ਮੁੱਖ ਮੰਤਰੀ ਚੰਨੀ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਲੈ ਕੇ ਰਾਜਪਾਲ ਨੂੰ ਮਿਲਿਆ ‘ਆਪ’ ਦਾ ਵਫ਼ਦ

ਰਾਘਵ ਚੱਢਾ ਨੇ ਕੀਤੀ ‘ਆਪ’ ਦੇ ਵਫ਼ਦ ਦੀ ਅਗਵਾਈ

ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿੱਚ ਮਾਰੇ ਛਾਪੇ ਅਤੇ ਈ.ਡੀ. ਦੇ ਛਾਪੇ ਦੌਰਾਨ ਚੰਨੀ ਦੇ ਰਿਸ਼ਤੇਦਾਰ ਕੋਲੋਂ ਮਿਲੇ ਕਰੋੜਾਂ ਰੁਪਏ ਤੇ ਬੇਨਾਮੀ ਜਾਇਦਾਦ ਬਾਰੇ ਰਾਜਪਾਲ ਨੂੰ ਜਾਣਕਾਰੀ ਦਿੱਤੀ: ਰਾਘਵ ਚੱਢਾ

ਚੰਨੀ ਦੇ ਇੱਕ ਭਤੀਜੇ ਦੇ ਘਰ ਤੋਂ ਮਿਲੇ 10 ਕਰੋੜ ਰੁਪਏ ਨਗਦ, ਰੋਲੈਕਸ ਦੀਆਂ ਘੜੀਆਂ , 22 ਲੱਖ ਦਾ ਸੋਨਾ, ਮਹਿੰਗੀਆਂ ਗੱਡੀਆਂ, 54 ਕਰੋੜ ਦੀਆਂ ਬੈਂਕ ਦੇਣਦਾਰੀਆਂ ਅਤੇ ਜ਼ਮੀਨ ਜਾਇਦਾਦਾਂ ਮਿਲੀਆਂ: ਰਾਘਵ ਚੱਢਾ

ਚੰਨੀ ਕੇਵਲ 111 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ, ਜੇਕਰ ਚੰਨੀ 5 ਸਾਲ ਸੂਬੇ ਦੇ ਮੁੱਖ ਮੰਤਰੀ ਹੁੰਦੇ ਤਾਂ ਕਿੰਨੀ ਦੌਲਤ, ਜਾਇਦਾਦ ਇਕੱਠੀ ਕਰਦੇ: ਰਾਘਵ ਚੱਢਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜਨਵਰੀ:
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਰਾਜਪਾਲ ਕੋਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਖ਼ਿਲਾਫ਼ ਰੇਤ ਮਾਫ਼ੀਆ ਮੁੱਦੇ ‘ਤੇ ਤੁਰੰਤ ਫ਼ੌਜਦਾਰੀ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਹੇਠ ‘ਆਪ’ ਦਾ ਵਫ਼ਦ ਪੰਜਾਬ ਦੇ ਮਾਨਯੋਗ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ ਅਤੇ ਮੁੱਖ ਮੰਤਰੀ ਚੰਨੀ ਵਿਰੁੱਧ ਮੰਗ ਪੱਤਰ (ਮੈਮੋਰੰਡਮ) ਦਿੱਤਾ। ਵਫ਼ਦ ਨੇ ਗੈਰ-ਕਾਨੂੰਨੀ ਰੇਤ ਖਣਨ (ਸੈਂਡ ਮਾਈਨਿੰਗ) ਮਾਮਲੇ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈਡੀ ਦੇ ਛਾਪਿਆਂ ‘ਚ ਜ਼ਬਤ ਹੋਏ ਕਰੋੜਾਂ ਰੁਪਏ ਅਤੇ ਸਨਸਨੀਖ਼ੇਜ਼ ਦਸਤਾਵੇਜ਼ ਚੰਨੀ ਦੇ ਹੀ ਦੱਸੇ ਅਤੇ ਇਸ ਦੀ ਹੋਰ ਬਾਰੀਕੀ ਨਾਲ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ। ਮੁਲਾਕਾਤ ਉਪਰੰਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਰਾਘਵ ਚੱਢਾ ਨੇ ਦੱਸਿਆ ਕਿ ਮਾਨਯੋਗ ਰਾਜਪਾਲ ਨੇ ਉਨ੍ਹਾਂ (ਆਪ) ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਅਤੇ ਰਾਘਵ ਚੱਢਾ ਨੇ ਰਾਜਪਾਲ ਨੂੰ ਦਿੱਤੇ ਮੈਮੋਰੰਡਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ”ਆਮ ਆਦਮੀ ਪਾਰਟੀ ਨੇ ਮਾਣਯੋਗ ਰਾਜਪਾਲ ਨੂੰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿੱਚ ਮਾਰੇ ਛਾਪੇ ਅਤੇ ਮਿਲੇ ਸਬੂਤਾਂ ਤੋਂ ਇਲਾਵਾ ਈ.ਡੀ. ਦੇ ਛਾਪੇ ਦੌਰਾਨ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਘਰ ਤੋਂ ਮਿਲੇ 10 ਕਰੋੜ ਰੁਪਏ ਨਗਦ, ਰੋਲੈਕਸ ਦੀਆਂ ਘੜੀਆਂ , 22 ਲੱਖ ਦਾ ਸੋਨਾ, ਮਹਿੰਗੀਆਂ ਗੱਡੀਆਂ, 54 ਕਰੋੜ ਦੀਆਂ ਬੈਂਕ ਦੇਣਦਾਰੀਆਂ ਅਤੇ ਜ਼ਮੀਨ ਜਾਇਦਾਦਾਂ ਦੀਆਂ ਰਜਿਸਟਰੀਆਂ ਬਾਰੇ ਜਾਣਕਾਰੀ ਦਿੱਤੀ ਹੈ। ਮੰਗ ਕੀਤੀ ਕਿ ਮੁੱਖ ਮੰਤਰੀ ਚੰਨੀ ਖ਼ਿਲਾਫ਼ ਕੇਸ ਦਰਜ ਕਰਕੇ ਉਚਿੱਤ ਕਾਰਵਾਈ ਕੀਤੀ ਜਾਵੇ।”
ਚੱਢਾ ਨੇ ਦੱਸਿਆ ਕਿ ‘ਆਪ’ ਲੰਮੇ ਸਮੇਂ ਤੋਂ ਦੋਸ਼ ਲਾਉਂਦੀ ਆ ਰਹੀ ਹੈ ਕਿ ਪੰਜਾਬ ਵਿੱਚ ਰੇਤ ਮਾਫ਼ੀਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਪ੍ਰਸਤੀ ਵਿੱਚ ਚੱਲ ਰਿਹਾ ਹੈ। ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿੱਚ ਗੈਰ ਕਾਨੂੰਨੀ ਰੇਤ ਕੱਢੀ ਜਾ ਰਹੀ ਹੈ। ਰੇਤ ਮਾਫ਼ੀਆ ਜੰਗਲਾਤ ਵਿਭਾਗ ਦੀ ਜ਼ਮੀਨ ਵਿਚੋਂ ਰੇਤ ਚੋਰੀ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਸ਼ਿਕਾਇਤ ਮਿਲਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਰੇਤ ਮਾਫ਼ੀਆ ਚਲਾ ਰਹੇ ਹਨ ਅਤੇ ਜਦੋਂ ਚੰਨੀ ਮੰਤਰੀ ਸਨ ਉਦੋਂ ਵੀ ਉਨ੍ਹਾਂ (ਕੈਪਟਨ) ਨੇ ਇਸ ਮਾਮਲੇ ਵਿੱਚ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਸੀ।
ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਸ ਨੂੰ ਮੰਤਰੀ ਤੋਂ ਮੁੱਖ ਮੰਤਰੀ ਬਣਾ ਦਿੱਤਾ, ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਪੰਜਾਬ ਵਿਚੋਂ ਰੇਤ ਮਾਫ਼ੀਆ ਦਾ ਪੈਸਾ ਕਾਂਗਰਸ ਦੀ ਹਾਈਕਮਾਂਡ ਤੱਕ ਜਾਂਦਾ ਹੈ।
‘ਆਪ’ ਆਗੂ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਮੁੱਖ ਮੰਤਰੀ ਚੰਨੀ ਦੇ ਇੱਕ ਭਤੀਜੇ ਦੇ ਘਰ ਛਾਪਾ ਮਾਰਿਆ ਗਿਆ। ਜ਼ਰਾ ਸੋਚੋ ਮੁੱਖ ਮੰਤਰੀ ਦੇ ਹੋਰ ਰਿਸ਼ਤੇਦਾਰਾਂ ਨੇ ਕਿੰਨੀ ਪੈਸਾ ਇਕੱਠਾ ਕੀਤਾ ਹੋਵੇਗਾ? ਉਨ੍ਹਾਂ ਕਿਹਾ ਕਿ ਇਹ ਗੱਲ ਵਿਚਾਰਨ ਵਾਲੀ ਹੈ ਕਿ ਚਰਨਜੀਤ ਸਿੰਘ ਚੰਨੀ ਕੇਵਲ 111 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ, ਜੇਕਰ ਚੰਨੀ 5 ਸਾਲ ਸੂਬੇ ਦੇ ਮੁੱਖ ਮੰਤਰੀ ਹੁੰਦੇ ਤਾਂ ਕਿੰਨੀ ਦੌਲਤ, ਜਾਇਦਾਦ ਇਕੱਠੀ ਕਰਦੇ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਸਿਆਸੀ ਬਦਲਾਖੋਰੀ ਤਹਿਤ ਈ.ਡੀ. ਦੀ ਛਾਪੇਮਾਰੀ ਹੋਈ ਹੈ, ਪਰ ਇੱਕ ਵਿਅਕਤੀ ਦੇ ਘਰ ਤੋਂ ਕਰੋੜਾਂ ਰੁਪਏ, ਲੱਖਾਂ ਦਾ ਸੋਨਾ ਅਤੇ ਹੋਰ ਜਾਇਦਾਦ ਮਿਲਣਾ ਵੀ ਸ਼ੱਕ ਪੈਦਾ ਕਰਦਾ ਹੈ ਅਤੇ ਨਿਰਪੱਖ ਜਾਂਚ ਦੀ ਮੰਗ ਪੈਦਾ ਕਰਦਾ ਹੈ।
ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਰੇਤ ਮਾਫ਼ੀਆ ਅਤੇ ਈ.ਡੀ. ਦੇ ਛਾਪਿਆਂ ਦੌਰਾਨ ਮਿਲੇ ਬੇਨਾਮੀ ਜਾਇਦਾਦ ਦੇ ਮਾਮਲਿਆਂ ਵਿੱਚ ਮੁੱਖ ਮੰਤਰੀ ਚੰਨੀ, ਉਸ ਦੇ ਰਿਸ਼ਤੇਦਾਰਾਂ ਅਤੇ ਸਮਰਥਕਾਂ ਖ਼ਿਲਾਫ਼ ਪੰਜਾਬ ਪੁਲੀਸ ਕੇਸ ਦਰਜ ਕਰੇ ਅਤੇ ਰਾਜਪਾਲ ਵੱਲੋਂ ਨਿਰਪੱਖ ਜਾਂਚ ਕਰਵਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…