
ਸਾਰੇ ਅਕਾਲੀ ਵਿਧਾਇਕ ਸਦਨ ’ਚੋਂ ਮੁਅੱਤਲ, ਸਪੀਕਰ ਰਾਣਾ ’ਤੇ ਵਰ੍ਹੇ ਮਜੀਠੀਆ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਮਾਰਚ:
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਪੀਕਰ ਕੇਪੀ ਰਾਣਾ ਨੇ ਅੱਜ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਸਦਨ ’ਚੋਂ ਮੁਅੱਤਲ ਕਰ ਦਿੱਤਾ। ਜਿਸ ਕਾਰਨ ਸਾਰੇ ਅਕਾਲੀ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਹਾਊਸ ’ਚੋਂ ਆ ਗਏ। ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਝੂਠ ਸੁਣਨ ਨਹੀਂ ਆਏ ਹਨ। ਹੋਇਆ ਇੰਜ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਊਸ ਵਿੱਚ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਪਿਛਲੇ ਚਾਰ ਸਾਲ ਦੀਆਂ ਪ੍ਰਾਪਤੀਆਂ ਗਿਣਵਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਹੀ ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ’ਤੇ ਨਿਸ਼ਾਨਾ ਸਾਧਿਆ ਗਿਆ। ਜਿਸ ਦਾ ਬੂਰਾ ਮਨਾਉਂਦਿਆਂ ਅਕਾਲੀ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਝੂਠ ਸੁਣਨ ਨਹੀਂ ਆਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਹਾਊਸ ਵਿੱਚ ਨਿਰ੍ਹਾ ਝੂਠ ਬੋਲ ਰਹੇ ਹਨ ਅਤੇ ਸਿਆਸੀ ਵਿਰੋਧੀਆਂ ਖ਼ਿਲਾਫ਼ ਖੁੰਦਕਾਂ ਕੱਢ ਰਹੇ ਹਨ। ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਕੇਪੀ ਰਾਣਾ ’ਤੇ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਪੀਕਰ ਪੂਰੇ ਹਾਊਸ ਦਾ ਸਾਂਝਾ ਹੁੰਦਾ ਹੈ ਪ੍ਰੰਤੂ ਰਾਣਾ ਸਿਰਫ਼ ਸਰਕਾਰੀ ਅਤੇ ਕਾਂਗਰਸ ਦੇ ਨੁਮਾਇੰਦੇ ਵਜੋਂ ਬੋਲ ਰਹੇ ਸੀ ਅਤੇ ਇਕ ਇਕ ਗੱਲ ਮੁੱਖ ਮੰਤਰੀ ਨੂੰ ਪੁੱਛ ਕੇ ਕਰ ਰਹੇ ਸੀ। ਇਹੀ ਨਹੀਂ ਅਕਾਲੀ ਦਲ ਦੇ ਵਿਧਾਇਕਾਂ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਸਪੀਕਰ ਨੇ ਇਸ਼ਾਰਾ ਮਾਤਰ ਮੁੱਖ ਮੰਤਰੀ ਤੋਂ ਇਜਾਜ਼ਤ ਲਈ ਗਈ ਅਤੇ ਮੁੱਖ ਮੰਤਰੀ ਦਾ ਇਸ਼ਾਰਾ ਮਿਲਦੇ ਹੀ ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਤਾਨਾਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੀ ਗੱਲ ਕਹਿਣ ਤੋਂ ਰੋਕਣਾ ਹਾਊਸ ਦੀ ਮਰਿਆਦਾ ਦੇ ਉਲਟ ਹੈ ਅਤੇ ਅਜਿਹਾ ਕਰਕੇ ਸਪੀਕਰ ਨੇ ਲੋਕਤੰਤਰ ਦਾ ਘਾਣ ਕਰਨ ਵਾਲੀ ਗੱਲ ਕੀਤੀ ਹੈ। ਇਸ ਮੁੱਦੇ ’ਤੇ ਸਾਰੇ ਅਕਾਲੀ ਵਿਧਾਇਕ ਪੂਰੀ ਤਰ੍ਹਾਂ ਇੱਕਜੁੱਟ ਦਿਖਾਈ ਦਿੱਤੇ।