nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ਪੁਰਾਣੇ ਵਿਦਿਆਰਥੀਆਂ ਦੀ ਅਲੂਮਨੀ ਮੀਟ ਕਰਵਾਈ

ਪੁਰਾਣੇ ਵਿਦਿਆਰਥੀਆਂ ਦੇ ਮਿਲਣੀ ਸਮਾਰੋਹ ਦੌਰਾਨ ਛੇਵੇਂ ਅਲੂਮਨੀ ਚੈਪਟਰ ਦੀ ਸਥਾਪਨਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਅਲੂਮਨੀ ਮੀਟ ਕਰਵਾਈ ਗਈ, ਜਿਸ ਦੌਰਾਨ ਬਿਜ਼ਨਸ ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨ, ਕਾਮਰਸ, ਹੋਟਲ ਮੈਨੇਜਮੈਂਟ, ਫਾਰਮੇਸੀ, ਬਾਇਓਟੈਕਨਾਲੌਜੀ ਅਤੇ ਐਜੂਕੇਸ਼ਨ ਆਦਿ ਵੱਖ-ਵੱਖ ਵਿਭਾਗਾਂ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਯਾਦਗਾਰੀ ਮਿਲਣੀ ਸਮਾਗਮ ਦੌਰਾਨ ਪੁਰਾਣੇ ਵਿਦਿਆਰਥੀਆਂ ਦੇ ਛੇਵੇਂ ਅਲੂਮਨੀ ਚੈਪਟਰ ਦੀ ਸਥਾਪਨਾ ਕੀਤੀ ਗਈ, ਜਿਸਦਾ ਉਦਘਾਟਨ ਸੀ.ਜੀ.ਸੀ. ਲਾਂਡਰਾਂ ਦੇ ਅਕਾਦਮਿਕ ਮਾਮਲਿਆਂ ਦੇ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ ਨੇ ਆਪਣੇ ਕਰ ਕਮਲਾਂ ਨਾਲ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ।
ਇਸ ਮੌਕੇ ਛੇਵੇਂ ਅਲੂਮਨੀ ਚੈਪਟਰ ਰਾਹੀਂ ਪੁਰਾਣੇ ਵਿਦਿਆਰਥੀਆਂ ’ਚ ਆਪਸੀ ਸਹਿਯੋਗ ਵਧਾਉਣ ਦੇ ਮੰਤਵ ਨਾਲ ਪ੍ਰੈਜ਼ੀਡੈਂਟ, ਜਨਰਲ ਸੈਕਟਰੀ, ਵਿੱਤ ਸਕੱਤਰ ਸਮੇਤ 19 ਵੱਖ-ਵੱਖ ਵਿਭਾਗਾਂ ਨੂੰ ਪ੍ਰਤੀਨਿਧਤਾ ਦਿੰਦੇ ਹੋਏ ਨਵੇਂ 19 ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਕਾਲਜ ਤੋਂ ਪੜ੍ਹਾਈ ਮੁਕੰਮਲ ਕਰਨ ਉਪਰੰਤ ਕਾਰੋਬਾਰੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ’ਚ ਕੈਰੀਅਰ ਦੀਆਂ ਨਵੀਆਂ ਬੁੰਲਦੀਆਂ ਛੂਹਣ ਵਾਲੇ ਪੁਰਾਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਵਿਲੱਖਣ ਪ੍ਰਾਪਤੀਆਂ ਲਈ ਸਨਮਾਨਿਤ ਕਰਨ ਵਾਸਤੇ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਆਪਣਾ ਖ਼ੁਦ ਦਾ ਰੁਜ਼ਗਾਰ ਸਥਾਪਤ ਕਰ ਚੁੱਕੇ ਐੱਨ.ਸੀ.ਐੱਚ.ਐੱਮ. ਸਾਥੀ ਦਾਸ ਅਤੇ ਐੱਮ.ਫਾਰਮਾ ਦੇ ਪੁਰਾਣੇ ਵਿਦਿਆਰਥੀ ਅਤੇ ਹੁਣ ਚੰਡੀਗੜ੍ਹ ’ਚ ਫਾਰਮਾਕੌਵੀਜੀਲੈਂਸ ਸਾਇੰਸਦਾਨ ਵਜੋਂ ਕੰਮ ਕਰ ਰਹੇ ਰੂਪਕੀਰਤ ਨੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਤੋਂ ਇਲਾਵਾ ਰਿਧੀਮਾ, ਤਰਨਪ੍ਰੀਤ ਕੌਰ ਸੈਣੀ, ਅਕਾਸ਼ ਮਲਹੋਤਰਾ, ਅਦਿੱਤੀ ਗੋਇਲ ਅਤੇ ਗੁਰਸ਼ਰਨ ਆਦਿ ੳੱੁਚ ਅਹੁਦਿਆਂ ’ਤੇ ਬਿਰਾਜਮਾਨ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਨਾਲ ਹੋਣ ਕਾਰਨ ਇੱਕ ਦੂਜੇ ਤੋ ਵਿੱਛੜੇ ਪੁਰਾਣੇ ਵਿਦਿਆਰਥੀ ਬੇਹੱਦ ਭਾਵੁਕ ਨਜ਼ਰ ਆਏ।
ਕਾਲਜ ਦੇ ਆਡੀਟੋਰੀਅਮ ਹਾਲ ਵਿੱਚ ਕਰਵਾਏ ਗਈ ਇਸ ਅਲੂਮਨੀ ਮੀਟ ਦਾ ਉਦਘਾਟਨ ਅਕਾਦਮਿਕ ਮਾਮਲਿਆਂ ਦੇ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਉਨ੍ਹਾਂ ਇਸ ਮੌਕੇ ਲਾਂਡਰਾਂ ਕੈਂਪਸ ਪੁੱਜੇ ਕਾਲਜ ਦੇ ਸਮੂਹ ਪੁਰਾਣੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਆਖਿਆ ਕਿ ਕਿਸੇ ਵਿੱਦਿਅਕ ਸੰਸਥਾ ਦੇ ਵਿਦਿਆਰਥੀਆਂ ਦਾ ਅਕਾਦਮਿਕ ਮਿਆਰ, ਯੂਨੀਵਰਸਿਟੀ ਮੈਰਿਟ ਪੁਜ਼ੀਸ਼ਨਾਂ, ਸਾਲਾਨਾ ਪਲੇਸਮੈਂਟ ਦਰ, ਬਿਹਤਰੀਨ ਤਨਖਾਹ ਪੈਕੇਜ, ਕੌਮੀ ਅਤੇ ਕੌਮਾਂਤਰੀ ਪੱਧਰ ਦੇ ਤਕਨੀਕੀ ਖੋਜ ਮੁਕਾਬਲਿਆਂ ’ਚ ਹਾਸਲ ਕੀਤੀਆਂ ਜਿੱਤਾਂ, ਖੇਡਾਂ ਅਤੇ ਸੱਭਿਆਚਾਰਕ ਖੇਤਰ ’ਚ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਹੀ ਉਸ ਸੰਸਥਾ ਦੀ ਦਰਜੇਬੰਦੀ ਦਾ ਪ੍ਰਮੁੱਖ ਆਧਾਰ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਬੇਹੱਦ ਮਾਣ ਹੈ ਕਿ ਸਾਡੇ ਪੁਰਾਣੇ ਵਿਦਿਆਰਥੀਆਂ ਵੱਲੋਂ ਪੜਾਅ ਦਰ ਪੜਾਅ ਉਕਤ ਖੇਤਰਾਂ ’ਚ ਮੱਲਾਂ ਮਾਰ ਕੇ ਅੱਜ ਕਾਲਜ ਨੂੰ ਉੱਚ ਸਿੱਖਿਆ ਦੇ ਖੇਤਰ ’ਚ ਇਸ ਵੱਕਾਰੀ ਮੁਕਾਮ ਉੱਤੇ ਪਹੁੰਚਾਉਣ ’ਚ ਅਹਿਮ ਯੋਗਦਾਨ ਪਾਇਆ ਹੈ।
ਇਸ ਮੌਕੇ ਅਲੂਮਨੀ ਚੈਪਟਰ-6 ਦੇ ਪੁਰਾਣੇ ਵਿਦਿਆਰਥੀਆਂ ਨੇ ਸੀ.ਜੀ.ਸੀ. ਲਾਂਡਰਾਂ ਦੀ ਪੜ੍ਹਾਈ ਦੇ ਸਮੇਂ ਦੌਰਾਨ ਹਾਸਲ ਕੀਤੇ ਬਹੁ-ਪੱਖੀ ਗਿਆਨ ਨੂੰ ਆਪਣੇ ਕੈਰੀਅਰ ਦੀ ਸਫਲਤਾ ਦਾ ਪ੍ਰਮੁੱਖ ਕਾਰਣ ਮੰਨਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਨ੍ਹਾਂ ਨੂੰ ਅਜਿਹੀ ਮਿਆਰੀ ਸੰਸਥਾ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਇਸ ਮੌਕੇ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਅਲੂਮਨੀ ਵਿਦਿਆਰਥੀਆਂ ਦੇ ਇਸ ਸਾਲਾਨਾ ਮਿਲਣੀ ਨੂੰ ਯਾਦਗਾਰ ਬਨਾਉਣ ਲਈ ਬਹੁਤ ਹੀ ਮਜ਼ੇਦਾਰ ਫਨ ਗੇਮਾਂ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅਲੂਮਨੀ ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਚ ਭੰਗੜਾ ਪਾ ਕੇ ਖੂਬ ਧਮਾਲਾਂ ਪਾਈਆਂ ਜਦਕਿ ਕਾਲਜ ਵਿਦਿਆਰਥੀਆਂ ਦੇ ਬੈਂਡ ਫਿਰਦੌਸਾ ਦੀ ਆਨੰਦਮਈ ਪੇਸ਼ਕਾਰੀ ਨੇ ਇਸ ਮਿਲਣੀ ਸਮਾਗਮ ਨੂੰ ਪੂਰੀ ਤਰ੍ਹਾਂ ਸੰਗੀਤਕ ਮਾਹੌਲ ਵਿੱਚ ਰੰਗ ਦਿੱਤਾ।
ਇਸ ਮੌਕੇ ਕਾਲਜ ਦੇ ਅਧਿਆਪਕਾਂ ਅਤੇ ਵਿਭਾਗ ਮੁਖੀਆਂ ਤੋਂ ਇਲਾਵਾ ਸੀ.ਸੀ.ਟੀ. ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਓਪੇਂਦਰ ਕੇ. ਜੈਨ, ਸੀ.ਬੀ.ਐਸ.ਏ. ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਜਾਰਜ ਥੌਮਸ, ਹੋਟਲ ਮੈਨੇਜਮੈਂਟ ਕਾਲਜ ਦੇ ਪ੍ਰਿੰਸੀਪਲ ਤਾਹੀਰ ਸੂਫੀ, ਚੰਡੀਗੜ੍ਹ ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਨੀਨਾ ਸਾਹਨੀ ਅਤੇ ਸੀ.ਆਰ.ਸੀ. ਦੇ ਡਿਪਟੀ ਡਾਇਰੈਕਟਰ ਓਪਰੇਸ਼ਨਜ਼ ਨਵਨੀਤ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…