ਅੰਮ੍ਰਿਤਸਰ ਜ਼ਮੀਨ ਘੁਟਾਲਾ: ਬੀਰਦਵਿੰਦਰ ਦੇ ਵਕੀਲ ਅਤੇ ਸਰਕਾਰੀ ਵਕੀਲ ਵਿੱਚ ਹੋਈ ਤਿੱਖੀ ਬਹਿਸ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਮੁਲਜ਼ਮ ਰਹੇ ਗੈਰਹਾਜ਼ਰ, ਅਗਲੀ ਸੁਣਵਾਈ 16 ਮਈ ਨੂੰ

ਬੀਰਦਵਿੰਦਰ ਨੇ ਅਦਾਲਤ ਨੂੰ ਸੌਂਪੀਆਂ ਸੁਪਰੀਮ ਕੋਰਟ ਦੇ ਵੱਖ ਵੱਖ ਕੇਸਾਂ ਦੀਆਂ ਜੱਜਮੈਂਟਾਂ ਦੀਆਂ ਕਾਪੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁ-ਚਰਚਿਤ 32 ਏਕੜ ਜ਼ਮੀਨ ਘੁਟਾਲੇ ਵਿੱਚ ਨਾਮਜ਼ਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੁਲਜ਼ਮ ਗੈਰਹਾਜ਼ਰ ਰਹੇ। ਬੁੱਧਵਾਰ ਨੂੰ ਇਸ ਕੇਸ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ। ਕੈਪਟਨ ਨੇ ਆਪਣੇ ਵਕੀਲਾਂ ਰਾਹੀਂ ਇੱਕ ਅਰਜ਼ੀ ਦਾਇਰ ਕਰਕੇ ਸਰਕਾਰੀ ਰੁਝੇਵਿਆਂ ਦੀ ਦੁਹਾਈ ਦਿੰਦਿਆਂ ਨਿੱਜੀ ਪੇਸ਼ੀ ਤੋਂ ਛੋਟ ਮੰਗੀ। ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਇਸੇ ਤਰ੍ਹਾਂ ਹੋਰਨਾਂ ਗ਼ੈਰਹਾਜ਼ਰ ਮੁਲਜ਼ਮਾਂ ਨੇ ਵੀ ਆਪੋ ਆਪਣੇ ਵਕੀਲਾਂ ਰਾਹੀਂ ਅਰਜ਼ੀਆਂ ਦਾਇਰ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ।
ਅਦਾਲਤ ਵਿੱਚ ਬੀਰਦਵਿੰਦਰ ਸਿੰਘ ਨੂੰ ਸਰਕਾਰੀ ਗਵਾਹ ਬਣਾਉਣ ਜਾਂ ਨਾ ਬਣਾਉਣ ਦੇ ਮੁੱਦੇ ’ਤੇ ਬੀਰਦਵਿੰਦਰ ਦੇ ਵਕੀਲ ਰਾਜੇਸ਼ ਗੁਪਤਾ ਅਤੇ ਸਰਕਾਰੀ ਵਕੀਲ ਵਿਜੈ ਸਿੰਗਲਾ ਤੇ ਕੈਪਟਨ ਦੇ ਵਕੀਲਾਂ ਨਾਲ ਤਿੱਖੀ ਬਹਿਸ ਹੋਈ। ਦੁਪਹਿਰ 12 ਵਜੇ ਸੁਣਵਾਈ ਸ਼ੁਰੂ ਹੋਈ ਅਤੇ ਅੱਧੇ ਘੰਟੇ ਦੀ ਲੰਚ ਬਰੇਕ ਤੋਂ ਬਾਅਦ ਮੁੜ ਬਹਿਸ ਸ਼ੁਰੂ ਹੋਈ ਅਤੇ ਸ਼ਾਮੀ ਸਵਾ 4 ਵਜੇ ਤੱਕ ਬਹਿਸ ਜਾਰੀ ਰਹੀ ਅਤੇ ਬੀਰਦਵਿੰਦਰ ਦੇ ਵਕੀਲ ਨੇ ਮਜ਼ਬੂਤ ਪੱਖੀ ਨਾਲ ਆਪਣਾ ਪੱਖ ਰੱਖਦਿਆਂ ਵੱਖ ਵੱਖ ਕੇਸਾਂ ਨਾਲ ਸਬੰਧਤ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਦੀਆਂ ਕਾਪੀਆਂ ਵੀ ਅਦਾਲਤ ਨੂੰ ਸੌਂਪੀਆਂ।
ਦੱਸਣਯੋਗ ਹੈ ਕਿ ਬੀਰਦਵਿੰਦਰ ਸਿੰਘ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਕੈਪਟਨ ਵਿਰੁੱਧ ਸਰਕਾਰੀ ਗਵਾਹ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ। ਅੱਜ ਉਨ੍ਹਾਂ ਦੀ ਇਸ ਅਰਜ਼ੀ ’ਤੇ ਸੁਣਵਾਈ ਹੋਈ। ਵਕੀਲ ਰਾਜੇਸ਼ ਗੁਪਤਾ ਨੇ ਦੱਸਿਆ ਕਿ ਬੀਰਦਵਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਿਆ ਸੀ ਅਤੇ ਇਸ ਤੋਂ ਬਾਅਦ ਪੰਜਾਬ ਵਿਜੀਲੈਂਸ ਨੇ ਕੈਪਟਨ ਸਣੇ ਹੋਰਨਾਂ ਵਿਅਕਤੀਆਂ ਦੇ ਖ਼ਿਲਾਫ਼ ਮੁੱਢਲੀ ਜਾਂਚ ਤੋਂ ਬਾਅਦ ਐਫ਼ਆਈਆਰ ਦਰਜ ਕੀਤੀ ਗਈ ਸੀ ਅਤੇ ਮੁਲਜ਼ਮਾਂ ਦੇ ਖ਼ਿਲਾਫ਼ ਪੇਸ਼ ਕੀਤੇ ਚਲਾਨ ਵਿੱਚ ਵੀ ਐਫ਼ਆਈਆਰ ਵਿੱਚ ਦਰਜ ਦੋਸ਼ਾਂ ਦਾ ਵੇਰਵਾ ਦਿੱਤਾ ਸੀ ਪ੍ਰੰਤੂ ਪਿੱਛੇ ਜਿਹੇ ਵਿਜੀਲੈਂਸ ਨੇ ਯੂ ਟਰਨ ਲੈਂਦਿਆਂ ਖ਼ੁਦ ਹੀ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਖ਼ਤਮ ਕਰਨ ਦੀ ਅਰਜ਼ੀ ਦਾਇਰ ਕਰ ਦਿੱਤੀ।
ਸਰਕਾਰੀ ਵਕੀਲ ਵਿਜੈ ਸਿੰਗਲਾ ਨੇ ਬੀਰਦਵਿੰਦਰ ਦੇ ਵਕੀਲਾਂ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਕੇਸ ਨੂੰ ਲੰਮਾ ਲਮਕਾਉਣ ਅਤੇ ਬਿਨਾਂ ਵਜ੍ਹਾ ਅਦਾਲਤ ਦਾ ਸਮਾਂ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਕੇਸ ਸਬੰਧੀ ਆਪਣੇ ਬਿਆਨ ਦਰਜ ਕਰਵਾਉਣ ਲਈ ਕਈ ਵਾਰ ਬੀਰਦਵਿੰਦਰ ਸਿੰਘ ਨੂੰ ਸੱਦਿਆ ਗਿਆ ਸੀ ਲੇਕਿਨ ਉਨ੍ਹਾਂ ਨੇ ਕਦੇ ਵੀ ਵਿਜੀਲੈਂਸ ਕੋਲ ਆਪਣੇ ਬਿਆਨ ਦਰਜ ਨਹੀਂ ਕਰਵਾਏ। ਸਰਕਾਰੀ ਵਕੀਲ ਨੇ ਬੀਰਦਵਿੰਦਰ ਦੀ ਯੂ ਟਿਊਬ ’ਤੇ ਦਿੱਤੀ ਇੰਟਰਵਿਊ ਦੇ ਤੱਥਾਂ ਬਾਰੇ ਵੀ ਅਦਾਲਤ ਨੂੰ ਦੱਸਿਆ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਸ ਦੀ ਅਗਲੀ ਸੁਣਵਾਈ 16 ਮਈ ’ਤੇ ਅੱਗੇ ਪਾ ਦਿੱਤੀ। ਇਸ ਦਿਨ ਅਦਾਲਤ ਵੱਲੋਂ ਬੀਰਦਵਿੰਦਰ ਨੂੰ ਸੁਣਿਆ ਜਾਵੇਗਾ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…