
13 ਸਤੰਬਰ ਨੂੰ ਮਨਾਈ ਜਾਵੇਗੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 74ਵੀਂ ਵਰੇਗੰਢ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਥੇਬੰਦੀ ਦੀ 74ਵੀਂ ਵਰੇਗੰਢ ਮੋਗਾ ਅਤੇ ਟਾਟਾ ਨਗਰ ਜਮਸ਼ੇਦਪੁਰ (ਝਾਰਖੰਡ) ਵਿੱਚ ਮਨਾਈ ਜਾਵੇਗੀ। ਇਸ ਸਬੰਧੀ 13 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਅਤੇ ਕਰਨੈਲ ਸਿੰਘ ਪੀਰ ਮੁਹਮੰਦ ਟਾਟਾਨਗਰ ਜਮਸ਼ੇਦਪੁਰ ਪਹੁੰਚਣਗੇ। ਇਸ ਮੌਕੇ ਪੰਜਾਬ ਤੋ ਬਾਹਰ ਵੱਸਦੇ ਸਿੱਖਾਂ ਦੀਆ ਮੁਸਕਲਾਂ ਅਤੇ ਉਨ੍ਹਾਂ ਦੇ ਹੱਲ ਲਈ ਪੰਜਾਬ ਵੱਸਦੇ ਸਿੱਖ ਅਤੇ ਵਿਦੇਸ਼ ਵੱਸਦੇ ਸਿੱਖ ਕੀ ਮਹਿਸੂਸ ਕਰਦੇ ਹਨ ਇਸ ਬਾਰੇ ਅਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਇਨਸਾਫ਼ ਲਈ ਲੜੇ ਜਾ ਰਹੇ ਸੰਘਰਸ਼ ਬਾਰੇ ਸੈਮੀਨਾਰ ਕੀਤਾ ਜਾਵੇਗਾ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਮੀਤ ਪ੍ਰਧਾਨ ਗੁਰਮੁੱਖ ਸਿੰਘ ਸੰਧੂ, ਮੀਤ ਪ੍ਰਧਾਨ ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਪਰਮਿੰਦਰ ਸਿੰਘ ਢੀਂਗਰਾ, ਜਗਰੂਪ ਸਿੰਘ ਚੀਮਾ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਸੰਧੂ ਨੇ ਕਿਹਾ ਕਿ ਮੌਜੂਦਾ ਸਮੇ ਵਿੱਚ ਸਿੱਖ ਲੀਡਰਸ਼ਿਪ ਵਿੱਚ ਆਈ ਗਿਰਾਵਟ ਬਾਰੇ ਵੀ ਵਿਚਾਰ ਕੀਤੀ ਜਾਵੇਗੀ ਅਤੇ ਸਿੱਖ ਕੌਮ ਦੀ ਨਸਲਕੁਸ਼ੀ ਵਿਰੁੱਧ ਕਾਰਵਾਈ ਕਰਨ ਲਈ ਇਕਜੁੱਟ ਹੋਣ ਲਈ ਚੱਲ ਰਹੇ ਸੰਘਰਸ਼ ਬਾਰੇ ਲੇਖਾ ਜੋਖਾ ਕੀਤਾ ਜਾਵੇਗਾ। ਜਿਸ ਵਿੱਚ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਕਈ ਗਵਾਹ ਪਹੁੰਚਣਗੇ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਈਸਟ ਇੰਡੀਆ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਦੱਸਿਆ ਕਿ ਫੈਡਰੇਸ਼ਨ ਇਨਸਾਫ਼ ਪ੍ਰਾਪਤੀ ਲਈ ਯਤਨਸ਼ੀਲ ਹੈ ਤੇ ਹੁਣ ਇਹ ਲੜਾਈ ਵਿਸ਼ਵ ਪੱਧਰ ਤੇ ਸੰਯੁਕਤ ਰਾਸ਼ਟਰ ਤੱਕ ਪਹੁੰਚ ਚੁੱਕੀ ਹੈ ਉਨ੍ਹਾਂ ਕਿਹਾ ਕਿ ਆਉਦੇ ਦਿਨਾ ਵਿੱਚ ਵਿਦੇਸ਼ਾ ਤੋਂ ਸਿੱਖ ਨਸਲਕੁਸ਼ੀ ਖ਼ਿਲਾਫ਼ ਭਾਰਤ ਉਪਰ ਪੈ ਰਹੇ ਦਬਾਅ ਦੇ ਚੱਲਦਿਆਂ ਪ੍ਰਮੁੱਖ ਦੋਸ਼ੀ ਸੱਜਣ ਕੁਮਾਰ ਜੇਲ ਵਿੱਚ ਬੰਦ ਹੋਣ ਦੀ ਪੂਰੀ ਸੰਭਾਵਨਾ ਬਣ ਚੁੱਕੀ ਹੈ ਇਸੇ ਦੌਰਾਨ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਕੌਰ ਨੇ ਕਿਹਾ ਹੈ ਕਿ 34 ਸਾਲਾ ਬਾਅਦ ਸਿੱਖ ਕੌਮ ਨੂੰ ਇਨਸਾਫ਼ ਦੇਣ ਬਾਰੇ ਜੇ ਭਾਰਤ ਸਰਕਾਰ ਥੋੜਾ ਬਹੁਤ ਸੋਚਦੀ ਹੈ ਤਾਂ ਨਵੰਬਰ 1984 ਸਿੱਖ ਨਸਲਕੁਸ਼ੀ ਕੇਸਾਂ ਦੀ ਰੋਜ਼ਾਨਾ ਸੁਣਵਾਈ ਕੀਤੀ ਜਾਵੇ।
ਦਿੱਲੀ ਹਾਈ ਕੋਰਟ ਦੀ ਕਾਰਜ਼ਕਾਰੀ ਮੁੱਖ ਜੱਜ ਗੀਤਾ ਮਿੱਤਲ ਦੀ ਨਿਯੁਕਤੀ ਜੰਮੂ-ਕਸ਼ਮੀਰ ਹਾਈ ਕੋਰਟ ਵਿੱਚ ਚੀਫ਼ ਜੱਜ ਦੇ ਰੂਪ ਵਿੱਚ ਕਰਨ ਦੀ ਸੁਪਰੀਮ ਕੋਰਟ ਦੇ ਕਾਲਜੇਅਮ ਵੱਲੋਂ ਦਿੱਤੇ ਗਏ ਪ੍ਰਸਤਾਵ ਨੂੰ ਸਰਕਾਰ ਵੱਲੋਂ ਮਨਜੂਰ ਕਰਨ ਦੇ ਬਾਅਦ ਬੀਬੀ ਜਗਦੀਸ਼ ਕੌਰ ਦੀ ਉਕਤ ਮੰਗ ਸਾਹਮਣੇ ਆਈ ਹੈ। ਦਰਅਸਲ ਜਸਟਿਸ ਗੀਤਾ ਮਿੱਤਲ ਨੇ ਬੀਤੇ ਦਿਨੀਂ 1984 ਸਿੱਖ ਕਤਲੇਆਮ ਦੇ ਪੁਰਾਣੇ ਮਾਮਲਿਆਂ ਨੂੰ ਮੁੜ ਖੋਲ੍ਹਣ ਦੇ ਨਾਲ ਨਿਆਇਕ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ।
ਮਾਤਾ ਜਗਦੀਸ਼ ਕੌਰ ਮੁੱਖ ਗਵਾਹ ਨਵੰਬਰ 1984 ਨੇ ਦੱਸਿਆ ਕਿ ਲਗਭਗ 34 ਸਾਲ ਬਾਅਦ ਵੀ ਨਿਆਂ ਮਿਲਣ ਦੀ ਉਮੀਂਦ ਬੇਈਮਾਨੀ ਲੱਗਦੀ ਹੈ। ਇਸ ਲਈ ਉਹਨਾਂ ਨੇ ਛੇਤੀ ਸੁਣਵਾਈ ਜੋ ਕਿ ਰੋਜ਼ਾਨਾ ਆਧਾਰ ਤੇ ਹੋਵੇ ਕਰਨ ਦੀ ਅਦਾਲਤ ਤੋਂ ਗੁਹਾਰ ਲਗਾਈ ਹੈ। ਬਿਨਾਂ ਰੋਜ਼ਾਨਾ ਸੁਣਵਾਈ ਦੇ ਇਨਸਾਫ਼ ਮਿਲਣਾ ਮੁਸ਼ਕਿਲ ਹੈ ਕਿਉਂਕਿ ਗਵਾਹਾਂ ਅਤੇ ਸਬੂਤਾਂ ਨੂੰ ਸੰਭਾਲ ਕੇ ਰੱਖਣਾ ਮੁਸ਼ਕਿਲ ਕੰਮ ਹੈ। ਮਾਤਾ ਜਗਦੀਸ਼ ਕੌਰ ਨੇ ਆਪਣੀ ਮੰਗ ਦੇ ਹਾਈ ਕੋਰਟ ਵੱਲੋਂ ਮੰਨਣ ਦੀ ਆਸ ਜਿਤਾਈ ਹੈ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ 1984 ਤੋ ਲੈਕੇ ਹੁਣ ਤੱਕ ਕੇਦਰ ਵਿੱਚ ਬਣੀਆ ਸਰਕਾਰਾ ਨੂੰ ਨਿਸ਼ਾਨੇ ਤੇ ਲਿਆਂਦਾ ਤੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਸਿੱਖ ਕੌਮ ਨੂੰ ਇਨਸਾਫ਼ ਨਹੀਂ। ਉਨ੍ਹਾਂ ਕਿਹਾ ਕਿ ਬਰਗਾੜੀ ਕੋਟਕਪੂਰਾ ਗੋਲੀ ਕਾਡ ਵਿਰੁੱਧ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਬਿਨਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇ। ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੰਜਾਬ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਖ਼ਿਲਾਫ਼ ਅਵਾਜ ਬੁਲੰਦ ਕਰਨ ਲਈ 13 ਸਤੰਬਰ ਦਿਨ ਵੀਰਵਾਰ ਨੂੰ ਮੋਗਾ ਵਿਖੇ ਆਪਣੀ 74ਵੀਂ ਵਰੇਗੰਢ ਮੌਕੇ ਭਵਿੱਖ ਦੀ ਰੂਪ ਰੇਖਾ ਤਿਆਰ ਕਰਨ ਲਈ ਇਕੱਤਰਤਾ ਕਰੇਗੀ ਇਸ ਮੌਕੇ ਪੰਜਾਬ ਦੇ ਮੌਜੂਦਾ ਹਾਲਤਾਂ ’ਤੇ ਵਿਚਾਰ ਚਰਚਾ ਕਰਕੇ ਸਿੱਖ ਕੌਮ ਲਈ ਇਨਸਾਫ਼ ਪ੍ਰਾਪਤ ਕਰਨ ਲਈ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।