Nabaz-e-punjab.com

ਪੰਜਾਬ ਸਰਕਾਰ ਦੀ ਢਿੱਲ ਮੱਠ ਕਾਰਨ ਸਰਕਾਰੀ ਹਸਪਤਾਲਾਂ ’ਚ ਪੁੱਜਦੀਆਂ ਕਰਨ ਤੋਂ ਰਹਿ ਗਈਆਂ ਐਂਬੂਲੈਂਸ ਗੱਡੀਆਂ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲੱਗਣ ਕਾਰਨ ਦੋ ਮਹੀਨੇ ਹੋਰ ਕਰਨਗੀ ਪਵੇਗੀ ਉਡੀਕ

ਮੁੱਖ ਮੰਤਰੀ ਤੇ ਸਿਹਤ ਮੰਤਰੀ ਵੱਲੋਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਉਣ ਦਾ ਪ੍ਰੋਗਰਾਮ ਨਾ ਉਲੀਕੇ ਜਾਣ ਕਾਰਨ ਮਾਮਲਾ ਲਮਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਪੰਜਾਬ ਸਰਕਾਰ ਦੀ ਕਥਿਤ ਢਿੱਲ ਮੱਠ ਕਾਰਨ ਸੂਬੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਐਂਬੂਲੈਂਸ ਗੱਡੀਆਂ ’ਤੇ ਮਿੱਟੀ ਦੀ ਪਰਤ ਜਮ ਗਈ ਹੈ। ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਦਰਜਨਾਂ ਐਂਬੂਲੈਂਸਾਂ ਗੱਡੀਆਂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਦੇ ਵਿਹੜੇ ਵਿੱਚ ਖੜ੍ਹੀਆਂ ਹਨ। ਲੇਕਿਨ ਹੁਣ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸਰਕਾਰੀ ਹਸਪਤਾਲਾਂ ਨੂੰ ਇਨ੍ਹਾਂ ਐਂਬੂਲੈਂਸਾਂ ਲਈ ਦੋ ਮਹੀਨੇ ਹੋਰ ਉਡੀਕ ਕਰਨੀ ਪਵੇਗੀ। ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਕਿਹਾ ਕਿ ਜੇਕਰ ਇਹ ਐਂਬੂਲੈਂਸ ਗੱਡੀਆਂ ਤੁਰੰਤ ਨਹੀਂ ਵੰਡੀਆਂ ਗਈਆਂ ਤਾਂ ਇਨ੍ਹਾਂ ਦੇ ਟਾਇਰ ਅਤੇ ਹੋਰ ਸਾਜੋ ਸਾਮਾਨ ਖਰਾਬ ਹੋਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਲੋਕ ਹਿੱਤ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈ ਕੇ ਐਂਬੂਲੈਂਸ ਗੱਡੀਆਂ ਤੁਰੰਤ ਸਬੰਧਤ ਹਸਪਤਾਲਾਂ ਨੂੰ ਸੌਂਪੀਆਂ ਜਾਣ। ਬਸ਼ਰਤੇ ਹੁਕਮਰਾਨ ਪਾਰਟੀ ਲੋਕ ਸਭਾ ਚੋਣਾਂ ਵਿੱਚ ਐਂਬੂਲੈਂਸ ਸਬੰਧੀ ਕੋਈ ਸਿਆਸੀ ਲਾਹਾ ਨਾ ਲੈ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਐਂਬੂਲੈਂਸ ਗੱਡੀਆਂ ਖਰੀਦੀਆਂ ਗਈਆਂ ਸਨ, ਜੋ ਫਰਵਰੀ ਮਹੀਨੇ ਪੰਜਾਬ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿੱਚ ਭੇਜੀਆਂ ਜਾਣੀਆਂ ਸਨ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਇਨ੍ਹਾਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਉਣ ਦਾ ਪ੍ਰੋਗਰਾਮ ਨਾ ਉਲੀਕੇ ਜਾਣ ਕਾਰਨ ਇਹ ਮਾਮਲਾ ਲਮਕਦਾ ਚਲਾ ਗਿਆ ਅਤੇ ਹੁਣ ਚੋਣ ਜ਼ਾਬਤਾ ਲਾਗੂ ਹੋ ਜਾਣ ਕਾਰਨ ਇਹ ਪ੍ਰੋਗਰਾਮ ਠੰਡੇ ਬਸਤੇ ਵਿੱਚ ਪੈ ਗਿਆ ਹੈ।
ਉਧਰ, ਕਈ ਹਸਪਤਾਲਾਂ ਵਿੱਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਐਂਬੂਲੈਂਸ ਗੱਡੀਆਂ ਨਾ ਹੋਣ ਕਾਰਨ ਜਿੱਥੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਮੁਹਾਲੀ ਵਿੱਚ ਖੜੀਆਂ ਇਹ ਐਂਬੂਲੈਂਸ ਗੱਡੀਆਂ ਨੂੰ ਜੰਗ ਲੱਗਣ ਦਾ ਖਦਸ਼ਾ ਹੈ। ਇਹ ਵੀ ਪਤਾ ਲੱਗਾ ਹੈ ਕਿ ਸਿਹਤ ਵਿਭਾਗ ਵੱਲੋਂ ਸਬੰਧਤ ਹਸਪਤਾਲਾਂ ਲਈ ਐਂਬੂਲੈਂਸ ਗੱਡੀਆਂ ਰਵਾਨਾ ਕਰਨ ਸਬੰਧੀ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਦੀ ਪੈਰਵੀ ਕੀਤੀ ਜਾ ਰਹੀ ਹੈ ਲੇਕਿਨ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਹੈ।
(ਬਾਕਸ ਆਈਟਮ)
ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਐਂਬੂਲੈਂਸ ਗੱਡੀਆਂ ਸਬੰਧਤ ਸਰਕਾਰੀ ਹਸਪਤਾਲਾਂ ਨੂੰ ਮੁਹੱਈਆ ਕਰਵਾਉਣ ਲਈ ਕਾਫੀ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ ਪ੍ਰੰਤੂ ਕਿਸੇ ਕਾਰਨ ਇਹ ਗੱਡੀਆਂ ਰਵਾਨਾ ਨਹੀਂ ਹੋ ਸਕੀਆਂ ਪ੍ਰੰਤੂ ਹੁਣ ਲੋਕ ਸਭਾ ਚੋਣਾਂ ਦੇ ਚੱਲਦਿਆਂ ਐਤਕੀਂ ਕਾਫੀ ਸਮਾਂ ਪਹਿਲਾਂ ਹੀ ਆਦਰਸ਼ ਚੋਣ ਜ਼ਾਬਤਾ ਲੱਗਣ ਕਾਰਨ ਸਰਕਾਰ ਇਨ੍ਹਾਂ ਨੂੰ ਰਵਾਨਾ ਨਹੀਂ ਸਕੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਨਾਲ ਤਾਲਮੇਲ ਕਰਕੇ ਪ੍ਰਵਾਨਗੀ ਲੈਣ ਦੀ ਪੈਰਵੀ ਕੀਤੀ ਜਾ ਰਹੀ ਹੈ। ਜੇਕਰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਤੁਰੰਤ ਸਬੰਧਤ ਸਰਕਾਰੀ ਹਸਪਤਾਲਾਂ ਲਈ ਰਵਾਨਾਂ ਕਰ ਦਿੱਤੀਆਂ ਜਾਣਗੀਆਂ ਨਹੀਂ ਤਾਂ ਚੋਣਾਂ ਤੋਂ ਬਾਅਦ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

Load More Related Articles
Load More By Nabaz-e-Punjab
Load More In Government

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …