nabaz-e-punjab.com

ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ, ਐਨਆਈਏ ਵੱਲੋਂ ਕਿਸਾਨਾਂ ਤੇ ਵਕੀਲਾਂ ਦੇ ਘਰਾਂ ’ਚ ਛਾਪੇਮਾਰੀ

ਕਿਸਾਨਾਂ ਨੇ ਐਨਆਈਏ ਦੀ ਛਾਪੇਮਾਰੀ ਨੂੰ ਕੇਂਦਰ ਸਰਕਾਰ ਦੀ ਗੈਰ ਜਮਹੂਰੀ ਤਾਨਾਸ਼ਾਹ ਕਾਰਵਾਈ ਦੱਸਿਆ

ਕੇਂਦਰ ਸਰਕਾਰ ਜਾਂਚ ਏਜੰਸੀਆਂ ਰਾਹੀਂ ਵਿਰੋਧੀ ਵਿਚਾਰਾਂ ਦੀ ਜ਼ੁਬਾਨਬੰਦੀ ਕਰਨ ਤੋਂ ਬਾਜ ਆਵੇ: ਮਨਜੀਤ ਧਨੇਰ

ਕਿਸਾਨਾਂ ਤੇ ਲੋਕ-ਪੱਖੀ ਵਕੀਲਾਂ ਨੂੰ ਡਰਾ ਕੇ ਚੁੱਪ ਕਰਾਉਣ ਦੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿਆਂਗੇ

ਨਬਜ਼-ਏ-ਪੰਜਾਬ, ਮੁਹਾਲੀ, 30 ਅਗਸਤ:
ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੈਂਡਿੰਗ ਮੰਗਾਂ ਮਨਵਾਉਣ ਲਈ ਵਿੱਢੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਵਾਰ ਵੀ ਕੌਮੀ ਜਾਂਚ ਏਜੰਸੀ (ਐਨਆਈਏ) ਦਾ ਸਹਾਰਾ ਲਿਆ ਹੈ। ਐਨਆਈਏ ਦੀਆਂ ਵੱਖ-ਵੱਖ ਟੀਮਾਂ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਦੋ ਵਕੀਲਾਂ ਦੇ ਘਰ ਦਸਤਕ ਦਿੱਤੀ। ਜਿਸ ਦੀ ਕਿਸਾਨ ਜਥੇਬੰਦੀਆਂ ਨੇ ਸਖ਼ਤ ਨਿਖੇਧੀ ਕੀਤੀ ਹੈ। ਐਨਆਈਏ ਦੀ ਇੱਕ ਟੀਮ ਨੇ ਯੂਨੀਟੈੱਕ ਸੁਸਾਇਟੀ ਮੁਹਾਲੀ ਵਿੱਚ ਰਹਿੰਦੇ ਵਕੀਲ ਮਨਦੀਪ ਸਿੰਘ ਦੇ ਘਰ ਦੀ ਘੇਰਾਬੰਦੀ ਕਰਕੇ ਘਰ ਦਾ ਕੋਨਾ-ਕੋਨਾ ਛਾਣ ਮਾਰਿਆ। ਜਦੋਂਕਿ ਦੂਜੀ ਟੀਮ ਨੇ ਵਕੀਲ ਰੋਹਿਤ ਕੁਮਾਰ ਦੇ ਸੈਕਟਰ-97 ਸਥਿਤ ਘਰ ਵਿੱਚ ਛਾਪੇਮਾਰੀ ਕੀਤੀ ਅਤੇ ਦੇਰ ਤੱਕ ਫਰੋਲਾ-ਫਰੋਲੀ ਕਰਦੇ ਰਹੇ। ਐਨਆਈਏ ਨਾਲ ਮੁਹਾਲੀ ਪੁਲੀਸ ਦੇ ਤਾਇਨਾਤ ਸਨ। ਇੰਜ ਹੀ ਮਹਿਲਾ ਕਿਸਾਨ ਆਗੂ ਬੀਬੀ ਸੁਖਵਿੰਦਰ ਕੌਰ ਦੇ ਘਰ ਵੀ ਐਨਆਈਏ ਨੇ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਕਈ ਹੋਰਨਾਂ ਕਿਸਾਨ ਆਗੂਆਂ ਅਤੇ ਵਕੀਲਾਂ ਦੇ ਘਰਾਂ ’ਚ ਛਾਪੇਮਾਰੀ ਬਾਰੇ ਕਿਹਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਅੰਦੋਲਨ ਦੇ ਦੂਜੇ ਪੜਾਅ ਵਜੋਂ ਸ਼ੰਭੂ ਬਾਰਡਰ, ਖਨੌਰੀ ਅਤੇ ਰਤਨਪੁਰਾ ਰਾਜਸਥਾਨ ਵਿਖੇ ਕਿਸਾਨਾਂ ਦੇ ਪੱਕੇ ਤੇ ਮੋਰਚੇ ਲਾਏ ਹੋਏ ਹਨ। ਇਨ੍ਹਾਂ ਮੋਰਚਿਆਂ ਦੇ ਭਲਕੇ 31 ਅਗਸਤ ਨੂੰ 200 ਦਿਨ ਪੂਰੇ ਹੋ ਰਹੇ ਹਨ ਅਤੇ ਕਿਸਾਨਾਂ ਵੱਲੋਂ ਇਨ੍ਹਾਂ ਥਾਵਾਂ ’ਤੇ ਵੱਡੇ ਇਕੱਠ ਕਰਕੇ ਕੇਂਦਰ ਸਰਕਾਰ ਅਤੇ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਡਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਮਹਿਲਾ ਆਗੂ ਬੀਬੀ ਸੁਖਵਿੰਦਰ ਕੌਰ ਅਤੇ ਮੁਹਾਲੀ ਵਿੱਚ ਕਈ ਲੋਕ-ਪੱਖੀ ਵਕੀਲਾਂ ਦੇ ਘਰ ਛਾਪੇਮਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਵਿਰੋਧੀ ਵਿਚਾਰ ਵਾਲਿਆਂ ਨੂੰ ਕੌਮੀ ਏਜੰਸੀਆਂ ਰਾਹੀਂ ਡਰਾ ਧਮਕਾ ਕੇ ਅਤੇ ਜੇਲ੍ਹਾਂ ਵਿੱਚ ਡੱਕ ਕੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦਾ ਭਰਮ ਪਾਲ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਜਾਂਚ ਏਜੰਸੀਆਂ ਦੇਸ਼ ਵਿਰੋਧੀ ਅਤੇ ਹਿੰਸਕ ਕਾਰਵਾਈਆਂ ਦੀ ਜਾਂਚ ਲਈ ਬਣਾਈਆਂ ਗਈਆਂ ਸਨ ਪ੍ਰੰਤੂ ਕੇਂਦਰ ਇਨ੍ਹਾਂ ਨੂੰ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕਰ ਰਿਹਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਿੱਥੇ 31 ਅਗਸਤ ਨੂੰ ਸ਼ੰਭੂ ਬਾਰਡਰ ਸਮੇਤ ਹੋਰਨਾਂ ਥਾਵਾਂ ’ਤੇ ਹੁਕਮਰਾਨਾਂ ਨੂੰ ਗੁੜ੍ਹੀ ਨੀਂਦ ਤੋਂ ਜਗਾਉਣ ਲਈ ਵੱਡੇ ਇਕੱਠ ਕੀਤੇ ਜਾ ਰਹੇ ਹਨ। ਉੱਥੇ ਕੇਂਦਰ ਸਰਕਾਰ ਕੌਮੀ ਏਜੰਸੀਆਂ ਦੀ ਨਾਜਾਇਜ਼ ਵਰਤੋਂ ਕਰਕੇ ਕਿਸਾਨਾਂ ਨੂੰ ਡਰਾਉਣ ਦੇ ਰਾਹ ਪੈ ਗਈ ਹੈ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਆਗੂ ਸੁਖਵਿੰਦਰ ਕੌਰ ਸਮੇਤ ਮੁਹਾਲੀ ਵਿੱਚ ਵਕੀਲਾਂ ਦੇ ਘਰ ਐਨਆਈਏ ਦੀ ਛਾਪੇਮਾਰੀ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਲਾਹ ਮਸ਼ਵਰਾ ਕਰਕੇ ਕੇਂਦਰ ਨੂੰ ਇਸ ਕਾਰਵਾਈ ਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਐਨਆਈਏ ਦੇ ਛਾਪੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਘਰਸ਼ ਕਰਨ ਤੋਂ ਨਹੀਂ ਰੋਕ ਸਕਦੇ ਅਤੇ ਮੰਗਾਂ ਮੰਨਣ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਭਲਕੇ 31 ਅਗਸਤ ਦੇ ਪ੍ਰਦਰਸ਼ਨ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…