nabaz-e-punjab.com

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-11 ਦੇ ਸੰਵਿਧਾਨ ਵਿੱਚ ਗੈਰ-ਸੰਵਿਧਾਨਕ ਸੋਧਾਂ ਕਰਨ ਦਾ ਦੋਸ਼, ਪ੍ਰਧਾਨ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ, ਮੁਹਾਲੀ, 26 ਮਾਰਚ:
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-11 ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਸੋਢੀ ਨੇ ਦੋਸ਼ ਲਾਇਆ ਕਿ ਹੁਣ ਜਦੋਂ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਪ੍ਰਬੰਧਕੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਸੰਵਿਧਾਨ ਵਿੱਚ ਕੁਝ ਅਜਿਹੀਆਂ ਸੋਧਾਂ ਕੀਤੀਆਂ ਹਨ, ਜੋ ਲੋਕਤੰਤਰ ਦੀ ਮੂਲ ਭਾਵਨਾ ਦੇ ਤਾਂ ਖ਼ਿਲਾਫ਼ ਹਨ ਹੈ ਹੀ ਪਰ ਗੈਰਕਾਨੂੰਨੀ ਵੀ ਹਨ। ਜਿਸ ਕਾਰਨ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਕਿਹਾ ਕਿ ਸੰਵਿਧਾਨ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਹਨ, ਉਹ ਪਿਛਲੇ ਸਾਲ ਜਨਰਲ ਇਜਲਾਸ ਵਿੱਚ ਪਾਸ ਕੀਤੇ ਮਤਿਆਂ ਅਨੁਸਾਰ ਹੀ ਕੀਤੀਆਂ ਹਨ।
ਹਰਪਾਲ ਸਿੰਘ ਸੋਢੀ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਵੱਲੋਂ ਸੋਧ ਕੀਤੀ ਗਈ ਹੈ ਕਿ ਕੋਈ ਵੀ ਉਹ ਵਿਅਕਤੀ ਜਿਹੜਾ ਇੱਕ ਵਾਰ ਪ੍ਰਧਾਨ ਬਣ ਗਿਆ, ਉਹ ਦੁਬਾਰਾ ਚੋਣ ਨਹੀਂ ਲੜ ਸਕਦਾ। ਉਨ੍ਹਾਂ ਕਿਹਾ ਕਿ ਸੋਧ ਇਹ ਕੀਤੀ ਗਈ ਹੈ ਕਿ ਇੱਕ ਵਾਰ ਕੋਠੀ ਨੰਬਰ 1 ਤੋਂ 2700 ਤੱਕ ਦਾ ਵਸਨੀਕ ਪ੍ਰਧਾਨ ਦੀ ਚੋਣ ਲੜ ਸਕੇਗਾ ਅਤੇ ਅਗਲੀ ਵਾਰ 1300 ਤੋਂ 1400 ਦੇ ਬਲਾਕਾਂ ’ਚੋਂ ਚੋਣ ਲੜ ਸਕੇਗਾ। ਉਨ੍ਹਾਂ ਕਿਹਾ ਕਿ ਇਹ ਸੋਧ ਸੰਗਤ ਦੇ ਲੋਕਰਾਜ਼ੀ ਅਧਿਕਾਰਾਂ ’ਤੇ ਛਾਪਾ ਹੈ ਅਤੇ ਕੋਈ ਵੀ ਵਿਅਕਤੀ ਗੁਰਦੁਆਰਾ ਸਾਹਿਬ ਦੇ ਅਧਿਕਾਰਤ ਖੇਤਰ ਤੋਂ ਚੋਣ ਲੜ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਵਿਧਾਨ ਜੋ 2011 ਤੋਂ ਲਾਗੂ ਹੈ ਉਸ ਅਨੁਸਾਰ ਇਹ ਚੋਣਾਂ ਹੁੰਦੀਆਂ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜੋ ਸੰਵਿਧਾਨਕ ਸੋਧਾਂ ਕੀਤੀਆਂ ਹਨ ਉਹ ਵੀ ਗੈਰ-ਕਾਨੂੰਨੀ ਹਨ। ਮੌਜੂਦਾ ਸੰਵਿਧਾਨ ਅਨੁਸਾਰ ਸੋਧਾਂ ਜਨਰਲ ਬਾਡੀ ਦੀ ਮੀਟਿੰਗ ਦੌਰਾਨ 2/3 ਬਹੁਮਤ ਨਾਲ ਪਾਸ ਹੋਣੀਆਂ ਚਾਹੀਦੀਆਂ ਹਨ, ਪਰ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਪੂਰੀ ਪ੍ਰਬੰਧਕ ਕਮੇਟੀ ਨੂੰ ਵੀ ਸੋਧਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਸਿਰਫ਼ ਪ੍ਰਧਾਨ ਹਰਜੀਤ ਸਿੰਘ ਅਤੇ ਦੋ ਹੋਰ ਵਿਅਕਤੀਆਂ ਨੇ ਇੱਕ ਦਰਖਾਸਤ ’ਤੇ ਲਿਖ ਕੇ ਇਹ ਸੋਧਾ ਰਜਿਸਟਰਾਰ ਫਰਮਜ ਐਂਡ ਸੁਸਾਇਟੀਜ ਤੋਂ ਪ੍ਰਵਾਨ ਕਰਵਾ ਲਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋ ਰਜਿਸਟਰਾਰ ਨੂੰ 4 ਅਕਤੂਬਰ ਨੂੰ ਲਿਖਤੀ ਰੂਪ ਵਿੱਚ ਅਗਾਊਂ ਸੂਚਿਤ ਕਰਵਾਇਆ ਗਿਆ ਸੀ ਕਿ ਪ੍ਰਬੰਧਕ ਕਮੇਟੀ ਵੱਲੋਂ ਜੋ ਸੋਧਾਂ ਕੀਤੀਆਂ ਹਨ, ਉਹ ਜਨਰਲ ਸਭਾ ਵਿੱਚ 2/3 ਬਹੁਮਤ ਨਾਲ ਪ੍ਰਵਾਨ ਨਹੀਂ ਕਰਵਾਈਆਂ ਅਤੇ ਇਸ ਸਬੰਧੀ ਸੰਗਤ ਵਿੱਚ ਭਾਰੀ ਰੋਸ਼ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਦੇ ਵੱਡੀ ਗਿਣਤੀ ਮੈਂਬਰਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਸੀ ਕਿ ਇਹ ਮਾਮਲਾ ਮੁਹਾਲੀ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਉਨ੍ਹਾਂ ਵੱਲੋਂ ਡੀਸੀ ਮੁਹਾਲੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ 2500 ਤੋਂ ਵੱਧ ਵੋਟਰ (ਮੈਂਬਰ) ਹਨ, ਜਿਨ੍ਹਾਂ ਵਿੱਚ ਭਾਰੀ ਰੋਸ ਹੈ। ਜੇਕਰ ਮੁਹਾਲੀ ਪ੍ਰਸ਼ਾਸਨ ਨੇ ਇਸ ਸੰਵੇਦਨਸ਼ੀਲ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਫੇਜ਼-11 ਵਿੱਚ ਕਾਨੂੰਨੀ ਵਿਵਸਥਾ ਵਿਗੜਨ ਦਾ ਖ਼ਦਸ਼ਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਬੰਧਕ ਕਮੇਟੀ ਵੱਲੋਂ ਆਨੇ-ਬਹਾਨੇ ਆਪਣੇ ਵਿਰੋਧੀਆਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ ਅਤੇ ਜ਼ਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ, ਜਿਸਦੇ ਦਸਤਾਵੇਜੀ ਸਬੂਤ ਉਨ੍ਹਾਂ ਕੋਲ ਹਨ।
ਉਧਰ, ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਹਰਪਾਲ ਸਿੰਘ ਸੋਢੀ ਵੱਲੋਂ ਲਗਾਏ ਗਏ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬਿੁਨਆਦ ਅਤੇ ਮਨਘੜਤ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਜਿਹੜੀਆਂ ਸੋਧਾ ਕੀਤੀਆਂ ਗਈਆਂ ਹਨ, ਉਹ ਜਨਰਲ ਇਜਲਾਸ ਵਿੱਚ ਸੰਗਤ ਵੱਲੋਂ ਪ੍ਰਵਾਨ ਕੀਤੇ ਮਤਿਆਂ ਅਨੁਸਾਰ ਹੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 21 ਅਪਰੈਲ 2024 ਨੂੰ ਜਨਰਲ ਇਜਲਾਸ ਦੌਰਾਨ ਫ਼ੈਸਲਾ ਕੀਤਾ ਗਿਆ ਸੀ ਕਿ ਜੋ ਵੀ ਵਿਅਕਤੀ ਦੋ ਵਾਰ ਪ੍ਰਧਾਨ ਰਹਿ ਚੁੱਕਾ ਹੈ, ਉਹ ਤੀਜੀ ਵਾਰ ਪ੍ਰਧਾਨ ਦੀ ਚੋਣ ਨਹੀਂ ਲੜ ਸਕੇਗਾ। ਇਸੇ ਤਰ੍ਹਾਂ ਇਜਲਾਸ ਦੌਰਾਨ ਸੰਗਤ ਨੇ ਮੰਗ ਕੀਤੀ ਸੀ ਕਿ ਇਸ ਵਾਰ ਕੋਠੀਆਂ ਅਤੇ ਇੱਕ ਵਾਰ ਕੁਆਟਰਾਂ ਦੇ ਵਸਨੀਕ ਨੂੰ ਪ੍ਰਧਾਨ ਬਣਾਇਆ ਜਾਵੇ। ਜਿਸ ਅਨੁਸਾਰ ਹੀ ਸੋਧ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਸੋਢੀ ਇਸ ਮਾਮਲੇ ਨੂੰ ਸਿਆਸੀ ਮੁੱਦਾ ਬਣਾ ਰਹੇ ਹਨ ਜਦੋਂਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਗੁਰਦੁਆਰਾ ਸਾਹਿਬ ਦੀ ਰਕਮ ਵਿੱਚ ਹੇਰਾਫੇਰੀ ਦੇ ਕਥਿਤ ਦੋਸ਼ ਲੱਗੇ ਸਨ, ਜਿਸ ਸਬੰਧੀ ਪੁਲੀਸ ਵਿੱਚ ਵੀ ਸ਼ਿਕਾਇਤ ਦਿੱਤੀ ਗਈ ਸੀ।

Load More Related Articles

Check Also

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਰਜੋਤ ਬੈਂਸ ਨੇ ਫੇਜ਼-11 ਸਕੂਲ ਵਿੱਚ …