nabaz-e-punjab.com

ਸਰਕਾਰ ਦੀ ਅਣਦੇਖੀ ਖ਼ਿਲਾਫ਼ ਦੋ ਰੋਜ਼ਾ ਕਲਮਛੋੜ ਹੜਤਾਲ ’ਤੇ ਜਾਣਗੇ ਸਮੂਹ ਖੇਤੀਬਾੜੀ ਅਫ਼ਸਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਅਫ਼ਸਰ, ਡਿਪਟੀ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਦੀਆਂ ਸਮੂਹ ਜਥੇਬੰਦੀਆਂ ਦੀ ਸਾਂਝੀ ਜਥੇਬੰਦੀ ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ (ਐਗਟੈਕ) ਪੰਜਾਬ ਵੱਲੋਂ ਸਰਕਾਰ ਨੂੰ ਆਪਣੀਆਂ ਜਾਇਜ਼ ਅਤੇ ਕਿਸਾਨ ਹਿਤੈਸ਼ੀ ਮੰਗਾਂ ਸਬੰਧੀ ਸਮੇਂ-ਸਮੇਂ ’ਤੇ ਜਾਣੂ ਕਰਵਾਉਣ ਦੇ ਬਾਵਜੂਦ ਸਰਕਾਰ ਇਨ੍ਹਾਂ ਮੰਗਾਂ ਉੱਤੇ ਗੌਰ ਨਹੀਂ ਕਰ ਰਹੀ ਹੈ। ਜਿਸ ਦੇ ਰੋਸ ਵਜੋਂ ਪੰਜਾਬ ਭਰ ਦੇ ਖੇਤੀ ਟੈਕਨੋਕਰੇਟਸ ਭਲਕੇ 20 ਅਤੇ 21 ਮਈ ਨੂੰ ਮੁਕੰਮਲ ਕਲਮਛੋੜ ਹੜਤਾਲ ਉੱਤੇ ਰਹਿਣਗੇ। ਵਿਭਾਗ ਦੇ ਸਮੂਹ ਅਧਿਕਾਰੀਆਂ ਵਿੱਚ ਐਗਟੈਕ ਦੀ ਦਿੱਤੀ ਇਸ ਕਾਲ ਪ੍ਰਤੀ ਕਾਫ਼ੀ ਉਤਸ਼ਾਹ ਹੈ ਅਤੇ ਖੇਤੀ ਟੈਕਨੋਕਰੇਟਸ ਸਰਕਾਰ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾ ਕਰਨਗੇ।
ਰੋਸ ਦੇ ਦੋਵੇਂ ਦਿਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰ ਨਾਲ ਕੋਈ ਵੀ ਦਫ਼ਤਰੀ ਪੱਤਰ ਵਿਹਾਰ, ਸੈਂਪਲਿੰਗ, ਟੈਸਟਿੰਗ ਦਾ ਕੰਮ ਜਾਂ ਕੋਈ ਵਰਚੂਅਲ ਮੀਟਿੰਗ ਅਟੈਂਡ ਨਹੀਂ ਕੀਤੀ ਜਾਵੇਗੀ ਜਦੋਂਕਿ ਕਿਸਾਨਾਂ ਨੂੰ ਦਫ਼ਤਰਾਂ ਵਿੱਚ ਜਾਂ ਖੇਤ ਪੱਧਰ ’ਤੇ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ।
ਐਗਟੈਕ ਦੇ ਜਨਰਲ ਸਕੱਤਰ ਡਾ. ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਪੱਧਰ ਦੀਆਂ ਅਸਾਮੀਆਂ ਖਾਲੀ ਪਈਆਂ ਹੋਣ ਕਰਕੇ ਅਤੇ ਪਿਛਲੇ ਲੰਮੇਂ ਸਮੇਂ ਤੋਂ ਰੈਗੂਲਰ ਵਿਭਾਗੀ ਤਰੱਕੀਆਂ ਨਾ ਹੋਣ ਕਾਰਨ ਵਿਭਾਗ ਦਾ ਢਾਂਚਾ ਬੁਰੀ ਤਰ੍ਹਾਂ ਲੜਖੜਾ ਗਿਆ ਹੈ। ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਖੇਤੀ ਪਸਾਰ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਖੇਤੀ ਨੂੰ ਦਰਪੇਸ਼ ਚੁਨੌਤੀਆਂ ਜਿਵੇਂ ਜ਼ਮੀਨ ਦੋਜ਼ ਪਾਣੀ ਥੱਲੇ ਜਾ ਰਿਹਾ, ਦਵਾਈਆਂ ਖਾਦਾਂ ਦੀ ਵੱਧ ਰਹੀ ਵਰਤੋਂ, ਮੌਸਮੀ ਤਬਦੀਲੀਆਂ, ਖੇਤੀ ਵਿਭਿੰਨਤਾ, ਨਵੀਆਂ ਮੰਡੀਆਂ ਲੱਭਣ, ਖੇਤੀ ਲਾਗਤਾਂ ’ਤੇ ਨਿਯੰਤਰਨ ਤੇ ਉੱਤਮ ਮਿਆਰ ਦੀਆਂ ਦਵਾਈਆਂ ਖਾਦ ਬੀਜ ਮੁਹੱਈਆ ਕਰਵਾਉਣ ਆਦਿ ਲਈ ਖੇਤੀ ਟੈਕਨੋਕਰੇਟਸ ਦੀ ਅਹਿਮ ਭੂਮਿਕਾ ਹੈ। ਪਰ ਕੁੱਝ ਖੇਤੀ ਵਿਰੋਧੀ ਸ਼ਕਤੀਆਂ ਲਗਾਤਾਰ ਕਿਸਾਨੀ ਨੂੰ ਢਾਅ ਲਾਉਣ, ਖੇਤੀ ਪਸਾਰ ਸੇਵਾਵਾਂ ਕਿਸਾਨਾਂ ਕੋਲੋਂ ਖੋਹਣ ਅਤੇ ਖੇਤੀ ਟੈਕਨੋਕਰੇਟਸ ਨੂੰ ਦਬਾਉਣ ਦਾ ਯਤਨ ਕਰ ਰਹੀਆਂ ਨੇ। ਕਿਸਾਨਾਂ ਨਾਲ ਜੁੜੇ ਖੇਤੀਬਾੜੀ ਮਹਿਕਮੇ ਨੂੰ ਅਣਦੇਖਿਆ ਕਰਨ ਨਾਲ ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ।
ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਸਰਕਾਰ ਘਰ-ਘਰ ਨੌਕਰੀ ਦਾ ਦਾਅਵਾ ਕਰ ਰਹੀ ਹੈ, ਦੂਜੇ ਪਾਸੇ ਸਖ਼ਤ ਇਮਤਿਹਾਨ ਪਿੱਛੋਂ ਚੁਣ ਕੇ ਆਏ 141 ਖੇਤੀਬਾੜੀ ਵਿਕਾਸ ਅਫ਼ਸਰ ਆਪਣੀ ਭਰਤੀ ਪ੍ਰਕਿਰਿਆ ਪਿਛਲੇ ਸਾਲ ਅੱਧ ਜੁਲਾਈ ਦੀ ਪੂਰੀ ਹੋ ਜਾਣ ਦੇ ਬਾਵਜੂਦ ਵੀ ਆਪਣੇ ਨਿਯੁਕਤੀ ਪੱਤਰ ਉਡੀਕ ਰਹੇ ਹਨ। ਐਗਟੈਕ ਮੰਗ ਕਰਦੀ ਹੈ ਕਿ ਵਧਦੇ ਕਿਸਾਨ ਪਰਿਵਾਰਾਂ ਅਤੇ ਮੌਜੂਦਾ ਖੇਤੀ ਚੁਨੌਤੀਆਂ ਦੇ ਸਨਮੁੱਖ ਖੇਤੀ ਮਾਹਰਾਂ ਦੀ ਗਿਣਤੀ ਜ਼ਮੀਨੀ ਪੱਧਰ ’ਤੇ ਵਧਾਉਣ ਅਤੇ ਕਿਸਾਨਾਂ ਨੂੰ ਸਮੇਂ ਦੇ ਹਾਣ ਦੀਆਂ ਅਤੇ ਕਿਸਾਨੀ ਲੋੜਾਂ ਦੇ ਮੇਚਵੀਆਂ ਖੇਤੀ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਖੇਤੀਬਾੜੀ ਮਹਿਕਮੇ ਦਾ ਢਾਂਚਾ ਮਜ਼ਬੂਤ ਕੀਤਾ ਜਾਵੇ।
ਐਗਟੈਕ ਦੀ ਲੀਡਰਸ਼ਿਪ ਜਿਸ ਵਿੱਚ ਡਾ. ਗੁਰਵਿੰਦਰ ਸਿੰਘ ਚੇਅਰਮੈਨ, ਡਾ. ਸੁਖਬੀਰ ਸਿੰਘ ਸੰਧੂ ਜਨਰਲ ਸਕੱਤਰ, ਡਾ. ਸੁਸ਼ੀਲ ਅੱਤਰੀ ਕਨਵੀਨਰ, ਡਾ. ਕਿਰਪਾਲ ਸਿੰਘ ਢਿੱਲੋਂ ਸਕੱਤਰ ਜਨਰਲ, ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਵਿੱਤ ਸਕੱਤਰ, ਡਾ. ਗੁਰਮੇਲ ਸਿੰਘ ਸੰਯੁਕਤ ਸਕੱਤਰ, ਡਾ. ਬੇਅੰਤ ਸਿੰਘ ਪ੍ਰੈਸ ਸਕੱਤਰ ਵੱਲੋਂ ਇਸ ਕਾਲ ਨੂੰ ਸਮੂਹ ਅਧਿਕਾਰੀਆਂ ਵੱਲੋਂ ਤਨੋਂ-ਮਨੋਂ ਨੇਪਰੇ ਚੜਾਉਣ ਦੀ ਆਸ ਪ੍ਰਗਟਾਈ ਗਈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …