
ਇਮਾਨਦਾਰੀ ਦੀ ਮਿਸਾਲ: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪੀਏ ਨੂੰ ਭੈਣ ਦੀ ਬਦਲੀ ਦੀ ਅਰਜ਼ੀ ਨਾਲ ਪੈਸੇ ਦੇਣ ਦੀ ਕੋਸ਼ਿਸ਼
ਪੀਏ ਦੀ ਸ਼ਿਕਾਇਤ ’ਤੇ ਪੈਸਿਆਂ ਦੇ ਬਲਬੂਤੇ ’ਤੇ ਭੈਣ ਦੀ ਬਦਲੀ ਕਰਵਾਉਣ ਆਏ ਵਿਅਕਤੀ ਖ਼ਿਲਾਫ਼ ਕੇਸ ਦਰਜ, ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਸਰਵ ਸਿੱਖਿਆ ਅਭਿਆਨ (ਐੱਸਐੱਸਏ)\ਰਮਸਾ ਅਤੇ ਹੋਰ ਸੁਸਾਇਟੀਆਂ ਤੋਂ ਹਾਲ ਹੀ ਵਿੱਚ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਏ ਅਧਿਆਪਕ ਜਿੱਥੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਸੂਬਾ ਸਰਕਾਰ ਦੇ ਖ਼ਿਲਾਫ਼ ਪਟਿਆਲਾ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ, ਉੱਥੇ ਇੱਕ ਮਹਿਲਾ ਅਧਿਆਪਕ ਦੇ ਭਰਾ ਨੇ ਸਿੱਖਿਆ ਸਕੱਤਰ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਸਿੱਖਿਆ ਅਧਿਕਾਰੀ ਦੀ ਪੀਏ ਨੂੰ ਆਪਣੀ ਭੈਣ ਦੀ ਬਦਲੀ ਕਰਵਾਉਣ ਲਈ ਅਰਜ਼ੀ ਨਾਲ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਗਈ।
ਮਹਿਲਾ ਪੀਏ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਇਹ ਮਾਮਲਾ ਸਿੱਖਿਆ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਅਤੇ ਮੁਹਾਲੀ ਪੁਲੀਸ ਨੂੰ ਫੋਨ ’ਤੇ ਉਨ੍ਹਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਬਾਰੇ ਸ਼ਿਕਾਇਤ ਦਿੱਤੀ। ਸੂਚਨਾ ਮਿਲਦੇ ਹੀ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੀਵ ਕੁਮਾਰ ਤੁਰੰਤ ਸਿੱਖਿਆ ਭਵਨ ਵਿੱਚ ਪਹੁੰਚ ਗਏ ਅਤੇ ਪੈਸੇ ਦੇ ਕੇ ਬਦਲੀ ਕਰਵਾਉਣ ਆਏ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਪੁਲੀਸ ਨੇ ਕ੍ਰਿਸ਼ਨ ਕੁਮਾਰ ਦੀ ਪੀਏ ਗੁਰਪ੍ਰੀਤ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਲਲਿਤ ਕੁਮਾਰ ਵਾਸੀ ਵਿਕਾਸ ਕਲੋਨੀ ਪਟਿਆਲਾ ਦੇ ਖ਼ਿਲਾਫ਼ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਂਜ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਸਿੱਖਿਆ ਸਕੱਤਰ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸੀ। ਦਫ਼ਤਰੀ ਸਟਾਫ਼ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਅੱਜ ਮੰਤਰੀ ਨਾਲ ਮੀਟਿੰਗ ਵਿੱਚ ਗਏ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਲਲਿਤ ਕੁਮਾਰ ਦੀ ਭੈਣ ਬਠਿੰਡਾ ਦੇ ਸਰਕਾਰੀ ਸਕੂਲ ਵਿੱਚ ਤਾਇਨਾਤ ਹੈ। ਉਹ ਆਪਣੀ ਭੈਣ ਦੀ ਬਦਲੀ ਪਟਿਆਲਾ ਵਿੱਚ ਕਰਵਾਉਣਾ ਚਾਹੁੰਦਾ ਸੀ। ਅੱਜ ਸਵੇਰੇ ਉਕਤ ਵਿਅਕਤੀ ਸਿੱਖਿਆ ਭਵਨ ਫੇਜ਼-8 ਵਿੱਚ ਪਹੁੰਚ ਗਿਆ ਅਤੇ ਸਿੱਖਿਆ ਸਕੱਤਰ ਦੇ ਦਫ਼ਤਰ ਵਿੱਚ ਇਧਰ ਉਧਰ ਘੁੰਮਣ ਫਿਰਨ ਲੱਗ ਪਿਆ। ਸਟਾਫ਼ ਨੇ ਉਸ ਨੂੰ ਦਫ਼ਤਰ ਆਉਣ ਬਾਰੇ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ ਆਪਣੀ ਭੈਣ ਦੀ ਬਦਲੀ ਦੇ ਸਿਲਸਿਲੇ ਵਿੱਚ ਕ੍ਰਿਸ਼ਨ ਕੁਮਾਰ ਨੂੰ ਮਿਲਣਾ ਚਾਹੁੰਦੇ ਹਨ ਜਦੋਂ ਸਟਾਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਹਿਬ ਤਾਂ ਮੀਟਿੰਗ ਵਿੱਚ ਗਏ ਹੋਏ ਹਨ ਤਾਂ ਉਹ ਪੀਏ ਦੇ ਕੈਬਿਨ ਦੇ ਆਲੇ ਦੁਆਲੇ ਗੇੜੇ ਮਾਰਨ ਲੱਗ ਪਿਆ ਲੇਕਿਨ ਭੀੜ ਹੋਣ ਕਾਰਨ ਉਹ ਗੱਲ ਨਹੀਂ ਸਕਿਆ। ਪੀਏ ਦੇ ਦਫ਼ਤਰੀ ਕੰਮ ਵਿੱਚ ਰੁਝੇ ਹੋਣ ਕਾਰਨ ਉਕਤ ਵਿਅਕਤੀ ਨੇ ਬੜੀ ਚਲਾਕੀ ਨਾਲ ਬਦਲੀ ਸਬੰਧੀ ਅਰਜ਼ੀ ਦੀ ਤੈਅ ਵਿੱਚ 10 ਹਜ਼ਾਰ ਰੁਪਏ ਪੀਏ ਦੇ ਟੇਬਲ ’ਤੇ ਰੱਖ ਦਿੱਤੇ। ਜਿਵੇਂ ਹੀ ਪੀਏ ਨੇ ਅਰਜ਼ੀ ਰੂਪੀ ਕਾਗਜ ਖੋਲ੍ਹਿਆ ਤਾਂ ਉਸ ਵਿੱਚ 10 ਹਜ਼ਾਰ ਰੁਪਏ ਛੁਪਾ ਕੇ ਰੱਖੇ ਹੋਏ ਸਨ।
ਪੀਏ ਗੁਰਪ੍ਰੀਤ ਕੌਰ ਨੇ ਤੁਰੰਤ ਸੁਰੱਖਿਆ ਗਾਰਡ ਨੂੰ ਆਪਣੇ ਕੈਬਿਨ ਵਿੱਚ ਸੱਦਿਆ ਅਤੇ ਉਕਤ ਵਿਅਕਤੀ ਦੀ ਇਸ ਹਰਕਤ ਬਾਰੇ ਦੱਸਿਆ। ਏਨੇ ਵਿੱਚ ਦਫ਼ਤਰ ਦਾ ਹੋਰ ਸਟਾਫ਼ ਵੀ ਉੱਥੇ ਆ ਗਿਆ। ਪੀਏ ਨੇ ਤੁਰੰਤ ਸਾਰਾ ਮਾਮਲਾ ਸਿੱਖਿਆ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ। ਥਾਣਾ ਫੇਜ਼-8 ਦੇ ਐਸਐਚਓ ਰਾਜੀਵ ਕੁਮਾਰ ਨੇ ਤੁਰੰਤ ਮੌਕੇ ’ਤੇ ਪਹੁੰਚ ਗਏ ਲਲਿਤ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੀਏ ਦੀ ਸ਼ਿਕਾਇਤ ’ਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਕਤ ਵਿਅਕਤੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ।