
ਮੁਹਾਲੀ ਦੇ ਸਾਰੇ ਵਾਰਡਾਂ ਦਾ ਬਿਨਾਂ ਕਿਸੇ ਪੱਖਪਾਤ ਤੋਂ ਸਰਬਪੱਖੀ ਵਿਕਾਸ ਕੀਤਾ ਜਾਵੇਗਾ: ਜੀਤੀ ਸਿੱਧੂ
ਵਾਰਡ ਨੰਬਰ-1 ਵਿੱਚ 22 ਲੱਖ ਦੀ ਲਾਗਤ ਨਾਲ ਗ੍ਰੀਨ ਬੈਲਟ ਨੂੰ ਵਿਕਸਤ ਕਰਨ ਦਾ ਕੰਮ ਕੀਤਾ ਸ਼ੁਰੂ
ਕਾਂਗਰਸ ਦੀ ਕੌਂਸਲਰ ਬੀਬਾ ਜਸਪ੍ਰੀਤ ਕੌਰ ਨੇ ਕੀਤਾ ਮੇਅਰ ਜੀਤੀ ਸਿੱਧੂ ਦਾ ਵਿਸ਼ੇਸ਼ ਧੰਨਵਾਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਨਵੇਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਲਗਾਤਾਰ ਮੁਹਾਲੀ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾ ਰਹੇ ਹਨ। ਇਸੇ ਲੜੀ ਦੇ ਤਹਿਤ ਅੱਜ ਉਨ੍ਹਾਂ ਨੇ ਇੱਥੋਂ ਦੇ ਵਾਰਡ ਨੰਬਰ-1 (ਫੇਜ਼-2) ਵਿੱਚ 22 ਲੱਖ ਰੁਪਏ ਦੀ ਲਾਗਤ ਨਾਲ ਮੁਹਾਲੀ ਦੇ ਐਂਟਰੀ ਪੁਆਇੰਟ ’ਤੇ ਗ੍ਰੀਨ ਬੈਲਟ ਨੂੰ ਵਿਕਸਤ ਕਰਨ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵਾਰਡ ਦੀ ਕਾਂਗਰਸੀ ਕੌਂਸਲਰ ਜਸਪ੍ਰੀਤ ਕੌਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ ਮੁਹਾਲੀ ਵੀ ਹਾਜ਼ਰ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਾਲੇ ਪਾਸਿਓਂ ਇਹ ਮੁਹਾਲੀ ਦੀ ਮੁੱਖ ਐਂਟਰੈਂਸ ਹੈ ਜਿਸ ਦਾ ਬਹੁਤ ਬੁਰਾ ਹਾਲ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਗਰੀਨ ਬੈਲਟ ਦੇ ਆਲੇ ਦੁਆਲੇ ਨਵੀਂ ਗਰਿੱਲ ਲਗਾਈ ਜਾਏਗੀ, ਲੋਕਾਂ ਦੇ ਤੁਰਨ ਫਿਰਨ ਲਈ ਫੁਟਪਾਥ ਬਣਾਇਆ ਜਾਵੇਗਾ ਅਤੇ ਇਸ ਗਰੀਨ ਬੈਲਟ ਵਿੱਚ ਹਰਿਆਲੀ ਅਤੇ ਸੁੰਦਰਤਾ ਵਧਾਉਣ ਦੇ ਨਾਲ ਨਾਲ ਬੈਠਣ ਲਈ ਬੈਂਚ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਲੇ ਪਾਸਿਓਂ ਮੁਹਾਲੀ ਆਉਂਦੇ ਲੋਕਾਂ ਨੂੰ ਕੰਮ ਪੂਰਾ ਹੋ ਜਾਣ ਤੇ ਇਹ ਗਰੀਨ ਬੈਲਟ ਪੂਰੀ ਤਰ੍ਹਾਂ ਵਿਕਸਿਤ ਅਤੇ ਸੁੰਦਰ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਵਾਰਡ ਨੰਬਰ ਇੱਕ ਤੋਂ ਸ਼ੁਰੂ ਕਰਵਾਏ ਗਏ ਇਹ ਵਿਕਾਸ ਕਾਰਜ ਹਰੇਕ ਵਾਰਡ ਵਿਚ ਪੂਰੀ ਨਿਰੰਤਰਤਾ ਨਾਲ ਜਾਰੀ ਰਹਿਣਗੇ ਅਤੇ ਵਿਕਾਸ ਪੱਖੋਂ ਮੁਹਾਲੀ ਦੇ ਕਿਸੇ ਵੀ ਵਾਰਡ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਮੇਅਰ ਜੀਤੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਇਹ ਵੀ ਕਿਹਾ ਕਿ ਬੀਤੇ ਕੱਲ੍ਹ ਹੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੁੱਡਾ ਮੰਤਰੀ ਸੁੱਖ ਸਰਕਾਰੀਆ ਨਾਲ ਮੀਟਿੰਗ ਕਰ ਕੇ ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ 50 ਕਰੋੜ ਰੁਪਏ ਤੁਰੰਤ ਦੇਣ ਲਈ ਕਿਹਾ ਹੈ। ਜਿਸ ਦਾ ਵੱਡਾ ਹਿੱਸਾ ਪਾਰਕਾਂ ਅਤੇ ਗ੍ਰੀਨ ਬੈਲਟਾਂ ਦੇ ਰੱਖ ਰਖਾਓ ’ਤੇ ਖ਼ਰਚ ਕੀਤਾ ਜਾਵੇਗਾ।
ਇਸ ਮੌਕੇ ਕੌਂਸਲਰ ਬੀਬਾ ਜਸਪ੍ਰੀਤ ਕੌਰ ਨੇ ਗ੍ਰੀਨ ਬੈਲਟ ਨੂੰ ਵਿਕਸਤ ਕਰਨ ਦੇ ਕੰਮ ਦਾ ਉਦਘਾਟਨ ਕਰਨ ’ਤੇ ਮੇਅਰ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਗਰੀਨ ਬੈਲਟ ਲੋਕਾਂ ਦੇ ਸੈਰ ਲਈ ਇਸਤੇਮਾਲ ਹੋਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਵਿਕਾਸ ਦੇ ਨਾਲ ਨਾਲ ਹਰਿਆਲੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗਰੀਨ ਬੈਲਟ ਦੇ ਵਿਕਾਸ ਲਈ ਜੀਤੀ ਸਿੱਧੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਵਿਕਟਰ ਨਿਹੋਲਕਾ, ਨਗਰ ਨਿਗਮ ਦੇ ਐਸਈ ਸੰਜੇ ਕੰਵਰ, ਐਕਸੀਅਨ ਰਾਜਬੀਰ ਸਿੰਘ, ਐਸਡੀਈ ਸੰਦੀਪ ਸੈਣੀ, ਜੇਈ ਪਵਨਪ੍ਰੀਤ, ਸ਼ਵੇਤਾ ਗੋਇਲ, ਮਨਜੋਤ ਭੁੱਲਰ, ਓਂਕਾਰ ਕੌਰ, ਕਾਂਤਾ ਰਾਣੀ, ਰਾਜਦੀਪ ਸਿੰਘ, ਪਰਵਿੰਦਰ ਸਿੰਘ, ਧਰਮਿੰਦਰ ਸਿੰਘ, ਦਲਬੀਰ ਸਿੰਘ, ਰਘਬੀਰ ਸਿੰਘ, ਗੁਰਪ੍ਰੀਤ ਸਿੰਘ, ਅਮਰਦੀਪ ਰੰਧਾਵਾ, ਗੁਰਪਾਲ ਮਦਨਪੁਰ ਅਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।