ਅਮਨਿੰਦਰ ਕੌਰ ਬਰਾੜ ਨੇ ਮੁਹਾਲੀ ਦੇ ਏਡੀਸੀ (ਜਨਰਲ) ਵਜੋਂ ਅਹੁਦਾ ਸੰਭਾਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਸੁਧਾਰਾਂ ਲਈ ਚੁੱਕੇ ਗਏ ਕਦਮਾਂ ਤਹਿਤ 2012 ਬੈਚ ਦੀ ਟਾਪਰ ਰਹੀ ਸੀਨੀਅਰ ਪੀਐਸਐਸ ਅਫ਼ਸਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੂੰ ਮੁਹਾਲੀ ਦਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤਾਇਨਾਤ ਕੀਤਾ ਗਿਆ ਹੈ। ਸ੍ਰੀਮਤੀ ਬਰਾੜ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਸੇਮ ਚੰਦ, ਐਸਡੀਐਮ ਹਰਬੰਸ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਪਹਿਲਾ ਉਹ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਸੰਯੁਕਤ ਸਕੱਤਰ ਰਹਿ ਚੁੱਕੇ ਹਨ। ਉਹ ਮੁਹਾਲੀ ਜ਼ਿਲ੍ਹੇ ਵਿੱਚ ਸਬ ਡਵੀਜ਼ਨ ਖਰੜ ਵਿੱਚ ਬਤੌਰ ਐਸਡੀਐਮ ਅਤੇ ਗਮਾਡਾ ਦੇ ਅਸਟੇਟ ਅਫ਼ਸਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ।
ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਨਾਲ ਵਿਕਾਸ ਅਤੇ ਦਫ਼ਤਰਾਂ ਕੰਮਾਂ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਸਮੁੱਚੇ ਜ਼ਿਲ੍ਹੇ ਵਿੱਚ ਚੱਲ ਰਹੇ ਕਾਰਜਾਂ ਅਤੇ ਅਸਲਾ ਲਾਇਸੈਂਸ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਵਿਕਾਸ ਪੱਖੋਂ ਮੁਹਾਲੀ ਜ਼ਿਲ੍ਹੇ ਨੂੰ ਬੁਲੰਦੀਆਂ ’ਤੇ ਲਿਜਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਅਤੇ ਦਫ਼ਤਰੀ ਸਟਾਫ਼ ਨੂੰ ਹਦਾਇਤ ਕੀਤੀ ਕਿ ਸ਼ਹਿਰੀ ਖੇਤਰ ਅਤੇ ਦੂਰਦੁਰਾਡੇ ਪਿੰਡਾਂ ਤੋਂ ਆਪਣੇ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ। ਉਨ੍ਹਾਂ ਨੇ ਸੁਵਿਧਾ ਕੇਂਦਰਾਂ ਦੀ ਕਾਰਗੁਜ਼ਾਰੀ ਵਿੱਚ ਵੀ ਹੋਰ ਵਧੇਰੇ ਸੁਧਾਰ ਲਿਆਉਣ ਲਈ ਕਿਹਾ।
ਇਸੇ ਦੌਰਾਨ ਡੀਸੀ ਦਫ਼ਤਰ ਐਂਪਲਾਈਜ਼ ਯੂਨੀਅਨ ਦੇ ਸੂਬਾ ਚੇਅਰਮੈਨ ਓਮ ਪ੍ਰਕਾਸ਼, ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਰੁੜਕਾ, ਕੁਲਦੀਪ ਚੰਦ, ਗੁਰਦੇਵ ਸਿੰਘ ਖਰੜ ਅਤੇ ਹੋਰਨਾਂ ਦਫ਼ਤਰੀ ਮੁਲਾਜ਼ਮਾਂ ਨੇ ਏਡੀਸੀ ਸ੍ਰੀਮਤੀ ਬਰਾੜ ਨੂੰ ਫੁੱਲਾਂ ਦਾ ਗੁਲਦਸ਼ਤਾ ਭੇਟ ਕਰਕੇ ਸਵਾਗਤ ਕੀਤਾ ਅਤੇ ਦਫ਼ਤਰੀ ਕੰਮਾਂ ਵਿੱਚ ਪੂਰਾ ਸਹਿਯੋਗ ਦੇਣ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।