ਸੈਕਟਰ-76 ਤੋਂ 80 ਵਿੱਚ ਬਾਕੀ ਰਹਿੰਦੇ 300 ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਦਿੱਤੇ ਜਾਣ: ਕਲੌੜ

ਆਪਣਾ ਘਰ ਬਣਾਉਣ ਦੀ ਤਾਂਘ ਵਿੱਚ ਸੈਂਕੜੇ ਸਫਲ ਅਲਾਟੀ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਲਈ ਮਜਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਵਸਾਏ ਗਏ ਸੈਕਟਰ-76 ਤੋਂ 80 ਵਿੱਚ ਸੈਂਕੜੇ ਸਫਲ ਅਲਾਟੀ ਆਪਣੇ ਪਲਾਟਾਂ ਦੇ ਕਬਜ਼ੇ ਲੈਣ ਲਈ ਪੰਜਾਬ ਸਰਕਾਰ ਅਤੇ ਗਮਾਡਾ ਅਧਿਕਾਰੀਆਂ ਦੇ ਹਾੜੇ ਕੱਢ ਰਹੇ ਹਨ ਪ੍ਰੰਤੂ ਦੋ ਦਹਾਕੇ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ 300 ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਨਹੀਂ ਦਿੱਤੇ ਗਏ ਹਨ। ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਸੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਸੈਕਟਰ-79 ਦੇ ਸਾਹਮਣੇ ਪਾਰਕ ਵਿੱਚ ਹੋਈ। ਜਿਸ ਵਿੱਚ ਉਕਤ ਸੈਕਟਰਾਂ ਦੇ ਅਲਾਟੀਆਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਚਰਚਾ ਕਰਦਿਆਂ ਉਨ੍ਹਾਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ।
ਸ੍ਰੀ ਕਲੌੜ ਨੇ ਦੱਸਿਆ ਕਿ 22 ਏਕੜ ਰਕਬੇ ਦਾ ਵਿਕਾਸ ਕਰਵਾਉਣਾ, ਪਾਣੀ ਦੇ ਬਿੱਲਾਂ ਵਿੱਚ ਸਾਢੇ 5 ਗੁਣਾ ਵਾਧਾ ਵਾਪਸ ਲੈਣਾ, ਸੜਕਾਂ ਦੀਆਂ ਬਰਮਾ ’ਤੇ ਇੰਟਰਲਾਕ ਟਾਇਲਾਂ ਲਗਾਉਣਾ, ਪਾਰਕਿੰਗ ਦੀ ਸੁਵਿਧਾ ਲਈ ਪਾਰਕਾਂ ਦੀਆਂ ਬਰਮਾ 12 ਫੁੱਟ ਤੋਂ ਵਧਾ ਕੇ 16 ਫੁੱਟ ਕਰਨਾ, ਸੜਕਾਂ ਵਿੱਚ ਪਏ ਖੱਡੇ ਭਰਨਾ, ਸਰਕਾਰੀ ਡਿਸਪੈਂਸਰੀ ਖੋਲ੍ਹਣ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਨਗਰ ਨਿਗਮ ਦੀਆਂ ਚੋਣਾਂ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੈਕਟਰ-76-80 ਵਿੱਚ ਜਲ ਸਪਲਾਈ ਪਾਈਪਲਾਈਨ, ਰੋਡ-ਗਲੀਆਂ ਅਤੇ ਸੜਕਾਂ ਦਾ ਨਿਰਮਾਣ ਅਤੇ ਬਿਜਲੀ ਸਬੰਧੀ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਦੌਰਾਨ ਹਾਲੇ ਤੱਕ 300 ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜ਼ੇ ਨਹੀਂ ਦਿੱਤੇ ਗਏ ਹਨ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਸੁਪਨਿਆਂ ਦਾ ਘਰ ਬਣਾਉਣ ਦੀ ਤਾਂਘ ਵਿੱਚ ਪੀੜਤ ਅਲਾਟੀ ਹਾਲੇ ਵੀ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਲਾਟੀਆਂ ਨੂੰ ਤੁਰੰਤ ਉਨ੍ਹਾਂ ਦੇ ਪਲਾਟਾਂ ਦੇ ਕਬਜ਼ੇ ਦਿੱਤੇ ਜਾਣ।
ਮੀਟਿੰਗ ਵਿੱਚ ਪ੍ਰੈਸ ਸਕੱਤਰ ਸਰਦੂਲ ਸਿੰਘ ਪੂਨੀਆ, ਹਰਮੇਸ਼ ਲਾਲ, ਅਮਰੀਕ ਸਿੰਘ, ਅਧਿਆਤਮ ਪ੍ਰਕਾਸ਼, ਅਜਮੇਰ ਸਾਗਰ, ਨਰਿੰਦਰ ਸਿੰਘ ਮਾਨ, ਇੰਸਪਾਲ, ਬਲਜੀਤ ਸਿੰਘ, ਲਖਵੀਰ ਸਿੰਘ, ਸੰਤ ਸਿੰਘ, ਦੁਰਗਾ ਦਾਸ, ਜੋਗਾ ਸਿੰਘ ਪ੍ਰਮਾਰ, ਪੀਕੇ ਕੌਸਲ, ਦਰਸ਼ਨ ਸਿੰਘ, ਦਿਆਲ ਚੰਦ ਪ੍ਰਧਾਨ ਸੈਕਟਰ-77 ਅਤੇ ਹਰਦਿਆਲ ਚੰਦ ਪ੍ਰਧਾਨ ਸੈਕਟਰ-79 ਸਮੇਤ ਹੋਰ ਅਲਾਟੀ ਹਾਜ਼ਰ ਸਨ।
ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਪ੍ਰਧਾਨ ਸੱਚਾ ਸਿੰਘ ਕਲੌੜ ਨੂੰ ਵਾਰਡ ਨੰਬਰ-40 ਤੋਂ ਨਗਰ ਨਿਗਮ ਦੀ ਚੋਣ ਲੜਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਹਾਜ਼ਰ ਅਲਾਟੀਆਂ ਅਤੇ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸ੍ਰੀ ਕਲੌੜ ਪਿਛਲੇ ਦੋ ਦਹਾਕੇ ਤੋਂ ਸੈਕਟਰ ਵਾਸੀਆਂ ਦੇ ਹੱਕਾਂ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਨਾਲ ਸਮਾਜਿਕ ਅਤੇ ਕਾਨੂੰਨੀ ਲੜਾਈ ਲੜਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਸੈਕਟਰਾਂ ਦੇ ਵਿਕਾਸ ਲਈ ਅਲਾਟੀਆਂ ਦਾ ਇਕ ਨੁਮਾਇੰਦਾ ਨਗਰ ਨਿਗਮ ਦੇ ਹਾਊਸ ਵਿੱਚ ਜਾਣਾ ਚਾਹੀਦਾ ਹੈ।
ਉਧਰ, ਗਮਾਡਾ ਦੇ ਮੁੱਖ ਪ੍ਰਸ਼ਾਸਕ ਪਰਦੀਪ ਅਗਰਵਾਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਜਦ ਤੋਂ ਉਨ੍ਹਾਂ ਨੇ ਗਮਾਡਾ ਦਾ ਚਾਰਜ ਸੰਭਾਲਿਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਸੰਸਥਾ ਜਾਂ ਅਲਾਟੀ ਨੇ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਲੇਕਿਨ ਹੁਣ ਉਹ ਇਸ ਗੱਲ ਦਾ ਪਤਾ ਲਗਾਉਣਗੇ ਕਿ ਆਖਰਕਾਰ ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਕਿਉਂ ਨਹੀਂ ਦਿੱਤੇ ਜਾ ਸਕੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਨਿਯਮਾਂ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …