Share on Facebook Share on Twitter Share on Google+ Share on Pinterest Share on Linkedin 85ਵੀਂ ਸੋਧ ਤੇ ਕੈਪਟਨ ਸਰਕਾਰ ਦੀ ਦਲਿਤ ਵਿਰੋਧੀ ਨੀਤੀਆਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ਵੱਲ ਕੂਚ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਯੂਟੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕਿਆ, ਚੱਕਾ ਜਾਮ ਕਰਕੇ ਧਰਨੇ ’ਤੇ ਬੈਠੇ ਮੁਜ਼ਾਹਰਾਕਾਰੀ ਜਾਇਜ਼ ਮੰਗਾਂ ਮੰਨਣ ਲਈ ਸਰਕਾਰ ਨੂੰ 7 ਦਿਨ ਦਾ ਅਲਟੀਮੇਟਮ, ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਨ ਦੀ ਧਮਕੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ: ਗਜ਼ਟਿਡ ਅਤੇ ਨਾਨ ਗਜ਼ਟਿਡ ਐਸਸੀ/ਬੀਸੀ ਐਂਪਲਾਈਜ ਵੈਲਫੇਅਰ ਫੈਡਰੇਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਡਾ. ਅੰਬੇਦਕਰ ਮਿਸ਼ਨ ਕਲੱਬ ਪੰਜਾਬ ਦੇ ਪ੍ਰਧਾਨ ਬਲਰਾਜ ਕੁਮਾਰ ਦੀ ਅਗਵਾਈ ਹੇਠ ਪੰਜਾਬ ਭਰ ’ਚੋਂ ਮੁਹਾਲੀ ਪਹੁੰਚੇ ਦਲਿਤ ਪਰਿਵਾਰਾਂ, ਐਸਸੀ/ਬੀਸੀ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਕੈਪਟਨ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ’ਚੋਂ ਦਲਿਤ ਵਰਗ ਦੇ ਲੋਕ ਅਤੇ ਮੁਲਾਜ਼ਮ ਸਵੇਰੇ 10 ਵਜੇ ਹੀ ਦੁਸਹਿਰਾ ਗਰਾਉਂਡ ਫੇਜ਼-8 ਵਿੱਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ 1 ਵਜੇ ਵੱਡੀ ਭੀੜ ਜਮ੍ਹਾ ਹੋ ਗਈ। ਇੱਥੇ ਵੱਖ ਵੱਖ ਬੁਲਾਰਿਆਂ ਨੇ ਹੁਕਮਰਾਨਾਂ ਨੂੰ ਕੋਸਦਿਆਂ ਸਰਮਾਏਦਾਰਾਂ ਦਾ ਪੱਖ ਪੂਰਨ ਦਾ ਦੋਸ਼ ਲਾਇਆ। ਇਸ ਮਗਰੋਂ ਦਲਿਤ ਵਰਗ ਦੇ ਮੁਲਾਜ਼ਮਾਂ ਨੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਮੁਹਾਲੀ ਦੀਆਂ ਸੜਕਾਂ ’ਤੇ ਵਿਸ਼ਾਲ ਰੋਸ ਮਾਰਚ ਕਰਦਿਆਂ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ। ਹਾਲਾਂਕਿ ਪੁਲੀਸ ਵੱਲੋਂ ਵਾਈਪੀਐਸ ਚੌਂਕ ਨੇੜੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਹ ਪੁਲੀਸ ਦਾ ਸੁਰੱਖਿਆ ਘੇਰਾ ਤੋੜ ਕੇ ਅੱਗੇ ਵਧਣ ਵਿੱਚ ਕਾਮਯਾਬ ਰਹੇ। ਪ੍ਰੰਤੂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪਹਿਲਾਂ ਤੋਂ ਹੀ ਤਾਇਨਾਤ ਯੂਟੀ ਪੁਲੀਸ ਨੇ ਬੈਰੀਕੇਟ ਲਗਾ ਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕ ਲਿਆ। ਇਸ ਦੌਰਾਨ ਪੁਲੀਸ ਨਾਲ ਹਲਕੀ ਫੁਲਕੀ ਧੱਕਾ ਮੁੱਕੀ ਵੀ ਹੋਈ ਪਰ ਮੁਲਾਜ਼ਮ ਉੱਥੇ ਹੀ ਸੜਕ ਉੱਤੇ ਚੱਕਾ ਜਾਾਮ ਕਰਕੇ ਧਰਨਾ ਲਗਾ ਕੇ ਬੈਠ ਗਏ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ 85ਵੀਂ ਸੰਵਿਧਾਨਕ ਸੋਧ ਲਾਗੂ ਕੀਤੀ ਜਾਵੇ ਅਤੇ ਦਸਵੀਂ ਅਤੇ ਬਾਰ੍ਹਵੀਂ ਦੇ ਦਲਿਤ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਵਾਪਸ ਕੀਤੀ ਜਾਵੇ ਅਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਤੁਰੰਤ ਦਿੱਤੇ ਜਾਣ। ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਰੱਦ ਕੀਤਾ ਜਾਵੇ, ਬਜਟ ਦਾ 55 ਫੀਸਦੀ ਹਿੱਸਾ ਗਰੀਬ ਲੋਕਾਂ ਦੀਆਂ ਭਲਾਈ ਸਕੀਮਾਂ ’ਤੇ ਖਰਚ ਕੀਤਾ ਜਾਵੇ, ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਮੌਜੂਦਾ ਤਨਖ਼ਾਹ ’ਤੇ ਪੱਕਾ ਕੀਤਾ ਜਾਵੇ। ਨਿੱਜੀ ਖੇਤਰ ਵਿੱਚ ਰਾਖਵਾਂਕਰਨ ਲਾਗੂ ਕੀਤਾ ਜਾਵੇ, 2017 ਤੋਂ ਬੇਰੁਜ਼ਗਾਰੀ ਭੱਤਾ 2500 ਰੁਪਏ ਤੁਰੰਤ ਦਿੱਤਾ ਜਾਵੇ। ਇਸ ਮੌਕੇ ਜਥੇਬੰਦੀ ਦੇ ਚੇਅਰਮੈਨ ਜਸਬੀਰ ਸਿੰਘ ਪਾਲ, ਬਲਰਾਮ ਕੁਮਾਰ, ਮਲਕੀਤ ਸਿੰਘ ਬਠਿੰਡਾ, ਕੁਲਵਿੰਦਰ ਸਿੰਘ ਹੁਸ਼ਿਆਰਪੁਰ, ਰਜਿੰਦਰ ਮੈਣੀ, ਹਰਦੀਪ ਸਿੰਘ ਮੁਹਾਲੀ, ਸੁਖਚਰਨ ਸਿੰਘ, ਡਾ. ਸੁਖਵਿੰਦਰ ਸਿੰਘ, ਡਾ. ਲਖਮੀਰ ਸਿੰਘ, ਮਨੋਹਰ ਲਾਲ ਫਰੀਦਕੋਟ, ਮਹਿੰਦਰ ਸਿੰਘ ਰੂਪਨਗਰ, ਸ਼ਿਵ ਸਿੰਘ ਬੰਗੜ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਰਾਮ ਆਸਰਾ ਅਤੇ ਹਰਮੇਸ਼ ਲਾਲ ਘੇੜਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਧਰਨਾਕਾਰੀਆਂ ਨੇ ਦਲਿਤ ਵਰਗ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਪੰਜਾਬ ਸਰਕਾਰ ਨੂੰ ਸੱਤ ਦਿਨ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਜੇਕਰ ਇਸ ਦੌਰਾਨ ਜਾਇਜ਼ ਮੰਗਾਂ ਨਹੀਂ ਮੰਨੀਆਂ ਤਾਂ ਪੰਜਾਬ ਦੇ ਪਿੰਡਾਂ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਅਤੇ ਤਹਿਸੀਲਦਾਰ ਸਤਿੰਦਰ ਕੌਰ ਦੀ ਅਗਵਾਈ ਹੇਠ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ