ਕਿਰਤ ਵਿਭਾਗ ਦੇ ਚੰਡੀਗੜ੍ਹ ਸਥਿਤ ਸਾਰੇ ਦਫ਼ਤਰ ਹੁਣ ਕਿਰਤ ਭਵਨ ਮੁਹਾਲੀ ਵਿੱਚ ਹੋਣਗੇ ਤਬਦੀਲ

ਕਿਰਤੀਆਂ ਨੂੰ ਮੁਹਾਲੀ ਵਿੱਚ ਇੱਕੋ ਛੱਤ ਹੇਠਾਂ ਮਿਲਣਗੀਆਂ ਸਾਰੀਆਂ ਸਹੂਲਤਾਂ: ਸਿੱਧੂ

ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਇੱਥੋਂ ਦੇ ਫੇਜ਼-10 ਵਿੱਚ ਸਥਿਤ ਕਿਰਤ ਭਵਨ (ਮਾਡਲ ਵੈਲਫੇਅਰ ਸੈਂਟਰ) ਦੇ ਅਧੂਰੇ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਲਾਇਵ ਸਟਾਕ ਭਵਨ ਐਸ.ਏ.ਐਸ ਨਗਰ ਵਿਖੇ ਕਿਰਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਡਲ ਵੈਲਫੇਅਰ ਸੈਂਟਰ ਜਿਸ ਦੀ ਇਮਾਰਤ ਮੁਕੰਮਲ ਹੋ ਚੁੱਕੀ ਹੈ ਜਿਸ ਵਿੱਚ ਫਰਨੀਚਰ, ਨੈਟਵਰਕਿੰਗ/ਕੇਵਲਿੰਗ ਲਗਾਉਣ ਦੀ ਕੰਮ ਬਕਾਇਆ ਹੈ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ। ਉਹਨਾਂ ਇਸ ਕੰਮ ਨੂੰ ਨੇਪਰੇ ਚੜਾਉਣ ਲਈ ਜੁਆਇੰਟ ਕਮੇਟੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਸ੍ਰੀ ਸਿੱਧੂ ਨੇ ਦੱਸਿਆ ਕਿ ਕਿਰਤ ਭਵਨ ਦੀ ਇਮਾਰਤ ’ਤੇ ਲਗਭਗ 15 ਕਰੋੜ ਰੁਪਏ ਖਰਚ ਆਇਆ ਹੈ ਅਤੇ ਇਸ ਦੇ ਬਕਾਇਆ ਕੰਮ ਮੁਕੰਮਲ ਹੋਣ ਨਾਲ ਚੰਡੀਗੜ੍ਹ ਵਿਖੇ ਵੱਖ-ਵੱਖ ਥਾਵਾਂ ਤੇ ਕੰਮ ਕਰਦੇ ਵੱਖ-ਵੱਖ ਦਫਤਰ ਕਿਰਤ ਭਵਨ ਵਿੱਚ ਤਬਦੀਲ ਹੋ ਜਾਣਗੇ ਅਤੇ ਕਿਰਤੀਆਂ ਦੇ ਸਾਰੇ ਕੰਮ ਕਾਜ ਇਕੋ ਛੱਤ ਹੇਠ ਨਿਪਟਾਏ ਜਾਣਗੇ ਜਿਸ ਨਾਲ ਕਿਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਉਹਨਾਂ ਦੀ ਸਮੇਂ ਅਤੇ ਧਨ ਦੀ ਬੱਚਤ ਵੀ ਹੋਵੇਗੀ। ਇਸ ਤੋਂ ਇਲਾਵਾ ਕਿਰਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਮ-ਕਾਜ ਨਿਪਟਾਉਣ ਵਿੱਚ ਆਸਾਨੀ ਹੋਵੇਗੀ ਅਤੇ ਉਹਨਾਂ ਨੂੰ ਕੰਮ ਕਰਨ ਦਾ ਵਧੀਆ ਮਾਹੌਲ ਮਿਲੇਗਾ। ਉਹਨਾਂ ਦੱਸਿਆ ਕਿ ਕਿਰਤ ਭਵਨ ਵਿੱਚ ਕਿਰਤ ਵਿਭਾਗ ਦੇ ਸਾਰੇ ਵਿੰਗ ਜਿਸ ਵਿੱਚ ਕਿਰਤ ਵਿੰਗ, ਫੈਕਟਰੀ ਵਿੰਗ, ਪੰਜਾਬ ਲੇਬਰ ਵੈਲਫੇਅਰ ਬੋਰਡ ਅਤੇ ਪੰਜਾਬ ਬਿਲਡਿੰਗ ਅਤੇ ਅਦਰ ਕੰਸ਼ਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਦਫਤਰ ਵੀ ਇਸ ਇਮਾਰਤ ਵਿੱਚ ਆ ਜਾਣਗੇ। ਉਹਨਾਂ ਦੱਸਿਆ ਕਿ ਕਿਰਤ ਭਵਨ ਵਿੱਚ ਕਿਰਤੀ ਵਰਗ ਲਈ ਟਰੇਨਿੰਗ ਸੈਂਟਰ ਵੀ ਬਣਾਇਆ ਗਿਆ ਹੈ ਅਤੇ ਕਿਰਤੀਆਂ ਲਈ ਸਿਖਲਾਈ ਸਮੇਂ ਰਾਤ ਠਹਿਰਣ ਲਈ ਕਮਰਿਆਂ ਦੀ ਵਿਵਸਥਾ ਵੀ ਕੀਤੀ ਗਈ ਹੈ।
ਮੀਟਿੰਗ ਦੌਰਾਨ ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੰਜੈ ਕੁਮਾਰ ਨੇ ਦੱਸਿਆ ਕਿ ਕਿਰਤ ਭਵਨ ਵਿੱਚ ਨੈਟਵਰਕਿੰਗ/ ਕੇਵਲਿੰਗ ਲਗਾਉਣ ਅਤੇ ਫਰਨੀਸਿੰਗ ਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਕਿਰਤ ਭਵਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕਿਰਤ ਭਵਨ ਵਿੱਚ ਫਰਨੀਚਰ ਦੀ ਜਿੰਮੇਵਾਰੀ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਦਿੱਤੀ ਗਈ ਹੈ। ਕਿਰਤ ਮੰਤਰੀ ਪੰਜਾਬ ਨੇ ਕਿਰਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕਿਰਤ ਭਵਨ (ਮਾਡਲ ਵੈਲਫੇਅਰ ਸੈਂਟਰ) ਫੇਜ਼-10 ਵਿਖੇ ਇਮਾਰਤ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਕਿਰਤ ਕਮਿਸ਼ਨਰ ਟੀ.ਐਸ. ਧਾਲੀਵਾਲ, ਕਿਰਤ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਐਮ.ਡੀ. ਧਰਿੰਦਰਾ ਸਿੰਘ, ਡਿਪਟੀ ਸੈਕਟਰੀ ਐਸ.ਐਸ ਬਾਂਦੀ, ਇੰਜੀਨੀਅਰ ਹਰਪਾਲ ਸਿੰਘ, ਪੀ.ਐਸ. ਚਾਵਲਾ ਸਮੇਤ ਕਿਰਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…