Nabaz-e-punjab.com

ਅਲਾਟਮੈਂਟ ਦਾ ਮਾਮਲਾ: ਦੰਗਾ ਪੀੜਤ ਪਰਿਵਾਰਾਂ ਵੱਲੋਂ ਮੁਹਾਲੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਪੀੜਤ ਪਰਿਵਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਡੀਸੀ ਮੁਹਾਲੀ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਮੁਹਾਲੀ ਦੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਵਿੱਚ ਸਰਕਾਰੀ ਮਕਾਨਾਂ ਤੇ ਕਾਬਜ਼ਕਾਰ 1984 ਦੇ ਦੰਗਾ ਪੀੜਤ ਪਰਿਵਾਰਾਂ ਵੱਲੋਂ ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆਂ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ-ਕਮ-ਦੰਗਾ ਪੀੜਤ ਅਲਾਟਮੈਂਟ ਕਮੇਟੀ ਦੇ ਚੇਅਰਮੈਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਉੱਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਮਕਾਨ ਅਲਾਟ ਕੀਤੇ ਜਾਣਗੇ। ਉਨ੍ਹਾਂ ਮੁਹਾਲੀ ਪ੍ਰਸ਼ਾਸਨ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਦੌਰਾਨ ਪੀੜਤ ਦੰਗਾ ਪਰਿਵਾਰਾਂ ਨੂੰ ਮਕਾਨਾਂ ਦੀ ਅਲਾਟਮੈਂਟ ਦੀ ਕਾਰਵਾਈ ਮੁਕੰਮਲ ਨਹੀਂ ਕੀਤੀ ਗਈ ਤਾਂ ਇਨਸਾਫ਼ ਪ੍ਰਾਪਤੀ ਲਈ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਇਸ ਮੌਕੇ ਸ੍ਰੀ ਭਾਟੀਆ ਨੇ ਮੰਗ ਕੀਤੀ ਕਿ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਦੰਗਾ ਪੀੜਤ ਉਹ ਮਕਾਨ ਤੁਰੰਤ ਅਲਾਟ ਕੀਤੇ ਜਾਣ। ਜਿੱਥੇ ਜਿਨ੍ਹਾਂ ਮਕਾਨਾਂ ਵਿੱਚ ਉਹ ਪਿਛਲੇ ਲੰਮੇ ਅਰਸੇ ਤੋਂ ਰਹਿੰਦੇ ਆ ਰਹੇ ਹਨ, ਕਿਉਂਕਿ ਕੁਝ ਸਮਾਂ ਬੀਤਣ ’ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਬੰਧਤ ਖਾਲੀ ਕਰਨ ਲਈ ਕਹਿ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ’ਤੇ ਹਮੇਸ਼ਾ ਉਜਾੜੇ ਦੀ ਤਲਵਾਰ ਲਟਕਦੀ ਰਹਿੰਦੀ ਹੈ। ਉਨ੍ਹਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਉਹ ਵੱਖ-ਵੱਖ ਫੇਜ਼ਾਂ ਵਿਚਲੇ ਸਰਕਾਰੀ ਮਕਾਨਾਂ ’ਤੇ ਕਾਬਜ਼ ਹਨ ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਸਬੰਧਤ ਮਕਾਨ ਅਲਾਟ ਕਰਨ ਦੀ ਥਾਂ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟ ਕੇ ਆਪਣਾ ਪੱਲਾ ਝਾੜ ਲੈਂਦੇ ਹਨ। ਜਿਸ ਕਾਰਨ ਦੰਗਾ ਪੀੜਤ ਪਰਿਵਾਰਾਂ ਨੂੰ ਦੋਹਰੀ ਮਾਰ ਪੈ ਰਹੀ ਹੈ।
ਸ੍ਰੀ ਭਾਟੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੁਹਾਲੀ ਪ੍ਰਸ਼ਾਸਨ, ਗਮਾਡਾ ਅਤੇ ਰਾਜਸੀ ਆਗੂਆਂ ਨੂੰ ਕਈ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਲੇਕਿਨ ਹੁਣ ਤੱਕ ਝੂਠੇ ਲਾਰਿਆਂ ਤੋਂ ਸਿਵਾਏ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਉਨ੍ਹਾਂ ਨੇ ਇਨਸਾਫ਼ ਲਈ ਰੋਸ ਮੁਜ਼ਾਹਰਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜਲਦੀ ਹੀ ਮੁੜ ਤੋਂ ਹਾਈ ਕੋਰਟ ਦਾ ਬੂਹਾ ਖੜਕਾਇਆ ਜਾਵੇਗਾ।
ਇਸ ਮੌਕੇ ਭੁਪਿੰਦਰ ਪਾਲ ਸਿੰਘ, ਦਵਿੰਦਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਜੀਤ ਕੌਰ, ਰਘਬੀਰ ਕੌਰ, ਹਰਮਿੰਦਰ ਸਿੰਘ, ਮਨਜੀਤ ਕੌਰ ਸਮੇਤ ਹੋਰ ਦੰਗਾ ਪੀੜਤ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…