
ਮੁਹਾਲੀ ਜ਼ਿਲ੍ਹੇ ਵਿੱਚ ਹੁਣ ਐਤਵਾਰ ਨੂੰ ਵੀ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ ਤੇ ਰੈਸਟੋਰੈਂਟ
ਜ਼ਿਲ੍ਹਾ ਮੈਜਿਸਟਰੇਟ ਨੇ ਕੋਵਿਡ-19 ਦੇ ਮੱਦੇਨਜ਼ਰ ਪਾਬੰਦੀਆਂ ਵਿੱਚ ਦਿੱਤੀ ਢਿੱਲ
ਹੁਨਰ ਵਿਕਾਸ ਕੇਂਦਰਾਂ, ਯੂਨੀਵਰਸਿਟੀਆਂ ਤੇ ਆਈਲੈਟਸ, ਕੋਚਿੰਗ ਸੈਂਟਰ ਖੋਲ੍ਹਣ ਦੀ ਦਿੱਤੀ ਇਜਾਜ਼ਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਦਿਆਲਨ ਨੇ ਸੀਆਰਪੀਸੀ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਾਰੀਆਂ ਗੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਐਤਵਾਰ ਨੂੰ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲਣ ਦੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ ਆਈਲੈਟਸ, ਕੋਚਿੰਗ ਇੰਸਟੀਚਿਊਟਾਂ ਨੂੰ ਕਰਫਿਊ ਟਾਈਮ ਅਧੀਨ ਖੋਲ੍ਹਣ ਦੀ ਆਗਿਆ ਹੈ, ਬਸ਼ਰਤੇ ਉਨ੍ਹਾਂ ਦੇ ਅਧਿਆਪਕ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਟੀਕਾਕਰਨ ਦੀ ਘੱਟੋ-ਘੱਟ ਇਕ ਡੋਜ਼ ਮਿਲੀ ਹੋਵੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਤਾਜ਼ਾ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਮਾਲਕ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ। ਹੁਨਰ ਵਿਕਾਸ ਕੇਂਦਰ ਅਤੇ ਯੂਨੀਵਰਸਿਟੀਆਂ ਵੀ ਇਸ ਸ਼ਰਤ ਤਹਿਤ ਖੁੱਲ੍ਹਣਗੀਆਂ ਕਿ ਉਨ੍ਹਾਂ ਦੇ ਸਟਾਫ਼ ਅਤੇ ਵਿਦਿਆਰਥੀਆਂ ਦੇ ਵੈਕਸੀਨ ਦੀ ਇੱਕ ਖੁਰਾਕ ਜ਼ਰੂਰ ਲੱਗੀ ਹੋਵੇ। ਇੰਜ ਹੀ ਬਾਰਾਂ, ਪੱਬਾਂ ਅਤੇ ਅਹਾਤਿਆਂ ਨੂੰ 50 ਫੀਸਦੀ ਸਮਰੱਥਾ ਦੇ ਅਧਾਰ ’ਤੇ ਖੋਲ੍ਹਣ ਦੀ ਆਗਿਆ ਹੈ। ਹਾਲਾਂਕਿ ਸਮਾਜਕ ਦੂਰੀ ਦੇ ਪ੍ਰੋਟੋਕੋਲ ਨੂੰ ਬਣਾਈ ਰੱਖਿਆ ਜਾਣਾ ਲਾਜ਼ਮੀ ਹੈ ਅਤੇ ਵੇਟਰਾਂ/ਸਰਵਰਾਂ/ਹੋਰ ਕਰਮਚਾਰੀਆਂ ਨੂੰ ਕਰੋਨਾ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਜ਼ਰੂਰ ਲੱਗੀ ਹੋਵੇ। ਪ੍ਰਬੰਧਨ ਨਿੱਜੀ ਤੌਰ ’ਤੇ ਇਸ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਵੇਗਾ। ਇਹ ਆਦੇਸ਼ ਕੰਟੇਨਮੈਂਟ ਜ਼ੋਨਾਂ ‘ਤੇ ਲਾਗੂ ਨਹੀਂ ਹੋਣਗੇ। ਹਦਾਇਤਾਂ ਦੀ ਉਲੰਘਣਾ ਸਬੰਧੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।