Nabaz-e-punjab.com

ਅੰਮ੍ਰਿਤਸਰ ਵਿੱਚ ਦੋ ਰੋਜ਼ਾ ਚੌਥੀ ਗਤਕਾ ਨੈਸ਼ਨਲ ਖੇਡ (ਸੀਨੀਅਰ ਤੇ ਜੂਨੀਅਰ) ਚੈਂਪੀਅਨਸ਼ਿਪ ਸਮਾਪਤ

ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਵੱਲੋਂ ਹਰੇਕ ਸਾਲ ਗਤਕਾ ਗੋਲਡ ਕੱਪ ਕਰਵਾਉਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 15 ਅਕਤੂਬਰ:
ਗਤਕਾ ਫੈਡਰੇਸ਼ਨ ਆਫ਼ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਆਫ਼ ਪੰਜਾਬ ਖਾਲਸਾ ਕਾਲਜ ਵੱਲੋਂ ਦੋ ਰੋਜ਼ਾ ਗਤਕਾ ਨੈਸ਼ਨਲ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਜਿਸਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਓਪੀ ਸੋਨੀ ਨੇ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਨ੍ਹਾਂ ਮੁਕਾਬਲਿਆਂ ਵਿੱਚ 15 ਰਾਜਾਂ ਦੇ 450 ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਬੋਲਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਗਤਕਾ ਸਾਡੇ ਗੁਰੂਆਂ ਦੀ ਖੇਡ ਹੈ ਅਤੇ ਇਹ ਖੇਡ ਪੰਜਾਬ ਦੀ ਮਾਂ ਖੇਡ ਹੈ ਜਿਹੜੀ ਸਦੀਆਂ ਤੋੱ ਪੰਜਾਬ ਵਿੱਚ ਖੇਡੀ ਜਾਂਦੀ ਹੈ। ਉਹਨਾਂ ਕਿਹਾ ਕਿ ਅੱਗੇ ਤੋੱ ਗਤਕਾ ਖੇਡ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋੱ ਹੋਰ ਵੀ ਉਪਰਾਲੇ ਕੀਤੇ ਜਾਣਗੇ। ਉਹਨਾਂ ਗਤਕਾ ਐਸੋਸੀਏਸ਼ਨ ਪੰਜਾਬ ਨੂੰ ਆਪਣੇ ਅਖਤਿਆਰੀ ਫੰਡ ਵਿੱਚੋੱ 3 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਦੂਜੇ ਦਿਨ ਦੀ ਖੇਡ ਦਾ ਉਦਘਾਟਨ ਐਸਪੀਐਸ ਪਰਮਾਰ (ਆਈਪੀਐਸ) ਆਈਜੀ ਬਾਰਡਰ ਰੇਂਜ਼ ਅੰਮ੍ਰਿਤਸਰ ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਕਰਨਜੀਤ ਸਿੰਘ ਕਾਹਲੋਂ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵਰਿੰਦਰ ਸਿੰਘ ਵਾਲੀਆ ਸੰਪਾਦਕ ਪੰਜਾਬੀ ਜਾਗਰਣ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਮਨਜੀਤ ਸਿੰਘ ਮੀਤ ਪ੍ਰਧਾਨ ਗਤਕਾ ਫੈਡਰੇਸ਼ਨ, ਮਨਵਿੰਦਰ ਸਿੰਘ ਵਿੱਕੀ ਕੋਆਰਡੀਨੇਟਰ, ਦਵਿੰਦਰ ਸਿੰਘ ਛੀਨਾ, ਬਲਜਿੰਦਰ ਸਿੰਘ ਤੂਰ ਸੈਕਟਰੀ ਗਤਕਾ,ਜਗਦੀਸ਼ ਸਿੰਘ ਕੁਰਾਲੀ,ਸ੍ਰੀ ਅਵਿਨਾਸ਼ ਜੋਲੀ ਸਾਬਕਾ ਡਿਪਟੀ ਮੇਅਰ ਅੰਮ੍ਰਿਤਸਰ ਹਾਜਿਰ ਸਨ।
ਇਸ ਪ੍ਰੋਗਰਾਮ ਵਿੱਚ ਓਵਰ ਆਲ ਟਰਾਫੀ ਪੰਜਾਬ ਦੀ ਟੀਮ ਨੇ ਜਿੱਤੀ ਅਤੇ ਦਿੱਲੀ ਦੀ ਟੀਮ ਦੂਜੇ ਅਤੇ ਚੰਡੀਗੜ੍ਹ ਦੀ ਟੀਮ ਤੀਜੇ ਨੰਬਰ ਤੇ ਰਹੀ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐਮਡੀ ਐਸਪੀ ਓਬਰਾਏ (ਜੋ ਗਤਕਾ ਫੈਡਰੇਸ਼ਨ ਆਫ ਏਸ਼ੀਆ ਦੇ ਪ੍ਰਧਾਨ ਵੀ ਹਨ) ਵੱਲੋਂ ਕੀਤੀ ਗਈ ਅਤੇ ਜੇਤੂ ਟੀਮਾਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਗਤਕਾ ਫੈਡਰੇਸ਼ਨ ਆਫ਼ ਏਸ਼ੀਆ, ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਸਰਬੱਤ ਦਾ ਭਲਾ ਗਤਕਾ ਗੋਲਡ ਕੱਪ ਹਰ ਸਾਲ ਕਰਵਾਉਣ ਦਾ ਐਲਾਨ ਕੀਤਾ ਗਿਆ। ਇਹ ਗਤਕਾ ਕੱਪ ਸ਼ੁੱਧ ਸੋਨੇ ਦਾ ਹੋਵੇਗਾ। ਇਸ ਦੇ ਨਾਲ ਜੇਤੂ ਟੀਮਾਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ। ਬਲਜਿੰਦਰ ਸਿੰਘ ਤੂਰ ਸਕੱਤਰ ਪੰਜਾਬ ਗਤਕਾ ਐਸੋਸੀਏਸ਼ਨ ਨੇ ਦੂਜੇ ਰਾਜਾਂ ਤੋਂ ਆਏ ਖਿਡਾਰੀਆਂ, ਰੈਫਰੀਆਂ, ਕੋਚਾਂ ਅਤੇ ਪ੍ਰਬੰਧਕਾਂ ਦਾ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…