Share on Facebook Share on Twitter Share on Google+ Share on Pinterest Share on Linkedin ਪਿੰਡ ਬਾਕਰਪੁਰ ਤੋਂ ਸ਼ੁਰੂ ਕੀਤੀ ਡਾ. ਬੀ.ਆਰ. ਅੰਬੇਦਕਰ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਕਾਲਰਸ਼ਿਪ ਸਕੀਮ ਲਈ ਪਰਿਵਾਰ ਦੀ ਸਾਲਾਨਾ ਆਮਦਨ ਦੀ ਹੱਦ ਵਧਾ ਕੇ 4 ਲੱਖ ਕੀਤੀ: ਸਿੱਧੂ ਸਿਹਤ ਮੰਤਰੀ ਸਿੱਧੂ ਨੇ ਪਿੰਡ ਬਾਕਰਪੁਰ ਵਿੱਚ ਆਂਗਨਵਾੜੀ ਸੈਂਟਰ ਦਾ ਕੀਤਾ ਉਦਘਾਟਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨੈਤਿਕ ਤੇ ਮਾਨਵੀ ਕਦਰਾਂ ਕੀਮਤਾਂ ਦੇ ਮਹਾਨ ਗ੍ਰੰਥ ‘ਰਮਾਇਣ’ ਦੇ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਮੁਹਾਲੀ ਹਵਾਈ ਅੱਡਾ ਨੇੜਲੇ ਪਿੰਡ ਬਾਕਰਪੁਰ ਤੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਵੀਂ ਡਾ. ਬੀ.ਆਰ. ਅੰਬੇਦਕਰ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਅਤੇ ਸਰਕਾਰੀ ਕਾਲਜ ਡੇਰਾਬਸੀ ਵਿੱਚ ਪੜ੍ਹਦੇ ਪੰਜ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਲਾਭ ਦੇ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਤੋਂ ਪਹਿਲਾਂ ਮੰਤਰੀ ਨੇ ਪਿੰਡ ਬਾਕਰਪੁਰ ਵਿੱਚ 10 ਲੱਖ ਦੀ ਲਾਗਤ ਨਾਲ ਬਣਾਏ ਗਏ ਆਂਗਨਵਾੜੀ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਆਂਗਨਵਾੜੀ ਸੈਂਟਰ ਦੀ ਉਸਾਰੀ ’ਤੇ 6.5 ਲੱਖ ਰੁਪਏ ਸਰਕਾਰੀ ਫੰਡ ਅਤੇ ਬਾਕੀ ਰਾਸ਼ੀ ਦਾਨੀ ਸੱਜਣਾਂ ਵੱਲੋਂ ਖ਼ਰਚ ਕੀਤੀ ਗਈ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਾਡੀ ਸਰਕਾਰ ਨੇ ਹਮੇਸ਼ਾ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨੂੰ ਅੱਗੇ ਲੈ ਕੇ ਆਉਣ ਲਈ ਸਿਰਤੋੜ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਵੀ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਵੀ ਗਰੀਬ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਨਵੀਂ ਵਜ਼ੀਫ਼ਾ ਸਕੀਮ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਜ਼ੀਫ਼ਾ ਸਕੀਮ ਤਹਿਤ ਵੱਧ ਤੋਂ ਵੱਧ ਆਮਦਨ ਦੀ ਸ਼ਰਤ 2.5 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਤੱਕ ਇਸਦਾ ਲਾਭ ਪੁੱਜਦਾ ਕੀਤਾ ਜਾ ਸਕੇ। ਮੰਤਰੀ ਨੇ ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਸ਼ੁਰੂ ਹੋਣ ਨਾਲ ਹੁਣ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਦਸਵੀਂ ਤੋਂ ਬਾਅਦ ਦੀ ਸਿੱਖਿਆ ਲਈ ਕੋਰਸ ਫੀਸ ਦਾ ਬੋਝ ਨਹੀਂ ਪਵੇਗਾ। ਜਦੋਂਕਿ ਪਹਿਲਾਂ ਹੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਸਵੀਂ ਤੱਕ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦਸਵੀਂ ਤੋਂ ਬਾਅਦ ਦਿੱਤੀ ਜਾਣ ਵਾਲੀ ਵਜ਼ੀਫ਼ਾ ਸਕੀਮ ਬੰਦ ਕਰਨ ਦੇ ਫੈਸਲੇ ਨਾਲ ਦਲਿਤ ਭਾਈਚਾਰੇ ਦੇ ਨੁਕਸਾਨ ਦੀ ਪੂਰਤੀ ਹੁਣ ਕਾਂਗਰਸ ਸਰਕਾਰ ਨੇ ਆਪਣੇ ਦਮ ’ਤੇ ਨਵੀਂ ਐਸਸੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਏਡੀਸੀ (ਵਿਕਾਸ) ਰਾਜੀਵ ਗੁਪਤਾ, ਡੀਡੀਪੀਓ ਡੀਕੇ ਸਾਲਦੀ, ਬੀਡੀਪੀਓ ਹਿਤੇਨ ਕਪਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਮੋਹਨ ਸਿੰਘ ਬਠਲਾਣਾ, ਬਲਾਕ ਸਮਿਤੀ ਦੇ ਚੇਅਰਮੈਨ ਗੁਰਵਿੰਦਰ ਸਿੰਘ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਛੱਜਾ ਸਿੰਘ ਸਰਪੰਚ ਕੁਰੜੀ, ਅਜੈਬ ਸਿੰਘ ਬਾਕਰਪੁਰ, ਜਸਵਿੰਦਰ ਸਿੰਘ, ਰਣਜੀਤ ਸਿੰਘ, ਹਰੀ ਸਿੰਘ (ਸਾਰੇ ਪੰਚ) ਬਲਾਕ ਸਮਿਤੀ ਮੈਂਬਰ ਸੁਰਿੰਦਰ ਕੌਰ, ਅਮਰੀਕ ਸਿੰਘ ਸਰਪੰਚ ਕੰਬਾਲਾ, ਰਣਜੀਤ ਸਿੰਘ ਸਰਪੰਚ ਜਗਤਪੁਰ, ਜਗਦੇਵ ਸਿੰਘ ਜੱਗੀ ਸਰਪੰਚ ਮੋਟੇਮਾਜਰਾ, ਮਨਫੂਲ ਸਿੰਘ ਸਰਪੰਚ ਬੜੀ, ਸਰਵਨ ਸਿੰਘ ਸਰਪੰਚ ਦੁਰਾਲੀ, ਹਰਜਿੰਦਰ ਕੌਰ ਸਰਪੰਚ ਸਫੀਪੁਰ ਅਤੇ ਭਗਵਾਨ ਵਾਲਮੀਕਿ ਕਮੇਟੀ ਸਮੇਤ ਵਾਲਮੀਕਿ ਸਮਾਜ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ