
ਖਰੜ ਵਿੱਚ ਫਲਾਈਓਵਰ ਮੁਕੰਮਲ ਹੋਣ ਤੱਕ ਟਰੈਫ਼ਿਕ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ: ਸ੍ਰੀਮਤੀ ਗਰਚਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਮੁਹਾਲੀ-ਖਰੜ ਨੈਸ਼ਨਲ ਹਾਈਵੇਅ ਉਤੇ ਟਰੈਫ਼ਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਬਣਾਏ ਜਾ ਰਹੇ ਫਲਾਈਓਵਰ ਦੇ ਕਾਰਨ ਲੋਕਾਂ ਨੂੰ ਇਹਨੀਂ ਦਿਨੀਂ ਟ੍ਰੈਫ਼ਿਕ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਹਰ ਰੋਜ਼ ਆਪਣੇ ਦਫ਼ਤਰਾਂ, ਕੰਮਾਂ ਕਾਰਾਂ ਨੂੰ ਆਉਣ ਜਾਣ ਵਾਲੇ ਕਰਮਚਾਰੀ, ਵਪਾਰੀ ਜਾਂ ਹੋਰ ਲੋਕੀਂ ਟ੍ਰੈਫ਼ਿਕ ਦੇ ਵੱਡੇ ਜਾਮਾਂ ਵਿੱਚ ਫ਼ਸਦੇ ਰਹਿੰਦੇ ਹਨ। ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਇਸ ਸਮੱਸਿਆ ਦੇ ਹੱਲ ਲਈ ਬਦਲਵੇਂ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਦੋਂ ਤੱਕ ਫ਼ਲਾਈਓਵਰ ਦਾ ਕੰਮ ਚੱਲ ਰਿਹਾ ਹੈ, ਉਦੋਂ ਤੱਕ ਕੋਈ ਨਾ ਕੋਈ ਟ੍ਰੈਫ਼ਿਕ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ।
ਸ੍ਰੀਮਤੀ ਗਰਚਾ ਨੇ ਕਿਹਾ ਕਿ ਫਲਾਈਓਵਰ ਬਣਾਉਣ ਲਈ ਐਲੀਵੇਟਰੀ ਰੋਡ ਉਤੇ ਹਰ ਰੋਜ਼ ਜਾਮ ਦੀ ਸਥਿਤੀ ਬਣਦੀ ਹੈ। ਟ੍ਰੈਫ਼ਿਕ ਜਾਮ ਵਿੱਚ ਕਈ ਵਾਰ ਸੀਰੀਅਸ ਮਰੀਜ਼ਾਂ ਨੂੰ ਇੱਧਰ ਉਧਰ ਲਿਜਾ ਰਹੀਆਂ ਐਂਬੂਲੈਂਸਾਂ ਵੀ ਫ਼ਸ ਜਾਂਦੀਆਂ ਹਨ ਅਤੇ ਕਈ ਲੋਕਾਂ ਨੇ ਜ਼ਰੂਰੀ ਕੰਮ ਜਾਣਾ ਹੁੰਦਾ ਹੈ। ਇਸ ਲਈ ਜਦੋਂ ਤੱਕ ਫ਼ਲਾਈਓਵਰ ਬਣਾਉਣ ਦਾ ਕੰਮ ਚੱਲ ਰਿਹਾ ਹੈ, ਉਦੋਂ ਤੱਕ ਆਸ ਪਾਸ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਅਤੇ ਟ੍ਰੈਫ਼ਿਕ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਉਹ ਚੌਂਕ ਚੌਰਾਹਿਆਂ ਉਤੇ ਟ੍ਰੈਫ਼ਿਕ ਦੀ ਸਮੱਸਿਆ ਪੈਦਾ ਨਾ ਹੋਣ ਦੇਣ।