ਨਵੀਂ ਭਰਤੀ ਸਮੇਂ ਈਟੀਟੀ ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ ਭਰੀਆਂ ਜਾਣਗੀਆਂ: ਡੀਪੀਆਈ

ਡੀਟੀਐਫ਼ ਦੇ ਵਫ਼ਦ ਨੇ ਪ੍ਰਾਇਮਰੀ ਸਕੂਲਾਂ ਦੀਆਂ ਮੰਗਾਂ ਸਬੰਧੀ ਡੀਪੀਆਈ (ਪ੍ਰਾਇਮਰੀ) ਨਾਲ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ (ਡੀਟੀਐੱਫ਼) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਪਟਿਆਲਾ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਪ੍ਰਾਇਮਰੀ ਅਧਿਆਪਕਾਂ, ਵਿਦਿਆਰਥੀਆਂ ਅਤੇ ਪ੍ਰਾਇਮਰੀ ਸਿੱਖਿਆ ਨਾਲ ਸਬੰਧਤ ਮਸਲਿਆਂ ਬਾਰੇ ਡੀਪੀਆਈ (ਪ੍ਰਾਇਮਰੀ) ਸ੍ਰੀਮਤੀ ਹਰਿੰਦਰ ਕੌਰ ਨਾਲ ਮੀਟਿੰਗ ਚਰਚਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸੰਘਰਸ਼ਾਂ ਦਾ ਹਿੱਸਾ ਬਣੇ ਅਧਿਆਪਕਾਂ ਵਿਰੁੱਧ ਦਰਜ ਪੁਲੀਸ ਕੇਸ ਅਤੇ ਵਿਕਟੇਮਾਈਜੇਸ਼ਨਾਂ ਰੱਦ ਕੀਤੀਆਂ ਜਾਣ, ਈਟੀਟੀ ਅਤੇ ਐੱਚਟੀਜ਼ ਦੀਆਂ ਖ਼ਤਮ ਕੀਤੀਆਂ ਅਸਾਮੀਆਂ ਬਹਾਲੀ ਕੀਤੀਆਂ ਜਾਣ। ਪ੍ਰਾਇਮਰੀ ਸਕੂਲਾਂ ਦੀਆਂ ਇਨ੍ਹਾਂ ਮੰਗਾਂ ਸਬੰਧੀ ਡੀਪੀਆਈ ਨੇ ਭਰੋਸਾ ਦਿੱਤਾ ਕਿ ਨਵੀਂ ਭਰਤੀ ਸਮੇਂ ਈਟੀਟੀ ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ ਭਰੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਨਵੀਂ ਭਰਤੀ ਸਮੇਂ 3265 ਸਿੰਗਲ ਟੀਚਰ ਸਕੂਲਾਂ ਵਿੱਚ ਅਧਿਆਪਕਾਂ ਦੀ ਤਾਇਨਾਤੀ ਹੋ ਜਾਵੇਗੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ 2000 ਖੇਡ ਅਧਿਆਪਕ ਵੀ ਆਉਣਗੇ ਅਤੇ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਦੀ ਸੰਭਾਲ ਲਈ ਹਰੇਕ ਸਕੂਲ ਵਿੱਚ 1-1 ਕੇਅਰ-ਟੇਕਰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 2364 ਅਸਾਮੀਆਂ ਸਬੰਧੀ ਅਦਾਲਤ ਵਿੱਚ ਹਲਫ਼ਨਾਮਾ ਦਿੱਤਾ ਗਿਆ ਹੈ ਅਤੇ 6635 ’ਚੋਂ ਮੈਰਿਟ ਅੱਗੇ ਵਧਾਉਂਦਿਆਂ 765 ਅਸਾਮੀਆਂ ਲਈ ਨਿਯੁਕਤੀ ਪੱਤਰ ਜਲਦ ਦਿੱਤੇ ਜਾਣਗੇ ਅਤੇ 8730 ਅਧਿਆਪਕ ਪੱਕੇ ਕੀਤੇ ਜਾ ਰਹੇ ਹਨ।
ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਮੀਤ ਪ੍ਰਧਾਨ ਬੇਅੰਤ ਸਿੰਘ ਅਤੇ ਪਵਨ ਕੁਮਾਰ ਨੇ ਸਰਵਿਸ ਬਰੇਕ ਦੀ ਸ਼ਰਤ ਹਟਾਉਣ ਦੀ ਮੰਗ ਕਰਦਿਆਂ ਸਾਰਿਆਂ ਨੂੰ ਪੱਕੇ ਕਰਨ ਦੀ ਮੰਗ ਕੀਤੀ। ਯੂਨੀਅਨ ਨੇ ਇੱਕ ਹੀ ਭਰਤੀ ਇਸ਼ਤਿਹਾਰ ਲਈ (180 ਈਟੀਟੀ ਟੈੱਟ ਪਾਸ) ਲਈ ਵੱਖੋ-ਵੱਖਰੇ ਤਨਖ਼ਾਹ ਸਕੇਲ ਲਾਗੂ ਨਾ ਕਰਨ ਦੀ ਮੰਗ ਵੀ ਕੀਤੀ। ਜਿਸ ’ਤੇ ਡੀਪੀਆਈ ਨੇ ਮਾਮਲਾ ਵਿਚਾਰਨ ਦਾ ਭਰੋਸਾ ਦਿੱਤਾ। ਸਿੱਖਿਆ ਵਿਭਾਗ ਦੇ ਸੇਵਾ ਨਿਯਮ-2018 ਤਹਿਤ ਨਵ-ਨਿਯੁਕਤ ਅਤੇ ਪ੍ਰੋਮੋਟਡ ਅਧਿਆਪਕਾਂ ’ਤੇ ਲਾਈ ਵਿਭਾਗੀ ਪ੍ਰੀਖਿਆ ਅਤੇ ਕੰਪਿਊਟਰ ਟੈੱਸਟ ਪਾਸ ਕਰਨ ਦੀ ਸ਼ਰਤ ਵਾਪਸ ਲੈਣ ਸਬੰਧੀ ਵਿਸ਼ੇਸ਼ ਸਿੱਖਿਆ ਸਕੱਤਰ ਦੇ ਦਫ਼ਤਰ ਵਿੱਚ ਪੈਂਡਿੰਗ ਪਈ ਫਾਈਲ ਕਲੀਅਰ ਕੀਤੀ ਜਾਵੇ। ਵਿਭਾਗ ’ਚੋਂ ਸਿੱਧੀ ਭਰਤੀ ਰਾਹੀਂ ਚੁਣੇ ਐੱਚਟੀ, ਸੀਐੱਚਟੀ ਅਤੇ ਬੀਪੀਈਓ ਦਾ ਪਰਖ ਸਮਾਂ 1 ਸਾਲ ਕਰਨ ਲਈ ਸਰਕਾਰ ਨੂੰ ਸ਼ਿਫਾਰਸ਼ ਕਰਨ ਦਾ ਭਰੋਸਾ ਦਿੱਤਾ।
ਯੂਨੀਅਨ ਦੀ ਮੰਗ ’ਤੇ ਡੀਪੀਆਈ ਨੇ ਐੱਸਐੱਸਏ/ਰਮਸਾ ਅਧੀਨ ਭਰਤੀ ਹੋਏ 8886 ਅਧਿਆਪਕਾਂ ਲਈ ਆਨਲਾਈਨ ਕਲਿੱਕ ਕਰਨ ਦੀ ਥਾਂ ਰੈਗੂਲਰ ਮਿਤੀ ਅਨੁਸਾਰ ਸੀਨੀਆਰਤਾ ਤੈਅ ਕਰਨ, ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਉੱਚ ਸਿੱਖਿਆ ਪ੍ਰਾਪਤ ਅਧਿਆਪਕਾ ’ਤੇ ਬ੍ਰਿਜ ਕੋਰਸ ਦੀ ਸ਼ਰਤ ਹਟਾਉਣ, ਬੱਚਾ ਸੰਭਾਲ/ਵਿਦੇਸ਼/ਮੈਡੀਕਲ ਛੁੱਟੀ ਦੀ ਪ੍ਰਵਾਨਗੀ ਦੇ ਅਧਿਕਾਰ ਡੀਡੀਓ ਨੂੰ ਦਿੱਤੇ ਜਾਣ ਅਤੇ ਅਚਨਚੇਤੀ ਛੁੱਟੀ ਨੂੰ ਈ-ਪੰਜਾਬ ਜਾਂ ਆਈਆਰਐੱਮਐੱਸ ਪੋਰਟਲ ’ਤੇ ਅਪਲਾਈ ਕਰਨ ਤੋਂ ਪੂਰਨ ਛੋਟ ਦੇਣ, ਅਧਿਆਪਕਾਂ ਨੂੰ ਗਰਮੀ ਤੇ ਸਰਦੀ ਦੀਆਂ ਛੁੱਟੀਆਂ ਤੋਂ ਇਲਾਵਾ ਵਿਦੇਸ਼ ਛੁੱਟੀ ਦੀ ਪ੍ਰਵਾਨਗੀ ਨਾ ਦੇਣ ਦਾ ਫੈਸਲਾ ਰੱਦ ਕਰਨ, ਅਧਿਆਪਕਾਂ/ਨਾਨ-ਟੀਚਿੰਗ ਨੂੰ ਰੈਗੂਲਰ ਪੜ੍ਹਾਈ ਲਈ ਛੁੱਟੀ ਦੀ ਪ੍ਰਵਾਨਗੀ ਦੇਣ, ਪੁਰਸ਼ ਕਰਮਚਾਰੀਆਂ ਨੂੰ ਅਚਨਚੇਤ ਛੁੱਟੀਆਂ ਦੁੱਗਣੀ ਕਰਨ ਲਈ ਠੇਕਾ ਆਧਾਰਿਤ ਸੇਵਾ ਨੂੰ ਯੋਗ ਮੰਨਣ, ਅਧਿਆਪਕਾਂ ਬਕਾਏ ਅਤੇ ਏਰੀਅਰ ਤੁਰੰਤ ਜਾਰੀ ਕਰਨ, ਪਦ-ਉੱਨਤੀ ਦੀ ਥਾਂ ਰਿਵਰਸ਼ਨ ਲੈਣ ਜਿਹੀਆਂ ਮੰਗਾਂ ਨੂੰ ਵੀ ਡੀਪੀਆਈ ਨੇ ਵਿਚਾਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਜਗਪਾਲ ਸਿੰਘ ਬੰਗੀ, ਸੂਬਾ ਕਮੇਟੀ ਮੈਂਬਰ ਜੋਸ਼ਲੀ ਤਿਵਾੜੀ, ਤੇਜਵੰਤ ਸਿੰਘ, ਗਿਆਨ ਸਿੰਘ ਰੂਪਨਗਰ, ਕਰਮਜੀਤ ਸਿੰਘ, ਇੰਦਰ ਸੁਖਦੀਪ ਸਿੰਘ, ਮਨਜੀਤ ਸਿੰਘ ਦਸੂਹਾ, ਵਰਿੰਦਰ ਕੁਮਾਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…