ਅੰਮ੍ਰਿਤਸਰ ਜ਼ਮੀਨ ਘੁਟਾਲਾ: ‘ਜੇ ਮੈਂ ਮੌਕਾਪ੍ਰਸਤ ਜਾਂ ਲਾਲਚੀ ਹੁੰਦਾ ਤਾਂ ਅੱਜ ਮੈਂ ਸੀਨੀਅਰ ਮੰਤਰੀ ਹੁੰਦਾ: ਬੀਰਦਵਿੰਦਰ

ਮੁਹਾਲੀ ਅਦਾਲਤ ਵਿੱਚ ਸਰਕਾਰੀ ਵਕੀਲ ਨਾਲ ਬੀਰਦਵਿੰਦਰ ਸਿੰਘ ਨੇ ਖ਼ੁਦ ਕੀਤੀ ਭਖਵੀਂ ਬਹਿਸ, ਅਗਲੀ ਸੁਣਵਾਈ 21 ਮਈ ਨੂੰ

ਸਾਬਕਾ ਡਿਪਟੀ ਸਪੀਕਰ ਨੇ ਟੀਵੀ ਚੈਨਲ ਨੂੰ ਦਿੱਤੀ 40 ਮਿੰਟ ਦੀ ਇੰਟਰਵਿਊ ਦੀ ਸੀਡੀ ਵੀ ਸੌਂਪੀ, ਸਰਕਾਰੀ ਵਕੀਲ ਨੇ ਮੁਆਫ਼ੀ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਜ਼ਮੀਨ ਘੁਟਾਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਖ਼ੁਦ ਨੂੰ ਗਵਾਹ ਪੇਸ਼ ਕਰਨ ਵਾਲੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਬੁੱਧਵਾਰ ਨੂੰ ਮੁਹਾਲੀ ਵਿੱਚ ਸਰਕਾਰੀ ਵਕੀਲ ਨਾਲ ਖ਼ੁਦ ਭਖਵੀਂ ਬਹਿਸ ਕੀਤੀ। ਉਨ੍ਹਾਂ ਵੱਲੋਂ 1 ਨਵੰਬਰ 2017 ਨੂੰ ਦਾਇਰ ਕੀਤੀ ਇੱਕ ਅਰਜ਼ੀ ’ਤੇ ਸੁਣਵਾਈ ਅੱਜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ। ਘੁਟਾਲੇ ਵਿੱਚ ਨਾਮਜ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਦਾਲਤ ਵਿੱਚ ਪੇਸ਼ ਨਹੀਂ ਹੋਏ ਅਤੇ ਆਪਣੇ ਵਕੀਲ ਰਾਹੀਂ ਇੱਕ ਅਰਜ਼ੀ ਦਾਇਰ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ।
ਉਧਰ, ਬੀਰਦਵਿੰਦਰ ਸਿੰਘ ਨੇ ਅਦਾਲਤ ਤੋਂ ਆਗਿਆ ਲੈ ਕੇ ਖ਼ੁਦ ਸਰਕਾਰੀ ਵਕੀਲ ਵਿਜੇ ਸਿੰਗਲਾ (ਡਾਇਰੈਕਟਰ ਪਰਾਸੀਕਿਊਸ਼ਨ) ਨਾਲ, ਤੱਥਾਂ ਦੀ ਰੌਸ਼ਨੀ ਵਿੱਚ ਤਰਕ ਅਤੇ ਦਲੀਲਾਂ ਦੇ ਕੇ ਬਹਿਸ ਕੀਤੀ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੇ ਫੈਸਲੇ ਦੀ ਤਰੀਖ 21 ਮਈ ਰੱਖ ਦਿੱਤੀ ਹੈ। ਹੁਣ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪਤਾ ਲੱਗੇਗਾ ਕਿ ਬੀਰਦਵਿੰਦਰ ਸਿੰਘ ਨੂੰ ਇਸ ਕੇਸ ਵਿੱਚ ਸ਼ਿਕਾਇਤ ਕਰਤਾ ਜਾਂ ਸਰਕਾਰੀ ਗਵਾਹ ਬਣਾਇਆ ਜਾ ਸਕਦਾ ਹੈ ਜਾਂ ਨਹੀਂ?
ਅਦਾਲਤ ਵਿੱਚ ਆਪਣਾ ਪੱਖ ਰੱਖਣ ਪੁੱਜੇ ਪੰਜਾਬ ਦੇ ਡਾਇਰੈਕਟਰ ਪ੍ਰਾਸੀਕਿਊਸ਼ਨ ਵਿਜੇ ਸਿੰਗਲਾ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟ ਦਾ ਫੈਸਲਾ ਆ ਚੁੱਕਾ ਹੈ। ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਕੇਸ ਦੀ ਦੁਬਾਰਾ ਪੜਤਾਲ ਕੀਤੀ ਜਾਵੇ। ਇਸ ਲਈ ਬੀਰਦਵਿੰਦਰ ਦਾ ਇਸ ਕੇਸ ਵਿੱਚ ਬਤੌਰ ਸਰਕਾਰੀ ਗਵਾਹ ਪੇਸ਼ ਹੋਣ ਦਾ ਤਰਕ ਜਾਇਜ਼ ਨਹੀਂ ਹੈ। ਉੱਧਰ ਬੀਰਦਵਿੰਦਰ ਸਿੰਘ ਨੇ ਅਦਾਲਤ ਨੂੰ ਇਸ ਵਿਅਪਕ ਭ੍ਰਿਸ਼ਟਾਚਾਰ ਦੇ ਕੇਸ ਵਿਚ ਬਤੌਰ ਗਵਾਹ ਬਣੇ ਰਹਿਣ ਲਈ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਪਿਛਲੀ ਤਰੀਕ ਸਮੇਂ ਮਿਤੀ 9 ਮਈ ਨੂੰ, ਸਰਕਾਰੀ ਵਕੀਲ ਵੱਲੋਂ ਉਨ੍ਹਾਂ ਦੀ ਭਰੋਸੇਯੋਗਤਾ ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੂੰ ਰਾਜਨੀਤਕ ਮੌਕਾਪ੍ਰਸਤ ਦੱਸਿਆ ਸੀ।
ਬੀਰਦਵਿੰਦਰ ਨੇ ਇਸ ਮਾਮਲੇ ਵਿੱਚ ਅੱਧਾ ਘੰਟਾ ਖੁਦ ਬਹਿਸ ਕੀਤੀ ਅਤੇ ਕਿਹਾ ਉਹ ਸਾਲ 2006 ਤੋਂ ਆਪਣੇ ਉਸੇ ਤਰਕ ਅਤੇ ਬਿਆਨ ਤੇ ਕਾਇਮ ਖੜ੍ਹੇ ਹਨ ਜੋ ਉਨ੍ਹਾਂ ਨੇ ਸਦਨ ਵਿੱਚ ਆਪਣੇ ਨਿਸ਼ਾਨ ਵਾਲੇ ਪ੍ਰਸ਼ਨ ਨੰਬਰ 1540 ਦੇ ਸਬੰਧ ਵਿੱਚ ਬਣਾਈ ਗਈ ਸਦਨ ਦੀ ਵਿਸ਼ੇਸ਼ ਕਮੇਟੀ ਅੱਗੇ ਦਿੱਤਾ ਸੀ। ਸਰਕਾਰੀ ਵਕੀਲ ਵੱਲੋਂ ਉਨ੍ਹਾਂ ਨੂੰ 10 ਸਾਲ ਬਾਅਦ ਇਸ ਕੇਸ ਵਿਚ ਜੁੜਨ ਵਾਲੀ ਦਲੀਲ ਦੇ ਜਵਾਬ ਵਿਚ ਬੀਰਦਵਿੰਦਰ ਸਿੰਘ ਨੇ ਆਪਣੀਆਂ ਦਲੀਲਾਂ ਪੇਸ਼ ਕਰਨ ਤੋਂ ਇਲਾਵਾ ਅਦਾਲਤ ਨੂੰ ਇਕ 40 ਮਿੰਟ ਦੀ ਸੀਡੀ ਵੀ ਸੌਂਪੀ ਹੈ। ਇਹ ਸੀਡੀ ਇਕ ਨਿੱਜੀ ਚੈਨਲ ਤੇ ਦਿੱਤੀ ਇੰਟਰਵਿਊ ਦੀ ਹੈ ਜਿਸ ਵਿੱਚ ਵਰਣਤ ਸਾਰੇ ਤੱਥਾਂ ’ਤੇ ਉਨ੍ਹਾਂ ਨੇ ਅਦਾਲਤ ਨੂੰ ਗ਼ੌਰ ਫੁਰਮਾਉਣ ਦੀ ਅਪੀਲ ਕੀਤੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਪਿਛਲੀ ਤਰੀਕ ’ਤੇ ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਉਨ੍ਹਾਂ (ਬੀਰਦਵਿੰਦਰ) ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਰਾਜਨੀਤਕ ਮੌਕਾਪ੍ਰਸਤ, ਝੂਠਾ ਤੇ ਲਾਲਚੀ ਵਿਅਕਤੀ ਦੱਸਿਆ ਸੀ। ਉਨ੍ਹਾਂ ਨੇ ਸਾਬਕਾ ਡਿਪਟੀ ਸਪੀਕਰ ’ਤੇ ਅਦਾਲਤ ਨੂੰ ਗੁਮਰਾਹ ਕਰਨ ਦਾ ਦੋਸ਼ ਵੀ ਲਾਇਆ ਸੀ। ਇਸ ਤਰ੍ਹਾਂ ਅੱਜ ਸਰਕਾਰੀ ਵਕੀਲ ਨੇ ਭਰੀ ਅਦਾਲਤ ਵਿੱਚ ਬੀਰਦਵਿੰਦਰ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਇਹ ਬਹਿਸ ਦਾ ਹਿੱਸਾ ਸੀ ਜੇਕਰ ਉਨ੍ਹਾਂ ਦੀ ਕਿਸੇ ਗੱਲ ਤਾ ਪਟੀਸ਼ਨਰ ਨੂੰ ਬੂਰਾ ਲੱਗਿਆ ਹੋਵੇ ਤਾਂ ਉਹ ਮੁਆਫ਼ੀ ਚਾਹੁੰਦੇ ਹਨ।
(ਬਾਕਸ ਆਈਟਮ)
ਬੀਰਦਵਿੰਦਰ ਸਿੰਘ ਨੇ ਅਦਾਲਤ ਤੋਂ ਬਾਹਰ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ 40 ਸਾਲਾਂ ਦਾ ਰਾਜਨੀਤਕ ਜੀਵਨ ਦਾਅ ’ਤੇ ਲਗਾ ਕੇ, ਸਿਰਫ਼ ਸੱਚ ਤੇ ਪਹਿਰਾ ਦੇਣ ਅਤੇ ਸਿਆਸੀ ਭ੍ਰਿਸ਼ਟਾਚਾਰ ਵਿੱਚ ਲਿਪਤ ਚੇਹਰਿਆਂ ਨੂੰ ਬੇਨਕਾਬ ਕਰਨ ਲਈ ਅੱਜ ਅਦਾਲਤ ਵਿੱਚ ਇਸ ਕੇਸ ਨੂੰ ਲੜਨ ਦੀ ਪੇਸ਼ਕਸ਼ ਕੀਤੀ ਹੈ ਰਹੇ, ਅੱਗੇ ਫੈਸਲਾ ਤਾਂ ਹੁਣ ਅਦਾਲਤ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਸੀ.ਡੀ ਅਦਾਲਤ ਵਿੱਚ ਪੇਸ਼ ਕੀਤੀ ਇਸ ਸੀਡੀ ਦਾ ਮਹਿਜ਼ ਕੁੱਝ ਹਿੱਸਾ ਹੀ ਡਾਇਰੈਕਟਰ ਪ੍ਰਾਸੀਕਿਊਸ਼ਨ ਸ੍ਰੀ ਵਿਜੇ ਸਿੰਗਲਾ ਨੇ ਬੀਤੀ 9 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਪਰ ਮੈਂ ਅੱਜ ਆਪਣੀ ਇੰਟਰਵਿਊ ਦੀ ਸਾਰੀ ਦੀ ਸਾਰੀ ਸੀਡੀ ਹੀ ਅਦਾਲਤ ਵਿੱਚ ਪੇਸ਼ ਕਰ ਦਿੱਤੀ।। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ ’ਤੇ ਲਗਾਏ ਸਾਰੇ ਬੇਬੁਨਿਆਦ ਦੋਸ਼ਾਂ ਲਈ ਸਰਕਾਰੀ ਵਕੀਲ ਸ਼੍ਰੀ ਵਿਜੇ ਸਿੰਗਲਾ ਨੂੰ ਅਦਾਲਤ ਵਿੱਚ ਅਫ਼ਸੋਸ ਪ੍ਰਗਟ ਕਰਨਾ ਪਿਆ ਹੈ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਮੁਲਜ਼ਮ, ਮੁੱਖ ਮੰਤਰੀ ਬਣ ਜਾਂਦਾ ਹੈ ਤਾਂ ਉਸ ਵੱਲੋਂ ਕੀਤੇ ਜੁਰਮ ਆਪਣੇ-ਆਪ ਮੁਆਫ਼ ਨਹੀਂ ਹੋ ਜਾਂਦੇ ਸਗੋਂ ਉਨ੍ਹਾਂ ਦਾ ਫ਼ੈਸਲਾ ਤਾਂ ਮੁਤੱਲਕਾ ਅਦਾਲਤ ਨੇ ਹੀ ਕਰਨਾ ਹੁੰਦਾ ਹੈ। ਹੁਣ ਇਸ ਮਾਮਲੇ ਵਿੱਚ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ ਜੋ ਕਿ 21 ਮਈ ਨੂੰ ਸੁਣਾਇਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…