Share on Facebook Share on Twitter Share on Google+ Share on Pinterest Share on Linkedin ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਪਹਿਲਕਦਮੀ ਸਦਕਾ ਅਮਰਿੰਦਰ ਦੇ ਮਾਪਿਆਂ ਨੂੰ ਮਿਲਿਆ ਫਰਾਂਸ ਦਾ ਵੀਜ਼ਾ ਸੋਸ਼ਲ ਮੀਡੀਆ ਉੱਤੇ ਪੀੜਤ ਮਾਪਿਆ ਦੀ ਪੁਕਾਰ ਸੁਣ ਕੇ ਮਨਜਿੰਦਰ ਸਿਰਸਾ ਨੇ ਕੀਤਾ ਸੀ ਸੁਸ਼ਮਾ ਸਵਰਾਜ ਨਾਲ ਤਾਲਮੇਲ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ\ਖਰੜ, 28 ਜੁਲਾਈ: ਬਿਮਾਰ ਸਿੱਖ ਨੌਜਵਾਨ ਅਮਰਿੰਦਰ ਸਿੰਘ ਉਰਫ਼ ਨਿੰਦਾ ਜੋ ਕਿ ਗੰਭੀਰ ਬਿਮਾਰੀ ਕਾਰਨ ਫਰਾਂਸ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹੈ, ਦੇ ਮਾਪਿਆਂ ਨੂੰ ਉਸ ਨੂੰ ਵੇਖਣ ਵਾਸਤੇ ਫਰਾਂਸ ਜਾਣ ਦਾ ਵੀਜ਼ਾ ਮਿਲ ਗਿਆ ਹੈ। ਇਹ ਵੀਜ਼ਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਪਹਿਲਕਦਮੀ ਸਦਕਾ ਮਿਲਿਆ ਹੈ। ਸ੍ਰੀ ਸਿਰਸਾ ਵੱਲੋਂ ਇਹ ਮਾਮਲਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਤੇ ਫਰਾਂਸੀਸੀ ਸਫਾਰਤਖਾਨੇ ਕੋਲ ਮਾਪਿਆਂ ਨੂੰ ਵੀਜ਼ਾ ਦਿੱਤੇ ਜਾਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਮਿਲਿਆ ਹੈ। ਅਮਰਿੰਦਰ ਸਿੰਘ ਜੋ ਕਿ ਗੰਭੀਰ ਬਿਮਾਰ ਹੈ, ਇਸ ਵੇਲੇ ਫਰਾਂਸ ਦੇ ਪੈਰਿਸ ਸ਼ਹਿਰ ਵਿਚ ਇਕ ਹਸਪਤਾਲ ਵਿਚ ਇਲਾਜ ਅਧੀਨ ਹੈ। ਪਿਛਲੇ ਦਿਨੀਂ ਉਸਦੇ ਪਰਿਵਾਰ ਵੱਲੋਂ ਮਦਦ ਮੰਗਣ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਜਿਸ ਮਗਰੋਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪਰਿਵਾਰ ਨਾਲ ਨਿੱਜੀ ਸੰਪਰਕ ਬਣਾਇਆ ਤੇ ਉਹਨਾਂ ਨੂੰ ਵੀਜ਼ਾ ਹਾਸਲ ਕਰਨ ਵਾਸਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦੁਆਇਆ। ਇਸ ਮਗਰੋਂ ਸ੍ਰੀ ਸਿਰਸਾ ਨੇ ਇਹ ਮਾਮਲਾ ਵਿਦੇਸ਼ ਮੰਤਰੀ ਸ੍ਰੀਮਤੀ ਸਵਰਾਜ ਕੋਲ ਚੁੱਕਿਆ ਤੇ ਉਹਨਾਂ ਨੂੰ ਦੱਸਿਆ ਕਿ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੀ ਖਰੜ ਤਹਿਸੀਲ ਦੇ ਪਿੰਡ ਸਿੰਬਲ ਮਾਜਰਾ ਦਾ ਵਸਨੀਕ ਅਮਰਿੰਦਰ ਸਿੰਘ ਵਰਕ ਵੀਜ਼ਾ ’ਤੇ ਫਰਾਂਸ ਵਿਚ ਰਹਿ ਰਿਹਾ ਸੀ ਜੋ ਗੰਭੀਰ ਬਿਮਾਰ ਹੋਣ ਮਗਰੋਂ ਹਸਪਤਾਲ ਦਾਖਲ ਹੈ। ਮਾਪਿਆਂ ਦੇ ਬਿਆਨ ਮੁਤਾਬਕ ਉਹਨਾਂ ਦੇ ਪੁੱਤਰ ਦੇ ਖੂਨ ਵਿਚ ਇਨਫੈਕਸ਼ਨ ਹੋ ਗਈ ਸੀ ਤੇ ਉਸਦੇ ਹੱਥ ਤੇ ਪੈਰ ਦੋਵੇਂ ਮੈਡੀਕਲ ਆਧਾਰ ’ਤੇ ਕੱਟਣੇ ਪਏ ਹਨ। ਉਹਨਾਂ ਦੱਸਿਆ ਕਿ ਲੜਕੇ ਦੇ ਪਿਤਾ ਅਵਤਾਰ ਸਿੰਘ ਤੇ ਮਾਤਾ ਜੀ ਅਮਰਜੀਤ ਕੌਰ ਨੇ ਉਹਨਾਂ ਨੂੰ ਫਰਾਂਸ ਦਾ ਵੀਜ਼ਾ ਦਿੱਤੇ ਜਾਣ ਦੀ ਬੇਨਤੀ ਕੀਤੀ ਹੈ ਤਾਂ ਕਿ ਉਹ ਆਪਣੇ ਬਿਮਾਰ ਪੁੱਤਰ ਨੂੰ ਵੇਖ ਸਕਣ। ਇਹ ਮਾਪੇ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ ਕਿਉਂਕਿ ਉਹਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਕਿ ਉਹ ਆਪਣੇ ਆਪ ਫਰਾਂਸ ਜਾ ਸਕਣ। ਇਸ ਮਾਮਲੇ ਵਿਚ ਵਿਦੇਸ਼ ਮੰਤਰੀ ਤੋਂ ਦਖ਼ਲ ਦੀ ਮੰਗ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਬਿਮਾਰ ਪੁੱਤਰ ਨੂੰ ਵੇਖਣ ਵਾਸਤੇ ਦੋਵੇਂ ਮਾਪਿਆਂ ਦੇ ਵੀਜ਼ੇ ਦਾ ਪ੍ਰਬੰਧ ਹੋ ਸਕਦਾ ਹੈ। ਉਹਨਾਂ ਵੱਲੋਂ ਮੁੱਦਾ ਚੁੱਕਣ ਮਗਰੋਂ ਵਿਦੇਸ਼ ਮੰਤਰਾਲੇ ਨੇ ਤੁਰੰਤ ਫਰਾਂਸ ਦੇ ਸਫਾਰਤਖਾਨੇ ਨਾਲ ਰਾਬਤਾ ਬਣਾਇਆ। ਜਿਸਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮਾਪਿਆਂ ਨੂੰ ਇੱਕ ਵਿਸ਼ੇਸ਼ ਕੇਸ ਵਜੋਂ ਵੀਜ਼ਾ ਹਾਸਲ ਕਰਨ ਲਈ ਬਿਨੈ ਪੱਤਰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਤੇ ਉਹਨਾਂ ਨੂੰ ਅੱਜ 28 ਜੁਲਾਈ ਨੂੰ ਦਿੱਲੀ ਵਿਚ ਫਰਾਂਸੀਸੀ ਸਫਾਰਤਖਾਨੇ ਵਿਚ ਸੱਦਿਆ ਗਿਆ ਤੇ ਦੋਵੇਂ ਮਾਪਿਆਂ ਨੂੰ ਫਰਾਂਸ ਵਿਚ ਪਏ ਬਿਮਾਰ ਪੁੱਤਰ ਨੂੰ ਦੇਖਣ ਵਾਸਤੇ ਵੀਜ਼ਾ ਦੇ ਦਿੱਤਾ ਗਿਆ ਹੈ। ਇਸ ਸਾਰੀ ਮਦਦ ਵਾਸਤੇ ਸ੍ਰੀ ਸਿਰਸਾ ਦਾ ਧੰਨਵਾਦ ਕਰਦਿਆਂ ਦੋਵੇਂ ਮਾਪੇ ਰਾਹਤ ਮਹਿਸੂਸ ਕਰ ਰਹੇ ਹਨ ਕਿ ਹੁਣ ਉਹ ਗੰਭੀਰ ਬਿਮਾਰੀ ਤੋਂ ਪੀੜਤ ਆਪਣੇ ਪੁੱਤਰ ਨੂੰ ਵੇਖ ਸਕਣਗੇ। ਇਸ ਦੌਰਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਅਤੇ ਪਰਿਵਾਰ ਦੀ ਸਹਾਇਤਾ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਇਸ ਕੇਸ ਵਿਚ ਕੀਤੀ ਗਈ ਕਾਰਵਾਈ ਨੇ ਲੋਕਾਂ ਦਾ ਸਰਕਾਰ ਦੇ ਖਾਸ ਤੌਰ ’ਤੇ ਵਿਦੇਸ਼ ਮੰਤਰਾਲੇ ਦੇ ਲੋਕਤੰਤਰੀ ਢੰਗ ਨਾਲ ਕੰਮ ਕਰਨ ਵਿਚ ਵਿਸ਼ਵਾਸ ਹੋਰ ਵਧਾਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ