ਨਵੇਂ ਮਾਸਟਰ ਪਲਾਨ ਮੁਤਾਬਕ ਹੋਵੇਗਾ ਪਿੰਡਾਂ ਦਾ ਸਰਬਪੱਖੀ ਵਿਕਾਸ: ਕੁਲਵੰਤ ਸਿੰਘ
ਲਾਂਡਰਾਂ ਨੇੜੇ ਪਿੰਡ ਭਾਗੋਮਾਜਰਾ ਦੇ ਸਮਾਗਮ ਵਿੱਚ ਕੀਤੀ ਸ਼ਿਰਕਤ, ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਨਬਜ਼-ਏ-ਪੰਜਾਬ, ਮੁਹਾਲੀ, 19 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁਹਾਲੀ ਹਲਕੇ ਦੇ ਪਿੰਡਾਂ ਦਾ ਨਵੇਂ ਮਾਸਟਰ ਪਲਾਨ ਮੁਤਾਬਕ ਸਰਬਪੱਖੀ ਵਿਕਾਸ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਹ ਅੱਜ ਪਿੰਡ ਭਾਗੋਮਾਜਰਾ ਦੇ ਨਵੇਂ ਸਰਪੰਚ ਗੁਰਜੰਟ ਸਿੰਘ ਪੂਨੀਆ ਵੱਲੋਂ ਵਾਹਿਗੁਰੂ ਦੇ ਸ਼ੁਕਰਾਨੇ ਲਈ ਕਰਵਾਏ ਧਾਰਮਿਕ ਸਮਾਗਮ ਵਿੱਚ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਸ਼ਬਦ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਇਸ ਮੌਕੇ ‘ਆਪ’ ਵਿਧਾਇਕ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਵਿਕਾਸ ਕੰਮਾਂ ਬਾਰੇ ਸੁਝਾਅ ਵੀ ਲਏ। ਉਨ੍ਹਾਂ ਭਰੋਸਾ ਦਿੱਤਾ ਕਿ ਪਿੰਡ ਭਾਗੋਮਾਜਰਾ ਸਮੇਤ ਹੋਰਨਾਂ ਪਿੰਡਾਂ ਦੇ ਵਿਕਾਸ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਖ਼ੁਦ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਰਾਇ ਲੈ ਰਹੇ ਹਨ ਅਤੇ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਰਿਪੋਰਟ ਵੀ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਪੰਚਾਇਤ ਮੰਤਰੀ ਨਾਲ ਮੁਲਾਕਾਤ ਕਰਕੇ ਪਿੰਡਾਂ ਦੇ ਵਿਕਾਸ ਕੰਮਾਂ ਬਾਰੇ ਤਿਆਰ ਕੀਤੀ ਰਿਪੋਰਟ ਸੌਂਪੀ ਜਾਵੇਗੀ ਅਤੇ ਨਵਾਂ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ਜਦੋਂਕਿ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਵਿਕਾਸ ਲਈ ਇੱਕ ਪੂਣੀ ਵੀ ਨਹੀਂ ਕੱਤੀ।
ਸਮਾਜ ਸੇਵੀ ਬਲਜਿੰਦਰ ਸਿੰਘ ਭਾਗੋਮਾਜਰਾ ਦੀ ਮੰਗ ’ਤੇ ਵਿਧਾਇਕ ਨੇ ਤੁਰੰਤ ਉੱਚ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਸੜਕ ਦੇ ਦੋਵੇਂ ਪਾਸੇ ਨਿਕਾਸੀ ਨਾਲੇ ਉੱਤੇ ਸੀਮਿੰਟ ਦੀਆਂ ਮਜ਼ਬੂਤ ਸਲੈਬਾਂ ਰੱਖਣ ਅਤੇ ਲੋੜ ਅਨੁਸਾਰ ਪੁਲੀਆਂ ਬਣਾਉਣ ਦੀ ਹਦਾਇਤ ਕੀਤੀ। ਇਸ ਤੋਂ ਪਹਿਲਾਂ ਭਾਗੋਮਾਜਰਾ ਦੇ ਸਰਪੰਚ ਗੁਰਜੰਟ ਸਿੰਘ ਪੂਨੀਆ ਨੇ ਵਿਧਾਇਕ ਕੁਲਵੰਤ ਸਿੰਘ ਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਬਲਜਿੰਦਰ ਸਿੰਘ ਭਾਗੋਮਾਜਰਾ, ਸਾਬਕਾ ਕੌਂਸਲਰ ਆਰਪੀ ਸ਼ਰਮਾ, ‘ਆਪ’ ਵਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਅਕਵਿੰਦਰ ਸਿੰਘ ਗੋਸਲ ਸਮੇਤ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ। ਅਖੀਰ ਵਿੱਚ ਪਿੰਡ ਵਾਸੀਆਂ ਵੱਲੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ।