Nabaz-e-punjab.com

ਮੁਹਾਲੀ ਦੇ ਅਮਨਦੀਪ ਸਿੰਘ ਨੇ ਜਿੱਤੀ ਕਰੋਨਾ ਦੀ ਜੰਗ, ਹਸਪਤਾਲ ’ਚੋਂ ਛੁੱਟੀ ਮਿਲੀ

ਸੈਕਟਰ-16 ਦੇ ਹਸਪਤਾਲ ਚੋਂ ਮਿਲੀ ਛੁੱਟੀ, ਮੁਹਾਲੀ ਦੇ ਸਿਵਲ ਸਰਜਨ ਨੇ ਕੀਤੀ ਪੁਸ਼ਟੀ

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲਿਆ ਸੁੱਖ ਦਾ ਸਾਹ ਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸ਼ਹਿਰ ਮੁਹਾਲੀ ਦੇ ਸੈਕਟਰ-69 ਦੇ ਅਮਨਦੀਪ ਸਿੰਘ (42) ਨੇ ਕਰੋਨਾਵਾਇਰਸ ਦੀ ਜੰਗ ਜਿੱਤ ਲਈ ਹੈ। ਉਸ ਨੂੰ ਹਸਪਤਾਲ ’ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਅੱਜ ਇੱਥੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਅਮਨਦੀਪ ਸਿੰਘ ਨੂੰ ਪਹਿਲਾਂ ਸਰਕਾਰੀ ਹਸਪਤਾਲ ਫੇਜ਼-6 ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੋਇਆ ਸੀ ਪ੍ਰੰਤੂ ਬੀਤੀ 19 ਮਾਰਚ ਨੂੰ ਉਸ ਦੇ ਖੂਨ ਦੇ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਪੀੜਤ ਮਰੀਜ਼ ਨੂੰ ਸੈਕਟਰ16, ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਵਿੱਚ ਦੇਖਭਾਲ ਦੌਰਾਨ ਅਮਨਦੀਪ ਦੇ ਦੋ ਵਾਰ ਖੂਨ ਦੇ ਸੈਂਪਲ ਲੈ ਕੇ ਜਾਂਚ ਕੀਤੀ ਗਈ ਹੈ ਅਤੇ ਦੋਵੇਂ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਸ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਉਂਜ ਡਾਕਟਰਾਂ ਨੇ ਉਸ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਸ਼ਨ ਤਹਿਤ ਆਪਣੇ ਘਰ ਵਿੱਚ ਨਜ਼ਰਬੰਦ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੰਜ ਹੀ ਕਰੋਨਾ ਪੀੜਤ ਇਕ ਹੋਰ ਮਰੀਜ਼ ਰੰਜ਼ਨਾ ਦੇਵੀ ਵਾਸੀ ਫੇਜ਼-5 ਦੀ ਇਕ ਰਿਪੋਰਟ ਨੈਗੇਟਿਵ ਆ ਚੁੱਕੀ ਅਤੇ ਦੂਜੀ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਰੰਜਨਾ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆਈ ਤਾਂ ਉਸ ਨੂੰ ਵੀ ਹਸਪਤਾਲ ’ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ। ਰੰਜਨਾ ਮੁਹਾਲੀ ਦੀ ਵਾਹਨ ਕੰਪਨੀ ਵਿੱਚ ਨੌਕਰੀ ਕਰਦੀ ਹੈ। ਉਹ ਕੁਝ ਦਿਨ ਪਹਿਲਾਂ ਕੰਪਨੀ ਮਾਲਕ ਦੀ ਕਰੋਨਾ ਪੀੜਤ ਬੇਟੀ ਦੇ ਸੰਪਰਕ ਵਿੱਚ ਆਉਣ ਕਾਰਨ ਖ਼ੁਦ ਵੀ ਲਪੇਟੇ ਵਿੱਚ ਆ ਗਈ ਸੀ। ਰੰਜਨਾ ਦੀ ਪੀਜੀ ਮਾਲਕਣ ਵੀ ਜੇਰੇ ਇਲਾਜ ਹੈ।
ਉਧਰ, ਸੈਕਟਰ-69 ਦੇ ਵਸਨੀਕਾਂ ਨੇ ਵੀ ਅਮਨਦੀਪ ਦੇ ਠੀਕ ਹੋਣ ਨਾਲ ਸੁੱਖ ਦਾ ਸਾਹ ਲਿਆ ਹੈ ਜਦੋਂਕਿ ਪਹਿਲਾਂ ਮੁਹੱਲੇ ਦੇ ਲੋਕ ਕਾਫੀ ਭੈਅ-ਭੀਤ ਸਨ। ਸੈਕਟਰ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਅਮਨਦੀਪ ਸਿੰਘ ਅਤੇ ਉਸ ਦਾ ਪਿਤਾ ਹਰਦੇਵ ਸਿੰਘ ਇੰਗਲੈਂਡ ਤੋਂ ਵਾਪਸ ਆਏ ਸਨ। ਇਸੇ ਘਰ ਵਿੱਚ ਅਮਨਦੀਪ ਦੀ ਭੈਣ ਅਤੇ ਜੀਜਾ ਵੀ ਰਹਿੰਦੇ ਹਨ। ਉਹ ਆਪਣੀ ਮਾਂ ਨਾਲ ਹੇਠਲੀ ਮੰਜ਼ਲ ’ਤੇ ਰਹਿੰਦੇ ਹਨ ਜਦੋਂਕਿ ਹਰਦੇਵ ਸਿੰਘ ਉੱਪਰਲੀ ਮੰਜ਼ਲ ’ਤੇ ਆਪਣੀ ਧੀ-ਜਵਾਈ ਨਾਲ ਰਹਿੰਦਾ ਹੈ। ਅਮਨਦੀਪ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਘਰ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਸੀ।
(ਬਾਕਸ ਆਈਟਮ)
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਇੱਥੋਂ ਦੇ ਫੇਜ਼-3ਏ ਦੀ ਵਸਨੀਕ ਗੁਰਦੇਵ ਕੌਰ (69), ਉਸ ਵੱਡੀ ਭੈਣ ਰੇਸ਼ਮ ਕੌਰ (74), ਸੈਕਟਰ-69 ਦੇ ਅਮਨਦੀਪ ਸਿੰਘ ਦੀ ਪਤਨੀ ਆਰਤੀ ਸ਼ਰਮਾ (36), ਫੇਜ਼-5 ਦੀ ਰੰਜਨਾ ਦੇਵੀ ਅਤੇ ਉਸ ਦੀ ਪੀਜੀ ਮਾਲਕਣ ਕੁਲਵੰਤ ਕੌਰ, ਕਪਿਲ ਸ਼ਰਮਾ (55) ਵਾਸੀ ਜਗਤਪੁਰਾ, ਇੱਥੋਂ ਦੇ ਫੇਜ਼-9 ਦੀ ਵਸਨੀਕ ਜਗਦੀਸ਼ ਕੌਰ (76), ਉਸ ਦੀ ਦੋਹਤੀ ਏਕਮਵੀਰ ਕੌਰ (11), ਰਜਾਕ ਮੁਹੰਮਦ ਉਰਫ਼ ਰਾਜੂ ਵਾਸੀ ਮੌਲੀ ਬੈਦਵਾਨ ਅਤੇ ਗੁਲਜ਼ਾਰ ਖਾਨ ਵਾਸੀ ਪਿੰਡ ਕੁੰਭੜਾ (ਸੈਕਟਰ-68) ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਡਾਕਟਰਾਂ ਅਨੁਸਾਰ ਇਨ੍ਹਾਂ ਸਾਰਿਆਂ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ। ਜਦੋਂਕਿ ਨਵਾਂ ਗਰਾਓਂ ਦੇ ਓਮ ਪ੍ਰਕਾਸ਼ ਦੀ ਪਿਛਲੇ ਦਿਨੀਂ ਮੌਤ ਹੋ ਚੁੱਕੀ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…