ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਅਮਰਪਾਲ ਸਿੰਘ ਨੇ ਅਹੁਦਾ ਸੰਭਾਲਿਆ
ਸਿੱਖਿਆ ਮਨੁੱਖੀ ਜੀਵਨ ਜਾਚ ਦੀ ਬੁਨਿਆਦ: ਡਾ. ਅਮਰਪਾਲ ਸਿੰਘ
ਨਬਜ਼-ਏ-ਪੰਜਾਬ, ਮੁਹਾਲੀ, 6 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਪਟਿਆਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ ਦੇ ਵਸਨੀਕ ਅਮਰਪਾਲ ਸਿੰਘ 1993 ਬੈਚ ਦੇ ਪੀਸੀਐੱਸ ਰਾਹੀਂ ਪ੍ਰਸ਼ਾਸਨਿਕ ਸੇਵਾ ਵਿੱਚ ਆਏ ਹਨ ਅਤੇ 2008 ਵਿੱਚ ਆਈਏਐੱਸ ਬਣੇ ਸਨ। ਉਨ੍ਹਾਂ ਦੇ ਪਿਤਾ ਡਾ. ਬਚਿੱਤਰ ਸਿੰਘ ਇੱਕ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸਨ, ਜੋ ਸਿਹਤ ਵਿਭਾਗ ਦੇ ਡਾਇਰੈਕਟਰ ਰਹੇ ਅਤੇ ਮਾਤਾ ਜਸਵੰਤ ਕੌਰ ਸਟੇਟ ਐਵਾਰਡੀ ਅਧਿਆਪਕ ਸਨ, ਜੋ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹਨ।
ਡਾ. ਅਮਰਪਾਲ ਸਿੰਘ ਇੱਕ ਵਿਲੱਖਣ ਅਫ਼ਸਰ ਵਜੋਂ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਖੇਤਰ ਵਿੱਚ ਕੀਤੀ ਗਈ। ਸਰਵਿਸ ਦੌਰਾਨ ਉਨ੍ਹਾਂ ਨੂੰ ਕਈ ਨੈਸ਼ਨਲ ਐਵਾਰਡ ਦੇ ਕੇ ਨਿਵਾਜਿਆ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਯੂਟੀ ਦੇ ਵੱਖ-ਵੱਖ ਅਦਾਰਿਆਂ ਵਿੱਚ ਕਈ ਮਹੱਤਵਪੂਰਨ ਵਿਭਾਗਾਂ ਵਿੱਚ ਕੰਮ ਕੀਤਾ। ਡਾ. ਅਮਰਪਾਲ ਸਿੰਘ ਪੰਜਾਬ ਰਾਜ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਸਕੱਤਰ-ਕਮ-ਸੀਈਓ, ਡਾਇਰੈਕਟਰ ਉਚੇਰੀ ਸਿੱਖਿਆ, ਡਾਇਰੈਕਟਰ ਟਰਾਂਸਪੋਰਟ (ਯੂਟੀ), ਐੱਮਡੀ ਪਨਸਪ, ਸੀਈਓ ਪੇਡਾ, ਸਟੇਟ ਟਰਾਂਸਪੋਰਟ ਕਮਿਸ਼ਨਰ, ਡਾਇਰੈਕਟਰ ਡਿਜ਼ਾਸਟਰ ਮੈਨੇਜਮੈਂਟ ਆਦਿ ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ 31 ਦਸੰਬਰ 2023 ਨੂੰ ਸੇਵਾਮੁਕਤ ਹੋਏ। ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅਜਿਹੇ ਤਜਰਬੇਕਾਰ ਸ਼ਖ਼ਸੀਅਤ ਦੀ ਲੋੜ ਸੀ।
ਡਾ. ਅਮਰਪਾਲ ਸਿੰਘ ਨੇ ਆਪਣੀ ਨਿਯੁਕਤੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਬੋਰਡ ਰਾਜ ਦਾ ਇੱਕ ਬਹੁਤ ਅਹਿਮ ਅਦਾਰਾ ਹੈ ਕਿਉਂਕਿ ਸਿੱਖਿਆ ਮਨੁੱਖੀ ਜੀਵਨ ਜਾਚ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੋਰਡ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਨੌਤੀਆਂ ਦਾ ਬੋਰਡ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।
ਅਹੁਦਾ ਸੰਭਾਲਣ ਤੋਂ ਬਾਅਦ ਨਵੇਂ ਚੇਅਰਮੈਨ ਬੋਰਡ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਇਮਾਨਦਾਰੀ, ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿੱਚ ਬੋਰਡ ਦਾ ਅਕਸ ਹੋਰ ਉਭਾਰਨ ਦੀ ਲੋੜ ਹੈ ਤਾਂ ਜੋ ਬੋਰਡ ਦੇ ਕੰਮਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇ। ਇਹ ਅਦਾਰਾ ਵਿਦਿਆਰਥੀਆਂ ਨਾਲ ਸਬੰਧਤ ਹੈ, ਇਸ ਲਈ ਵਿਦਿਆਰਥੀ ਦੀ ਕਿਸੇ ਵੀ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਨਜਿੱਠਿਆ ਜਾਵੇ। ਉਨ੍ਹਾਂ ਬੋਰਡ ਦਫ਼ਤਰ ਵਿੱਚ ਨਵੀਨੀਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਸਮੱਸਿਆ ਦੇ ਹੱਲ ਲਈ ਦੂਰ-ਦੁਰਾਡੇ ਤੋਂ ਚੱਲ ਕੇ ਮੁਹਾਲੀ ਮੁੱਖ ਦਫ਼ਤਰ ਵਿੱਚ ਨਾ ਆਉਣਾ ਪਵੇ।
ਇਸ ਮੌਕੇ ਸਿੱਖਿਆ ਬੋਰਡ ਦੇ ਸਕੱਤਰ ਪਰਲੀਨ ਕੌਰ ਬਰਾੜ, ਸੰਯੁਕਤ ਸਕੱਤਰ ਜੇਆਰ ਮਹਿਰੋਕ, ਕੰਟਰੋਲਰ (ਪ੍ਰੀਖਿਆਵਾਂ) ਲਵਿਸ਼ ਚਾਵਲਾ ਉਪ ਸਕੱਤਰ ਗੁਰਤੇਜ ਸਿੰਘ, ਡਾ. ਗੁਰਮੀਤ ਕੌਰ ਅਤੇ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨਾਲ ਹੋਰ ਨੁਮਾਇੰਦੇ ਵੀ ਹਾਜ਼ਰ ਸਨ।