ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2023 ਦੀਆਂ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ

ਪੰਜਾਬ ਨਿਵੇਸ਼ਕ ਸੰਮੇਲਨ: ਜ਼ਿਲ੍ਹਾ ਮੈਜਿਸਟਰੇਟ ਵੱਲੋਂ 23 ਤੇ 24 ਫਰਵਰੀ ਨੂੰ ‘ਨੋ ਫਲਾਇੰਗ ਜ਼ੋਨ’ ਘੋਸ਼ਿਤ

ਪੰਜਾਬ ਵਿੱਚ ਬਣਾਈਆਂ ਜਾਂਦੀਆਂ ਵਸਤਾਂ ਦੀ ਵੀ ਕੀਤੀ ਜਾਵੇਗੀ ਵਿਸ਼ੇਸ਼ ਪੇਸ਼ਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਉਦਯੋਗ ਨੂੰ ਹੋਰ ਹੋਰ ਹੁਲਾਰਾ ਦੇਣ ਲਈ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2023 ਦੀਆਂ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਦੋ ਰੋਜ਼ਾ ਨਿਵੇਸ਼ਕ ਸੰਮੇਲਨ ਭਲਕੇ 23 ਤੇ 24 ਫਰਵਰੀ ਨੂੰ ਮੁਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿੱਚ ਕਰਵਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਸਨਅਤੀ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਏ ਜਾਣ ਦੀ ਉਮੀਦ ਹੈ। ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਸਫਲਤਾ ਨਾਲ ਮੁਹਾਲੀ ਸਮੇਤ ਪੰਜਾਬ ਵਿੱਚ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ।
ਜਾਣਕਾਰੀ ਅਨੁਸਾਰ ਇਸ ਸੰਮੇਲਨ ਵਿੱਚ ਉੱਘੇ ਉਦਯੋਗਪਤੀ, ਨਵੇਂ ਯੁੱਗ ਦੇ ਉੱਦਮੀ, ਵਿਦੇਸ਼ੀ ਮਿਸ਼ਨ ਅਤੇ ਪਤਵੰਤੇ ਪਹੁੰਚਣਗੇ। ਇਹ ਸੰਮੇਲਨ ਪੰਜਾਬ ਦੀ ਸਫਲਤਾ ਦੀ ਕਹਾਣੀ ਨੂੰ ਪੇਸ਼ ਕਰਨ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦਾ ਮੰਚ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਯੋਗ ਅਗਵਾਈ ਸਦਕਾ ਸਰਕਾਰ ਵੱਲੋਂ ਪੰਜਾਬ ਵਿੱਚ ਨਿਵੇਸ਼ ਪੱਖੀ ਮਾਹੌਲ ਸਿਰਜਿਆ ਗਿਆ ਹੈ, ਜਿਸ ਦੇ ਨਤੀਜੇ ਵਜੋਂ ਸੂਬੇ ਵਿੱਚ ਸਿਰਫ਼ 10 ਮਹੀਨਿਆਂ ਵਿੱਚ 40 ਹਜ਼ਾਰ ਕਰੋੜ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਪੰਜਾਬ ਵਿੱਚ ਉਦਯੋਗ ਦੇ ਵਿਕਾਸ ਅਤੇ ਵਪਾਰ ਨੂੰ ਸੁਖਾਲਾ ਬਣਾਉਣ ਲਈ ਹੋਏ ਵੱਡੇ ਸੁਧਾਰਾਂ ਸਦਕਾ ਇਹ ਨਿਵੇਸ਼ ਸੰਭਵ ਹੋਇਆ ਹੈ। ਇਹ ਸੰਮੇਲਨ ਐਮਐਸਐਮਈ ਉੱਪਰ ਮੁੱਖ ਧਿਆਨ ਕੇਂਦਰਿਤ ਕਰਨ ਤੋਂ ਇਲਾਵਾ ਐਗਰੋ ਤੇ ਫੂਡ ਪ੍ਰਾਸੈਸਿੰਗ, ਹੈਲਥਕੇਅਰ, ਨਿਰਮਾਣ ਤੇ ਲਾਈਟ ਇੰਜੀਨੀਅਰਿੰਗ, ਪਲਾਸਿਟ ਤੇ ਪੈਟਰੋਕੈਮੀਕਲ, ਆਟੋ ਤੇ ਆਟੋ ਕੰਪੋਨੈਂਟ, ਹੁਨਰ ਸਿਖਲਾਈ, ਨਵੀਂ ਤੇ ਨਵਿਆਉਣਯੋਗ ਊਰਜਾ, ਨਿਊ ਮੋਬੇਲਟੀ, ਇੰਡਸਟਰੀ, ਟੈਕਸਟਾਈਲ, ਸੈਰ ਸਪਾਟਾ, ਸੂਚਨਾ ਟੈਕਨਾਲੋਜੀ ਅਤੇ ਸਟਾਰਟਅੱਪ ਨੂੰ ਵੀ ਉਤਸ਼ਾਹਿਤ ਕਰੇਗਾ ਕਿਉਂਕਿ ਇਨ੍ਹਾਂ ਖੇਤਰਾਂ ਦੀ ਵੀ ਪੰਜਾਬ ਵਿੱਚ ਅਥਾਹ ਸਮਰੱਥਾ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਸੰਮੇਲਨ ਦੌਰਾਨ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ। ਜਿਨ੍ਹਾਂ ਵਿੱਚ ਉਦਯੋਗ ਨਾਲ ਸਬੰਧਤ ਪ੍ਰਮੁੱਖ ਹਸਤੀਆਂ ਆਪਣੇ ਵਿਚਾਰ ਪੇਸ਼ ਕਰਨਗੀਆਂ। ਇਸ ਦੌਰਾਨ ਉਦਯੋਗਾਂ ਦੀਆਂ ਲੋੜਾਂ ਅਤੇ ਮੰਗਾਂ ਬਾਰੇ ਖੁੱਲ੍ਹ ਕੇ ਵਿਚਾਰ ਹੋਵੇਗਾ। ਇਸ ਸੰਮੇਲਨ ਵਿੱਚ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਵਿੱਚ ਪੰਜਾਬ ਵਿੱਚ ਬਣਾਈਆਂ ਜਾਂਦੀਆਂ ਵਸਤਾਂ ਦੀ ਵਿਸ਼ੇਸ਼ ਪੇਸ਼ਕਾਰੀ ਕੀਤੀ ਜਾਵੇਗੀ। ਜਿਸ ਰਾਹੀਂ ਸੂਬੇ ਵਿੱਚ ਬਣ ਰਹੀਆਂ ਵਿਸ਼ਵ ਪੱਧਰੀ ਵਸਤਾਂ ਬਾਰੇ ਜਾਣਕਾਰੀ ਮਿਲੇਗੀ।
ਮੁਹਾਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ, 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਸਰਕਾਰ ਵੱਲੋਂ ਭਲਕੇ 23 ਅਤੇ 24 ਫਰਵਰੀ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਸੈਕਟਰ-81 ਵਿੱਚ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2023 ਦੇ ਮੱਦੇਨਜ਼ਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇੱਥੇ ਆਲੇ ਦੁਆਲੇ ਦੇ ਏਰੀਆ ਨੂੰ ‘ਨੋ ਡਰੋਨ ਅਤੇ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੇ ਫਲਾਇੰਗ ਆਬਜੈਕਟ ਨੂੰ ਉਡਾਉਣ ਉੱਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਇਹ ਹੁਕਮ 23 ਤੇ 24 ਫਰਵਰੀ ਨੂੰ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਇੰਡੀਅਨ ਸਕੂਲ ਆਫ਼ ਬਿਜ਼ਨਸ ਦਾ ਦੌਰਾ ਕਰਕੇ ਪੰਜਾਬ ਨਿਵੇਸ਼ਕ ਸੰਮੇਲਨ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੀਜੀਪੀ ਨੇ ਆਈਐਸਬੀ ਦੇ ਮੁੱਖ ਹਾਲ ਸਮੇਤ ਹੋਰਨਾਂ ਥਾਵਾਂ ਦੀ ਨਜਰਸ਼ਾਨੀ ਕੀਤੀ ਅਤੇ ਜ਼ਿਲ੍ਹਾ ਪੁਲੀਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਏਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ, ਆਈਜੀ ਗੁਰਪ੍ਰੀਤ ਸਿੰਘ ਭੁੱਲਰ, ਐਸਐਸਪੀ ਡਾ. ਸੰਦੀਪ ਗਰਗ, ਫਤਹਿਗੜ੍ਹ ਸਾਹਿਬ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ, ਰੂਪਨਗਰ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…