nabaz-e-punjab.com

ਅੰਮ੍ਰਿਤਸਰ ਜ਼ਮੀਨ ਘੁਟਾਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਮੁਲਜ਼ਮ ਰਹੇ ਗੈਰਹਾਜ਼ਰ

ਬੀਰਦਵਿੰਦਰ ਸਿੰਘ ਦੀ ਗ਼ੈਰਮੌਜੂਦਗੀ ਵਿੱਚ ਵਕੀਲਾਂ ਨੇ ਕੀਤੀ ਬਹਿਸ, ਅਗਲੀ ਸੁਣਵਾਈ 16 ਅਪਰੈਲ ਨੂੰ

ਬੀਰਦਵਿੰਦਰ ਸਿੰਘ ਦੇ ਵਕੀਲ ਵੱਲੋਂ ਵਿਜੀਲੈਂਸ ਤੋਂ ਕੇਸ ਨਾਲ ਜੁੜੇ ਕੁਝ ਜ਼ਰੂਰੀ ਦਸਤਾਵੇਜ਼ ਲੈਣ ਲਈ ਅਦਾਲਤ ’ਚ ਅਰਜ਼ੀ ਦਾਇਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁ-ਚਰਚਿਤ 32 ਏਕੜ ਜ਼ਮੀਨ ਘੁਟਾਲੇ ਵਿੱਚ ਨਾਮਜ਼ਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੁਲਜ਼ਮ ਗੈਰਹਾਜ਼ਰ ਰਹੇ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵੀ ਫਲਾਈਟ ਲੇਟ ਹੋਣ ਕਾਰਨ ਅਦਾਲਤ ਨਹੀਂ ਪਹੁੰਚ ਸਕੇ। ਬੁੱਧਵਾਰ ਨੂੰ ਇਸ ਕੇਸ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ। ਕੈਪਟਨ ਨੇ ਆਪਣੇ ਵਕੀਲਾਂ ਰਾਹੀਂ ਇੱਕ ਅਰਜ਼ੀ ਦਾਇਰ ਕਰਕੇ ਸਰਕਾਰੀ ਰੁਝੇਵਿਆਂ ਦੀ ਦੁਹਾਈ ਦਿੰਦਿਆਂ ਨਿੱਜੀ ਪੇਸ਼ੀ ਤੋਂ ਛੋਟ ਮੰਗੀ। ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਇਸੇ ਤਰ੍ਹਾਂ ਹੋਰਨਾਂ ਗ਼ੈਰਹਾਜ਼ਰ ਮੁਲਜ਼ਮਾਂ ਰਜਿੰਦਰ ਸ਼ਰਮਾ, ਬਲਜੀਤ ਸਿੰਘ, ਰਾਜੀਵ ਭਗਤ ਅਤੇ ਰੋਹਿਤ ਸ਼ਰਮਾ ਨੇ ਵੀ ਆਪੋ ਆਪਣੇ ਵਕੀਲਾਂ ਰਾਹੀਂ ਅਰਜ਼ੀਆਂ ਦਾਇਰ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ। ਜਿਨ੍ਹਾਂ ਨੂੰ ਵੀ ਅਦਾਲਤ ਨੇ ਪ੍ਰਵਾਨ ਕਰ ਲਿਆ।
ਉਧਰ, ਬੀਰਦਵਿੰਦਰ ਸਿੰਘ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਦੇ ਵਕੀਲ ਰਾਜੇਸ਼ ਗੁਪਤਾ ਨੇ ਕੇਸ ਨਾਲ ਸਬੰਧਤ ਕੁਝ ਜ਼ਰੂਰੀ ਦਸਤਾਵੇਜ਼ਾਂ ਦੀਆਂ ਕਾਪੀਆਂ ਲੈਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਜੀਲੈਂਸ ਵੱਲੋਂ ਨਵੇਂ ਸਿਰਿਓਂ ਦਿੱਤੀ ਕੇਸ ਕੈਂਸਲ ਦੀ ਰਿਪੋਰਟ ਅਤੇ ਬੀਰਦਵਿੰਦਰ ਸਿੰਘ ਵੱਲੋਂ ਦਾਇਰ ਅਰਜ਼ੀ ਜਿਸ ਵਿੱਚ ਉਨ੍ਹਾਂ ਨੇ ਇਸ ਕੇਸ ਵਿੱਚ ਸਰਕਾਰੀ ਗਵਾਹ ਬਦਨ ਦੀ ਪੇਸ਼ਕਸ਼ ਕੀਤੀ ਹੈ। ਸਬੰਧੀ ਵਿਜੀਲੈਂਸ ਵੱਲੋਂ ਦਾਇਰ ਇਤਰਾਜ਼ਾਂ ਦੀ ਕਾਪੀਆਂ ਦਿੱਤੀਆਂ ਜਾਣ ਤਾਂ ਜੋ ਉਹ ਕੇਸ ਦੀ ਸੁਣਵਾਈ ਦੌਰਾਨ ਉਸਾਰੂ ਬਹਿਸ ਕਰ ਸਕਣ। ਜਿਸ ਦਾ ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਤਿੱਖੇ ਸ਼ਬਦਾਂ ਵਿੱਚ ਵਿਰੋਧ ਕਰਦਿਆਂ ਕਿਹਾ ਕਿ ਬੀਰਦਵਿੰਦਰ ਸਿੰਘ ਨੂੰ ਅਜੇ ਤਾਈਂ ਅਦਾਲਤ ਨੇ ਧਿਰ ਨਹੀਂ ਬਣਾਇਆ ਹੈ। ਇਸ ਕਾਰਨ ਉਹ ਕਾਨੂੰਨੀ ਤੌਰ ’ਤੇ ਕੇਸ ਨਾਲ ਸਬੰਧਤ ਕੋਈ ਵੀ ਅਹਿਮ ਦਸਤਾਵੇਜ਼ ਲੈਣ ਦੇ ਹੱਕਦਾਰ ਨਹੀਂ ਹਨ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਪਿਛਲੀ ਤਰੀਕ ’ਤੇ ਨਵੇਂ ਸਿਰਿਓਂ ਜਾਂਚ ਪੜਤਾਲ ਸਬੰਧੀ ਕਰੀਬ 1400 ਪੰਨਿਆਂ ਦੀ ਸੀਲਬੰਦ ਰਿਪੋਰਟ ਪੇਸ਼ ਕੀਤੀ ਸੀ।
ਅਦਾਲਤ ਨੇ ਵੀ ਸਰਕਾਰੀ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਬੀਰਦਵਿੰਦਰ ਦੇ ਵਕੀਲ ਨੂੰ ਆਖਿਆ ਕਿ ਨਿਯਮਾਂ ਅਨੁਸਾਰ ਉਹ ਕੇਸ ਨਾਲ ਜੁੜਿਆ ਕੋਈ ਵੀ ਦਸਤਾਵੇਜ਼ ਲੈਣ ਦੇ ਹੱਕਦਾਰ ਨਹੀਂ ਹਨ। ਹਾਲਾਂਕਿ ਵਕੀਲ ਰਾਜੇਸ਼ ਗੁਪਤਾ ਨੇ ਹਾਈ ਕੋਰਟ ਦੀ ਕਿਸੇ ਜੱਜਮੈਂਟ ਦਾ ਹਵਾਲਾ ਦਿੰਦਿਆਂ ਦਲੀਲ ਦਿੱਤੀ ਕਿ ਉਹ ਸਬੰਧਤ ਦਸਤਾਵੇਜ਼ ਲੈ ਸਕਦੇ ਹਨ। ਇਸ ਸਬੰਧੀ ਜੱਜ ਨੇ ਵਕੀਲ ਨੂੰ ਆਖਿਆ ਕਿ ਜੇਕਰ ਹਾਈ ਕੋਰਟ ਦੀ ਕਿਸੇ ਕੇਸ ਦੀ ਜੱਜਮੈਂਟ ਜਾਂ ਕੋਈ ਰੂਲਿੰਗ ਹੈ ਤਾਂ ਉਸ ਦੀ ਕਾਪੀ ਅਦਾਲਤ ਵਿੱਚ ਸੌਂਪੀ ਜਾਵੇ। ਅਦਾਲਤ ਨੇ ਬੀਰਦਵਿੰਦਰ ਸਿੰਘ ਅਤੇ ਉਸ ਦੇ ਵਕੀਲ ਰਾਜੇਸ਼ ਗੁਪਤਾ ਨੂੰ 16 ਅਪਰੈਲ ਤੱਕ ਅਗਲੀ ਸੁਣਵਾਈ ਮੌਕੇ ਹਾਈ ਕੋਰਟ ਦੀ ਰੂਲਿੰਗ ਦੀ ਕਾਪੀ ਪੇਸ਼ ਕਰਨ ਦੀ ਮੋਹਲਤ ਦਿੰਦਿਆਂ ਆਦੇਸ਼ ਜਾਰੀ ਕੀਤੇ ਗਏ। ਅਗਲੇ ਹੁਕਮਾਂ ਤੱਕ ਬੀਰਦਵਿੰਦਰ ਸਿੰਘ ਜਾਂ ਉਸ ਦੇ ਵਕੀਲ ਨੂੰ ਕੇਸ ਨਾਲ ਜੁੜਿਆ ਕੋਈ ਵੀ ਅਹਿਮ ਦਸਤਾਵੇਜ਼ (ਜਿਸ ਸਬੰਧੀ ਅਰਜ਼ੀ ਦਾਇਰ ਕੀਤੀ ਗਈ) ਨਾ ਦਿੱਤਾ ਜਾਵੇ। ਇਨ੍ਹਾਂ ਹੁਕਮਾਂ ਦੀ ਕਾਪੀ ਅਦਾਲਤ ਦੇ ਰਿਕਾਰਡ ਰੂਮ ਦੇ ਇੰਚਾਰਜ ਨੂੰ ਵੀ ਭੇਜੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…