾਨ ਅਤੇ ਫੰਡ ਉਪਲਬਧ ਹਨ। ਸ੍ਰੀਮਤੀ ਮਹਾਜਨ ਵੀਰਵਾਰ ਨੂੰ ਇਥੇ ਦੂਜੇ ਰਾਜਾਂ, ਵਿਸ਼ੇਸ਼ ਕਰਕੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਵਿੱਚ ਫਲੂ ਦੇ ਫੈਲਣ ਤੋਂ ਬਚਾਅ ਲਈ ਰਾਜ ਦੀ ਸਥਿਤੀ ਅਤੇ ਤਿਆਰੀ ਦਾ ਜਾਇਜ਼ਾ ਲੈ ਰਹੇ ਸਨ।। ਅਜਿਹੇ ਮਾਮਲਿਆਂ ਦੀ ਰੋਕਥਾਮ ਅਤੇ ਇਲਾਜ ਵਿਚ ਸ਼ਾਮਲ 10 ਸਬੰਧਤ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਰਾਜ ਵਿਚ ਪੰਛੀਆਂ ਦੀ ਇਸ ਤਰਾਂ ਹੋਣ ਵਾਲੀ ਮੌਤ ਦਾ ਪਤਾ ਲਗਾਉਣ ਲਈ ਤਿਆਰ ਬਰ ਤਿਆਰ ਰਹਿਣ ਅਤੇ ਪੂਰੀ ਚੌਕਸੀ ਬਣਾਈ ਰੱਖਣ ਲਈ ਕਿਹਾ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਰਾਜ ਵਿੱਚ ਦੇਸ਼ ਵਿੱਚ ਏਵੀਅਨ ਇਨਫਲੂਐਂਜਾ ਦੇ ਫੈਲਣ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਰਾਜ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਸਾਰੇ ਸਬੰਧਤ ਵਿਭਾਗ ਦੇ ਮੁਖੀਆਂ ਨੂੰ ਸਖਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਰਾਜ ਵਿੱਚ ਬਰਡ ਫਲੂ ਦੇ ਫੈਲਣ ਨੂੰ ਰੋਕਣ ਲਈ ਸਾਰੇ ਸਾਵਧਾਨੀ ਉਪਾਵਾਂ ਨੂੰ ਅਮਲ ਵਿੱਚ ਲਿਆਉਣ । ਸ੍ਰੀਮਤੀ ਮਹਾਜਨ ਨੇ ਪਸ਼ੂ ਪਾਲਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਜਲੰਧਰ ਵਿੱਚ ਐਨਆਰਡੀਡੀਐਲ ਤੋਂ ਕੋਵਿਡ ਟੈਸਟਿੰਗ ਵਾਪਸ ਲੈਣ ਅਤੇ ਪੰਛੀਆਂ ਦੇ ਨਮੂਨਿਆਂ ਦੀ ਜਾਂਚ ਲਈ ਉਥੇ ਉਪਲੱਬਧ ਸਹੂਲਤਾਂ ਦੀ ਪੂਰੀ ਵਰਤੋਂ ਕਰਨ। ਮੁੱਖ ਸਕੱਤਰ ਨੇ ਆਦੇਸ਼ ਦਿੱਤੇ ਕਿ ਬਰਡ ਫਲੂ ਦੇ ਸ਼ੱਕੀ ਟੈਸਟਾਂ ਦੇ ਨਤੀਜੇ ਬਿਨਾਂ ਕਿਸੇ ਦੇਰੀ ਦੇ ਉਪਲੱਬਧ ਕਰਵਾਏ ਜਾਣੇ ਚਾਹੀਦੇ ਹਨ। ਮੀਟਿੰਗ ਦੌਰਾਨ ਉਹਨਾਂ ਸਾਰੇ ਸਬੰਧਤ ਵਿਭਾਗਾਂ ਨੂੰ ਰਾਜ ਵਿੱਚ ਸੰਕਟ ਪੈਦਾ ਹੋਣ ਵਾਲੀ ਸਥਿਤੀ, ਜੇ ਕੋਈ ਹੈ, ਨਾਲ ਨਜਿੱਠਣ ਲਈ ਤਾਲਮੇਲ ਬਣਾ ਕੇ ਕੰਮ ਕਰਨ ਲਈ ਕਿਹਾ। ਉਹਨਾਂ ਹਦਾਇਤ ਕੀਤੀ ਕਿ ਪੁਲਿਸ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗਾਂ ਨੂੰ ਆਪਣੇ ਅਧਿਕਾਰ ਖੇਤਰਾਂ ਵਿੱਚ ਤਿੱਖੀ ਨਜਰ ਰੱਖਣੀ ਚਾਹੀਦੀ ਹੈੈ। ਜੇ ਪੋਲਟਰੀ ਜਾਂ ਹੋਰ ਪੰਛੀਆਂ ਦੀ ਵੱਡੇ ਪੱਧਰ ‘ ਤੇ ਮੌਤ ਪਾਈ ਜਾਂਦੀ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਸਬੰਧਤ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਦੇਣੀ ਚਾਹੀਦੀ ਹੈ। ਉਹਨਾਂ ਵਿਭਾਗ ਦੇ ਮੁਖੀਆਂ ਨੂੰ ਅਫਵਾਹਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਸਲਾਹ ਦਿੱਤੀ। ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵੀ.ਕੇ. ਜੰਜੂਆ ਨੇ ਮੀਟਿੰਗ ਦੌਰਾਨ ਮੁੱਖ ਸਕੱਤਰ ਨੂੰ ਦੱਸਿਆ ਕਿ ਐਨ.ਆਰ.ਡੀ.ਡੀ.ਐਲ. ਜਲੰਧਰ ਵਿੱਚ ਇੱਕ ਦਿਨ ਵਿੱਚ 1200 ਨਮੂਨਿਆਂ ਦੀ ਜਾਂਚ ਕਰਨ ਦੀ ਸਮਰੱਥਾ ਹੈ। ਉਨਾਂ ਕਿਹਾ ਕਿ ਐਨ.ਆਰ.ਡੀ.ਡੀ.ਐਲ. ਲੈਬ ਜਲੰਧਰ ਉੱਤਰੀ ਭਾਰਤ ਦੇ 5 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੈਂਪਲਾਂ ਦੀ ਜਾਂਚ ਕਰਨ ਲਈ ਵਚਨਬੱਧ ਹੈ। ਉਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਲੈਬ ਨੂੰ ਪੰਜਾਬ ਦੇ ਤਰਨ ਤਾਰਨ ਤੋਂ ਬੱਤਖਾਂ ਦੇ 4 ਸੈਂਪਲ ਪ੍ਰਾਪਤ ਹੋਏ ਹਨ। ਇਸ ਤੋਂ ਪਹਿਲਾਂ ਹਰਿਆਣਾ ਨੇ 4 ਨਮੂਨੇ ਭੇਜੇ ਸਨ ਪਰ ਕੋਈ ਸਹੀ ਨਤੀਜਾ ਪ੍ਰਾਪਤ ਨਾ ਹੋਣ ਕਰਕੇ ਸਾਡੀ ਟੀਮਾਂ ਨੇ ਹਰਿਆਣਾ ਤੋਂ 57 ਹੋਰ ਨਮੂਨੇ ਇਕੱਤਰ ਕੀਤੇ ਅਤੇ ਯੂ.ਟੀ. ਵਲੋਂ ਸੁਖਨਾ ਝੀਲ ਤੋਂ 2 ਨਮੂਨੇ ਭੇਜੇ ਗਏ। ਇਹ ਸਾਰੇ ਨਤੀਜੇ ਕੱਲ ਸ਼ਾਮ ਤੱਕ ਉਪਲਬਧ ਕਰਵਾਏ ਜਾਣਗੇ। ਉਨਾਂ ਅੱਗੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਭੇਜੇ ਗਏ ਪੰਛੀਆਂ ਦੇ ਸਿਰਫ 2 ਨਮੂਨੇ ਹੀ ਪਾਜ਼ੇਟਿਵ ਪਾਏ ਗਏ ਹਨ। ਸਿਹਤ ਅਤੇ ਪਰਿਵਾਰ ਭਲਾਈ, ਪੇਂਡੂ ਵਿਕਾਸ, ਜਲ ਸਪਲਾਈ ਅਤੇ ਸੈਨੀਟੇਸ਼ਨ, ਮਾਲ ਅਤੇ ਮੁੜ ਵਸੇਬਾ, ਜੰਗਲਾਤ ਅਤੇ ਜੰਗਲੀ ਜੀਵਨ, ਪੁਲਿਸ ਵਿਭਾਗ ਦੇ ਦੇ ਸੀਨੀਅਰ ਅਧਿਕਾਰੀ, ਡਾਇਰੈਕਟਰ ਸੀ.ਪੀ.ਡੀ.ਓ., ਚੰਡੀਗੜ ਅਤੇ ਗੁਰੂ ਅੰਗ ਦੇਵ ਦੇਵ ਵੈਟੀਨਰੀ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੀਟਿੰਗ ਵਿੱਚ ਸ਼ਾਮਲ ਹੋਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ