ਅਮਨਜੋਤ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਪੇਕੇ ਪਰਿਵਾਰ, ਪੰਜਾਬ ਤੇ ਕਿਸਾਨਾਂ ਨਾਲ ਗ਼ੱਦਾਰੀ ਕੀਤੀ: ਰਾਮੂਵਾਲੀਆ

ਅਮਨਜੋਤ ਕੌਰ ਹੁਣ ਆਪਣੇ ਨਾਮ ਨਾਲ ਰਾਮੂਵਾਲੀਆ ਲਿਖਣਾ ਬੰਦ ਕਰੇ: ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਰਾਮੂਵਾਲੀਆ ਅਤੇ ਉਨ੍ਹਾਂ ਦੇ ਸਮਰਥਕ ਕਾਫ਼ੀ ਦੁਖੀ ਨਜ਼ਰ ਆਏ। ਅੱਜ ਸ਼ਾਮ ਇੱਥੋਂ ਦੇ ਫੇਜ਼-9 ਸਥਿਤ ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਉਸ ਦੀ ਧੀ ਨੇ ਪੇਕੇ ਪਰਿਵਾਰ ਸਮੇਤ ਪੰਜਾਬ ਅਤੇ ਕਿਸਾਨਾਂ ਨਾਲ ਗ਼ੱਦਾਰੀ ਕੀਤੀ ਹੈ। ਇਸ ਬਜਰ ਗਲਤੀ ਲਈ ਉਹ ਉਸ (ਅਮਨਜੋਤ) ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਨੇ ਆਪਣੀ ਧੀ ਨਾਲ ਸਾਰੇ ਸਬੰਧ ਤੋੜਨ ਦੀ ਗੱਲ ਵੀ ਆਖੀ। ਉਨ੍ਹਾਂ ਨੇ ਅਮਨਜੋਤ ਦੇ ਇਸ ਫੈਸਲੇ ਨੂੰ ਬੇਸਮਝੀ ਵਾਲਾ ਕਦਮ ਦੱਸਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਬਾਪ ਦੀ ਉਂਗਲ ਫੜ ਕੇ ਰਾਜਨੀਤੀ ਦਾ ਪਹਿਲਾ ਪਾਠ ਪੜ੍ਹਨ ਵਾਲੀ ਉਸ ਦੀ ਧੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਰਾਇ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਅਮਨਜੋਤ ਦਾ ਨਾਂ ਸਕੂਲ ਸਮੇਂ ਤੋਂ ਅਮਨਜੋਤ ਕੌਰ ਗਿੱਲ ਰਿਹਾ ਹੈ ਅਤੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਸ ਨੇ ਆਪਣੇ ਨਾਮ ਨਾਲ ਰਾਮੂਵਾਲੀਆ ਲਿਖਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਪ੍ਰਸਿੱਧ ਕਵੀਸ਼ਰ ਹੋਣ ਦੇ ਨਾਲ ਨਾਲ ਦੇਸ਼ ਭਗਤ ਸਨ ਅਤੇ ਮਾਰਕਸਵਾਦੀ ਵਿਚਾਰਾਂ ਦੇ ਧਾਰਨੀ ਸਨ। ਦੇਸ਼ ਦੀ ਵੰਡ ਵੇਲੇ ਉਨ੍ਹਾਂ ਦੇ ਪਿਤਾ ਦੀ ਉਮਰ 31 ਸਾਲ ਸੀ, ਉਨ੍ਹਾਂ ਨੇ ਆਪਣੀ ਦੇਖਰੇਖ ਵਿੱਚ ਰਾਮੂਵਾਲਾ ਪਿੰਡ ਦੇ ਮੁਸਲਮਾਨਾਂ ਨੂੰ ਫਾਜ਼ਿਲਕਾ ਵਿੱਚ ਸਹੀ ਸਲਾਮਤ ਪਹੁੰਚਾ ਕੇ ਸਰਹੱਦ ਪਾਰ ਕਰਵਾਈ ਸੀ। ਉਨ੍ਹਾਂ ਕਿਹਾ ਕਿ ਉਹ ਵੀ ਸਾਰੀ ਉਮਰ ਆਰਐਸਐਸ ਅਤੇ ਜਨਸੰਘ ਦੇ ਸਖ਼ਤ ਵਿਰੋਧੀ ਰਹੇ ਪਰ ਉਨ੍ਹਾਂ ਦੀ ਬੇਟੀ ਅਮਨਜੋਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਅੱਜ ਉਨ੍ਹਾਂ ਦੇ ਪਰਿਵਾਰ ਲਈ ਇਹ ਸਭ ਤੋਂ ਮਾੜਾ ਦਿਨ ਹੈ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ 12 ਦਿਨ ਮਮਤਾ ਬੈਨਰਜੀ ਦੀ ਮਦਦ ਕੀਤੀ, ਪੱਛਮੀ ਬੰਗਾਲ ਵਿੱਚ ਭਾਜਪਾ ਨੇ ਇਕ ਮਹਾਂ ਭਾਰਤ ਜਿੰਨਾ ਜ਼ੋਰ ਲਗਾਇਆ ਹੋਇਆ ਸੀ ਪਰ ਇਸਦੇ ਬਾਵਜੂਦ ਭਾਜਪਾ ਉੱਥੇ ਹਾਰ ਗਈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੱਲੋਂ ਯੂਪੀ ਚੋਣਾਂ ਜਿੱਤਣ ਲਈ ਪਹਿਲਾਂ ਤੋਂ ਵੀ ਵੱਧ ਜੋਰ ਲਗਾਇਆ ਜਾ ਰਿਹਾ ਹੈ ਅਤੇ ਸਿਆਸੀ ਆਗੂਆਂ ਦੇ ਪਰਿਵਾਰਾਂ ਵਿੱਚ ਫੁੱਟ ਪਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਇਸ ਫੁੱਟ ਦਾ ਲਾਹਾ ਲਿਆ ਜਾ ਸਕੇ। ਭਾਜਪਾ ਨੂੰ ਪਰਿਵਾਰ ਤੋੜਨ ਦੀ ਰਾਜਨੀਤੀ ਕਾਫ਼ੀ ਮਹਿੰਗੀ ਪਵੇਗੀ। ਉਨ੍ਹਾਂ ਨੇ ਆਪਣੀ ਧੀ ਨੂੰ ਭਵਿੱਖ ਆਪਣੇ ਨਾਮ ਨਾਲ ਰਾਮੂਵਾਲੀਆ ਸ਼ਬਦ ਲਿਖਣ ਤੋਂ ਵਰਜਦਿਆਂ ਕਿਹਾ ਕਿ ਉਹ ਵਿਆਹ ਤੋਂ ਬਾਅਦ ਉਸ ਦਾ ਹੁਣ ਰਾਮੂਵਾਲੀਆ ਪਿੰਡ ਨਾਲ ਕੋਈ ਸਬੰਧ ਨਹੀਂ ਹੈ। ਲਿਹਾਜ਼ਾ ਹੁਣ ਉਹ ਸਿਆਸੀ ਮੈਦਾਨ ਵਿੱਚ ਅਮਨਜੋਤ ਕੌਰ ਵਜੋਂ ਵਿਚਰੇ ਕਿਉਂਕਿ ਹੁਣ ਰਾਮੂਵਾਲੀਆ ਪਰਿਵਾਰ ਨੇ ਵੀ ਅਮਨਜੋਤ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਉਂਜ ਉਨ੍ਹਾਂ ਨੇ ਆਪਣੀ ਧੀ ਨੂੰ ਕਿਸਾਨਾਂ ਤੋਂ ਜਨਤਕ ਮੁਆਫ਼ੀ ਮੰਗਣ ਦੀ ਵੀ ਸਲਾਹ ਦਿੱਤੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …