
ਵਿਦਿਆਰਥੀ ਪੜਾਈ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ ਲਈ ਵੀ ਅੱਗੇ ਆਉਣ: ਸਰਵੇਸ਼ ਕੌਸ਼ਲ
ਲਾਈਫ ਲਾਈਨ ਨਾਮੀ ਸਮਾਜ ਸੇਵੀ ਸੰਸਥਾ ਦੀ ਜਨਰਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਐਂਬੂਲੈਂਸ ਨੂੰ ਝੰਡੀ ਦਿਖਾ ਕੀਤਾ ਰਵਾਨਾ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਫਰਵਰੀ:
ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਅੱਜ ਨੌਜਵਾਨ ਪੀੜੀ ਵਿਸ਼ੇਸ਼ ਤੌਰ ’ਤੇ ਵਿਦਿਆਰਥੀ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੜਾਈ ਦੇ ਨਾਲ-ਨਾਲ ਛੁਟੀਆਂ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵਧ ਚੜ ਕੇ ਆਪਣਾ ਯੋਗਦਾਨ ਪਾਉਣ। ਸ੍ਰੀ ਕੌਸ਼ਲ ਨੇ ਇਹ ਅਪੀਲ ਅਗਰਵਾਲ ਭਵਨ ਸੈਕਟਰ-30, ਚੰਡੀਗੜ੍ਹ ਵਿੱਚ ਸਮਾਜ ਸੇਵੀ ਸੰਸਥਾ ਲਾਈਫਲਾਈਨ ਦੀ ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ।
ਸ੍ਰੀ ਸਰਵੇਸ਼ ਕੌਸ਼ਲ ਨੇ ਕਿਹਾ ਕਿ ਚੈਰੀਟੇਬਲ ਸੰਸਥਾਵਾਂ ਦਾ ਸਮਾਜ ਵਿੱਚ ਬੇਮਿਸਾਲ ਯੋਗਦਾਨ ਹੈ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਰਿਸ਼ੀਆਂ ਤੇ ਮੁਨੀਆਂ ਅਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਜੋ ਕਿ ਇਨਸਾਨੀਅਤ ਵਿਚ ਵਿਲੱਖਣ ਉਧਾਰਣ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਧਰਮਾਂ, ਉਦਾਰਤਾ, ਪਿਆਰ, ਭਾਈਚਾਰੇ ਦੀ ਭਾਵਨਾਵਾਂ ਬਹੁਤ ਹੀ ਵਿਲੱਖਣ ਹੈ ਅਤੇ ਸਮਾਜ ਸੁਧਾਰ ’ਚ ਸਭਨਾ ਦੀ ਬੇਹੱਦ ਜਰੂਰਤ ਹਮੇਸ਼ਾ ਰਹਿੰਦੀ ਹੈ। ਮੁੱਖ ਸਕੱਤਰ ਵੱਲੋਂ ਇਸ ਐਨ. ਜੀ. ਓ. ਦੇ ਉਸ ਉੱਦਮ ਦੀ ਵੀ ਸ਼ਲਾਘਾ ਕੀਤੀ ਗਈ ਜਿਸ ਤਹਿਤ ਪੀ.ਜੀ.ਆਈ. ਵਿਖੇ ਲੋੜਵੰਦ ਤੇ ਗਰੀਬ ਮਰੀਜ਼ਾਂ ਲਈ ਰੈੱਡ ਕਰਾਸ ਦਰਾਂ ’ਤੇ 10 ਐਂਬੂਲੈਂਸਾਂ ਦੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ।
ਸ੍ਰੀ ਕੌਸ਼ਲ ਨੇ ਅੱਗੇ ਕਿਹਾ ਕਿ ਕਿਸੇ ਵੀ ਗਰੀਬ ਵਿਅਕਤੀ ਨੂੰ ਉਸ ਦੀ ਉਮਰ ਦੇ ਆਖਰੀ ਪੜਾਅ ਤੇ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਮਦਦ ਕਰਨ ਤੋਂ ਵੱਡਾ ਪੁੰਨਦਾਈ ਤੇ ਸਮਾਜਿਕ ਕੰਮ ਹੋਰ ਕੋਈ ਨਹੀ ਹੋ ਸਕਦਾ। ਉਨ੍ਹਾਂ ਖੁਸ਼ੀ ਜਾਹਿਰ ਕੀਤੀ ਕਿ ਐਨ.ਜੀ.ਓ. ਵਲੋਂ ਗਰੀਬ ਵਿਅਕਤੀਆਂ ਲਈ ਪੀ.ਜੀ.ਆਈ ਵਿਖੇ 24 ਘੰਟੇ ਪ੍ਰਤੀ ਦਿਨ ਮੁਫਤ ਐਂਬੂਲੈਂਸ ਸੇਵਾ ਦਿੱਤੀ ਜਾ ਰਹੀ ਹੈ। ਇਸ ਮਗਰੋਂ ਮੁੱਖ ਸਕੱਤਰ ਨੇ ਇਕ ਨਵੀਂ ਐਂਬੂਲੈਂਸ ਨੂੰ ਝੰਡੀ ਵੀ ਦਿਖਾਈ ਜਿਸ ਨਾਲ ਐਂਬੂਲੈਂਸਾਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ। ਐਨ.ਜੀ.ਓ. ਲਾਈਫ ਲਾਈਨ ਦੇ ਪ੍ਰਧਾਨ ਟੀ.ਐੱਨ. ਸਿੰਗਲਾ ਨੇ ਆਪਣੇ ਸੰਬੋਧਨ ਦੌਰਾਨ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਕਿਹਾ ਕਿ ਐਨ.ਜੀ.ਓ. ਦੇ ਕਾਰਕੁੰਨ ਦਿਨ ਰਾਤ ਇਕ ਕਰਦੇ ਹੋਏ ਕੰਮ ਕਰਦੇ ਹਨ ਅਤੇ ਪੀ.ਜੀ.ਆਈ ਦੀ ਐਮਰਜੈਂਸੀ ਵਿਚ ਲਿਆਂਦੇ ਗਏ ਅਣਜਾਣੇ ਮਰੀਜ਼ਾ ਦੀ ਸੇਵਾ ਕਰਦੇ ਹਨ ਉਨ੍ਹਾਂ ਦੱਸਿਆ ਕਿ ਕਾਰਕੁੰਨ ਹੁਣ ਤਕ ਤਕਰੀਬਨ 2 ਲੱਖ ਅਜਿਹੇ ਮਰੀਜ਼ਾ ਦੀ ਸੇਵਾ ਕਰ ਚੁੱਕੇ ਹਨ।