ਅਮਿਟੀ ਵੱਲੋਂ ਮੁਹਾਲੀ ਵਿੱਚ ਯੂਨੀਵਰਸਿਟੀ ਸਥਾਪਿਤ ਕਰਨ ਦਾ ਪ੍ਰਸਤਾਵ

ਕੈਂਪਸ ਦੀ ਸਥਾਪਨਾ ਲਈ 1000-1500 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਫਰਵਰੀ:
ਪੰਜਾਬ ਵਿੱਚ ਨਿਵੇਸ਼ ਲਈ ਪੈਦਾ ਹੋਏ ਸੁਖਾਵੇਂ ਮਾਹੌਲ ਤੋਂ ਉਤਸ਼ਾਹਤ ਹੁੰਦਿਆਂ ਅਤੇ ਸੂਬਾ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਦਿੱਤੀ ਜਾ ਰਹੀ ਤਰਜੀਹ ਦੇ ਮੱਦੇਨਜ਼ਰ ਅਮਿਟੀ ਯੂਨੀਵਰਸਿਟੀ ਨੇ ਮੋਹਾਲੀ ਵਿੱਚ ਆਲ੍ਹਾ ਦਰਜੇ ਦੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਅਮਿਟੀ ਐਜੂਕੇਸ਼ਨ ਗਰੁੱਪ ਦੇ ਮੁਖੀ ਡਾਕਟਰ ਅਤੁਲ ਚੌਹਾਨ ਦੀ ਅਗਵਾਈ ਵਿੱਚ ਵਫਦ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ 1000-1500 ਕਰੋੜ ਰੁਪਏ ਦੀ ਲਾਗਤ ਨਾਲ ਨਿਵੇਸ਼ ਕਰਕੇ 20,000 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਕੈਂਪਸ ਸਥਾਪਿਤ ਕਰਨ ਦੀ ਯੋਜਨਾ ਮੁੱਖ ਮੰਤਰੀ ਨਾਲ ਸਾਂਝੀ ਕੀਤੀ।
ਮੀਟਿੰਗ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਫਦ ਦੀ ਯੋਜਨਾ ਮੋਹਾਲੀ ਵਿੱਚ 50 ਏਕੜ ਰਕਬੇ ਵਿੱਚ ਯੂਨੀਵਰਸਿਟੀ ਸਥਾਪਿਤ ਕਰਨ ਦੀ ਹੈ ਜਿਸ ਲਈ ਇਸ ਗਰੁੱਪ ਨੇ ਮੋਹਾਲੀ ਅਤੇ ਇਸ ਦੇ ਆਲੇ-ਦੁਆਲੇ ਕੁਝ ਥਾਵਾਂ ਵੇਖੀਆਂ ਵੀ ਹੋਈਆਂ ਹਨ। ਵਫਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਥਾਂ ਦੀ ਅੰਤਿਮ ਚੋਣ ਬਹੁਤ ਛੇਤੀ ਕਰ ਲਈ ਜਾਵੇਗੀ। ਵਫਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਗਰੁੱਪ ਵੱਲੋਂ ਵਿਗਿਆਨ ਅਧਾਰਿਤ ਯੂਨੀਵਰਸਿਟੀ ਦੀ ਸਥਾਪਨਾ ਕਰਨ ਨੂੰ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਵਿਦਿਆਰਥੀਆਂ ਦੀਆਂ ਲੋੜਾਂ ਮੁਤਾਬਕ ਕੋਰਸ ਤਿਆਰ ਕੀਤੇ ਜਾਣ ਦਾ ਪ੍ਰਸਤਾਵ ਹੈ। ਵਫਦ ਨੇ ਦੱਸਿਆ ਕਿ ਤਜਵੀਜ਼ਤ ਯੂਨੀਵਰਸਿਟੀ ਵਿੱਚ ਉੱਚ ਦਰਜੇ ਦਾ ਕੈਂਪਸ ਵਿੱਚ ਵਿਦਿਆਰਥੀਆਂ ਦੀ ਰਿਹਾਇਸ਼ ਵੀ ਸਥਾਪਿਤ ਕੀਤੀ ਜਾਵੇਗੀ।
ਵਫ਼ਦ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਸੂਬੇ ਵਿੱਚ ਕੈਂਪਸ ਦੀ ਸਥਾਪਨਾ ਕਰਨ ਲਈ ਯੂਨੀਵਰਸਿਟੀ ਵਿੱਚ ਇਸ ਸਮੇਂ ਤਾਲੀਮ ਹਾਸਲ ਕਰ ਰਹੇ ਪੰਜਾਬ ਦੇ ਵਿਦਿਆਰਥੀਆਂ ਦੇ ਮਾਪਿਆਂ ਪਾਸੋਂ ਵੱਡੀ ਗਿਣਤੀ ਵਿੱਚ ਬੇਨਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸੂਬੇ ਵਿੱਚ ਨਵੀਂ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਦੇ ਸਦਕਾ ਖੇਤਰ ਵਿੱਚ ਅਥਾਹ ਸਮਰੱਥਾ ਹੋਣ ਕਰਕੇ ਪਹਿਲ ਦੇ ਆਧਾਰ ’ਤੇ ਇਸ ਮਸਲੇ ਨੂੰ ਉਠਾਉਣ ਦਾ ਫੈਸਲਾ ਕੀਤਾ ਗਿਆ। ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਅਤੇ ਮਕਾਨ ਉਸਾਰੀ ਵਿਭਾਗ ਨੂੰ ਇਸ ਪ੍ਰਸਤਾਵ ’ਤੇ ਗੌਰ ਕਰਕੇ ਇਸ ਗਰੁੱਪ ਨੂੰ ਹਰ ਸੰਭਵ ਸਹਿਯੋਗ ਦੇਣ ਦੇ ਹੁਕਮ ਦਿੱਤੇ ਤਾਂ ਕਿ ਪੰਜਾਬ ਦੇ ਵਿਦਿਆਰਥੀਆਂ ਲਈ ਇਸ ਪ੍ਰੋਜੈਕਟ ਨੂੰ ਯਕੀਨੀ ਬਣਾਇਆ ਜਾ ਸਕੇ।
ਅਮਿਟੀ ਵਫ਼ਦ ਵਿੱਚ ਅਮਿਟੀ ਐਜੂਕੇਸ਼ਨ ਗਰੁੱਪ ਦੇ ਮੁਖੀ ਡਾਕਟਰ ਅਤੁਲ ਚੌਹਾਨ, ਸੀਨੀਅਰ ਉਪ ਮੁਖੀ ਯੂ. ਰਾਮਾਚੰਦਰਨ, ਸਹਾਇਕ ਉਪ ਮੁਖੀ ਗੌਰਵ ਗੁਪਤਾ ਅਤੇ ਡਾਇਰੈਕਟਰ ਅਸ਼ੀਸ਼ ਸਿੰਘ ਸ਼ਾਮਲ ਸਨ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…