
ਮੁਹਾਲੀ ਦੇ ਸਾਰੇ ਵਾਰਡਾਂ ਦਾ ਬਿਨਾ ਪੱਖਪਾਤ ਤੋਂ ਵਿਕਾਸ ਕੀਤਾ ਜਾਵੇਗਾ: ਮੇਅਰ ਜੀਤੀ ਸਿੱਧੂ
ਸਨਅਤੀ ਖੇਤਰ ਫੇਜ਼-8ਬੀ ਤੇ ਰਿਹਾਇਸ਼ੀ ਖੇਤਰ ਸੈਕਟਰ-74 ’ਚ ਸ਼ੁਰੂ ਕਰਵਾਏ ਵਿਕਾਸ ਕਾਰਜ
ਪਿੰਡ ਮਟੌਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ, ਜਲਦੀ ਹੱਲ ਕਰਨ ਦਾ ਭਰੋਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਇੱਥੋਂ ਦੇ ਰਿਹਾਇਸ਼ੀ ਖੇਤਰ ਸੈਕਟਰ-74 ਅਤੇ ਸਨਅਤੀ ਏਰੀਆ ਫੇਜ਼-8ਬੀ ਨੂੰ ਆਪਣੇ ਅਧੀਨ ਲੈਣ ਉਪਰੰਤ ਵਿਕਾਸ ਕੰਮ ਸ਼ੁਰੂ ਕਰ ਦਿੱਤੇ ਹਨ। ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਇਨ੍ਹਾਂ ਖੇਤਰਾਂ ਸਮੇਤ ਹੋਰਨਾਂ ਥਾਵਾਂ ’ਤੇ ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਦੌਰਾਨ ਉਨ੍ਹਾਂ ਨੇ ਪਿੰਡ ਮਟੌਰ ਵਿੱਚ ਪਿੰਡ ਤੇ ਸੈਕਟਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਫੌਰੀ ਹੱਲ ਲਈ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ। ਜੀਤੀ ਸਿੱਧੂ ਨੇ ਕਿਹਾ ਕਿ ਸਨਅਤੀ ਖੇਤਰ ਫੇਜ਼-8ਬੀ ਅਤੇ ਸੈਕਟਰ-74 ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਖੇਤਰਾਂ ਵਿੱਚ ਸਫ਼ਾਈ ਅਤੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦੇ ਅੱਜ ਕੰਮ ਸ਼ੁਰੂ ਕੀਤੇ ਗਏ ਹਨ ਅਤੇ ਛੇਤੀ ਹੀ ਸੜਕਾਂ ਅਤੇ ਸਟਾਰਮ ਵਾਟਰ ਦੇ ਕੰਮ ਸ਼ੁਰੂ ਕੀਤੇ ਜਾਣਗੇ।
ਮੇਅਰ ਜੀਤੀ ਸਿੱਧੂ ਨੇ ਪਿੰਡ ਮਟੌਰ ਦੇ ਵਸਨੀਕਾਂ ਦੀ ਮੰਗ ’ਤੇ ਬੰਦ ਪਈ ਗਲੀ ਨੂੰ ਖੁਲ੍ਹਵਾ ਕੇ ਵਿਕਾਸ ਕੰਮਾਂ ਦਾ ਆਗਾਜ਼ ਕੀਤਾ ਗਿਆ ਜਦੋਂਕਿ ਪਹਿਲਾਂ ਇਸ ਥਾਂ ’ਤੇ ਪਸ਼ੂ ਬੰਨ੍ਹਣ ਅਤੇ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਲੋਕਾਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਇਨ੍ਹਾਂ ਸਮਾਗਮਾਂ ਦੌਰਾਨ ਪ੍ਰਦੀਪ ਸੋਨੀ, ਅਮਰੀਕ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ, ਮੱਖਣ ਸਿੰਘ ਸੁਦਾਗਰ ਖਾਨ, ਦਿਲਬਰ ਖਾਨ, ਬਿੰਦਾ ਮਟੌਰ, ਬਹਾਦਰ ਸਿੰਘ, ਕਾਕਾ ਬਾਣੀਆਂ, ਸਰਬਜੀਤ ਸਿੰਘ ਬੇਦੀ, ਅਵਤਾਰ ਸਿੰਘ, ਐਡਵੋਕੇਟ ਜੇਸੀ ਮਹੇ, ਕੁਲਵੰਤ ਸਿੰਘ, ਐਡਵੋਕੇਟ ਬਲਬੀਰ ਸਿੰਘ ਮੱਲੀ, ਕਮਲਜੀਤ ਸਿੰਘ ਤੋੱ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।