Nabaz-e-punjab.com

ਸਿਹਤ ਵਿਭਾਗ ਵੱਲੋਂ ਕਰੋਨਾਵਾਇਰਸ ਬਾਰੇ ਮੁਹਾਲੀ ਜ਼ਿਲ੍ਹੇ ਵਿੱਚ ਜਾਗਰੂਕਤਾ ਅਭਿਆਨ ਜ਼ੋਰਾਂ ’ਤੇ

ਜੱਜਾਂ ਅਤੇ ਕੌਂਸਲ ਅਧਿਕਾਰੀਆਂ ਨੂੰ ਵੀ ਦਿੱਤੀ ਬਿਮਾਰੀ ਬਾਰੇ ਜਾਣਕਾਰੀ

ਘਬਰਾਉਣ ਦੀ ਨਹੀਂ ਸਗੋਂ ਸਾਵਧਾਨੀ ਵਰਤਨ ਦੀ ਲੋੜ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
‘ਕੋਰੋਨਾ’ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਲੋਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿਚ ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਹੇਠ ਸਿਹਤ ਕਾਮੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਦਸਿਆ ਕਿ ਮੰਗਲਵਾਰ ਨੂੰ ਡਾਕਟਰ ਰੇਨੂ ਅਤੇ ਜ਼ਿਲ੍ਹਾ ਪਰਿਵਾਰ ਨਿਯੋਜਨ ਅਫ਼ਸਰ ਡਾ. ਨਿੱਧੀ ਨੇ ਮਿਊਂਸਪਲ ਭਵਨ ਵਿੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਸ ਮਾਰੂ ਬਿਮਾਰੀ ਬਾਰੇ ਜਾਣੂ ਕਰਵਾਇਆ ਅਤੇ ਇਸ ਦੀ ਰੋਕਥਾਮ ਲਈ ਸਹਿਯੋਗ ਵੀ ਮੰਗਿਆ।
ਇਸੇ ਤਰ੍ਹਾਂ ਸਿਹਤ ਅਧਿਕਾਰੀਆਂ ਨੇ ਸਥਾਨਕ ਜ਼ਿਲ੍ਹਾ ਅਦਾਲਤਾਂ ਵਿੱਚ ਜਾ ਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਮੇਤ ਹੋਰ ਨਿਆਂਇਕ ਅਧਿਕਾਰੀਆਂ ਨੂੰ ਵੀ ਇਸ ਬੀਮਾਰੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜ਼ਿਲ੍ਹਾ ਐਪੀਡੀਮੋਲੋਜਿਟ ਕਮ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਦੀ ਅਗਵਾਈ ਵਾਲੀ ਸਿਹਤ ਟੀਮ ਨੇ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਾ ਕੇ ਹਵਾਈ ਅੱਡਾ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਉਥੇ ਚੱਲ ਰਹੀ ਮੁਸਾਫ਼ਰਾਂ ਦੀ ਜਾਂਚ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਿਹਤ ਵਿਭਾਗ ਦੀ ਮੈਡੀਕਲ ਟੀਮ ਦੁਆਰਾ ਹਵਾਈ ਅੱਡੇ ’ਤੇ ਸਵਾਰੀਆਂ ਦੀ ਲਗਾਤਾਰ ਜਾਂਚ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਵੱਖ ਵੱਖ ਥਾਈਂ ਮਲਟੀਪਰਪਜ਼ ਹੈਲਥ ਵਰਕਰ, ਐਲ.ਐਚ.ਵੀਜ਼, ਏ.ਐਨ.ਐਮਜ਼, ਅਤੇ ਆਸ਼ਾ ਵਰਕਰਾਂ ਸਣੇ ਹੋਰ ਸਿਹਤ ਕਾਮੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਦੇ ਤਰੀਕਿਆਂ ਅਤੇ ਸਾਵਧਾਨੀਆਂ ਵਰਤਣ ਬਾਰੇ ਜਾਣਕਾਰੀ ਦੇ ਰਹੇ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿਚ ਹੁਣ ਤਕ 22 ਸ਼ੱਕੀ ਮਰੀਜ਼ ਸਾਹਮਣੇ ਆਏ ਹਨ ਅਤੇ ਸਾਰਿਆਂ ਦੀਆਂ ਰੀਪੋਰਟਾਂ ਨੈਗੇਟਿਵ ਆਈਆਂ ਹਨ ਯਾਨੀ ਕੋਈ ਵੀ ਵਿਅਕਤੀ ਇਸ ਬੀਮਾਰੀ ਤੋਂ ਪੀੜਤ ਨਹੀਂ। ਉਨ੍ਹਾਂ ਦੱਸਿਆ ਕਿ ਖਰੜ ਵਿੱਚ ਦਾਖ਼ਲ ਸ਼ੱਕੀ ਮਰੀਜ਼ ਅੌਰਤ ਅਤੇ ਕਿਸੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਬਜ਼ੁਰਗ ਅੌਰਤ ਦੀ ਰੀਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਦੋਹਾਂ ਅੌਰਤਾਂ ਦੇ ਸੈਂਪਲ ਸੋਮਵਾਰ ਨੂੰ ਪੀਜੀਆਈ ਚੰਡੀਗੜ੍ਹ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 470 ਵਿਅਕਤੀਆਂ ਨੂੰ ਅਹਿਤਿਆਤ ਵਜੋਂ ਘਰਾਂ ਵਿੱਚ ਡਾਕਟਰੀ ਨਿਗਰਾਨੀ ਹੇਠ ਅਲੱਗ ਰੱਖਿਆ ਗਿਆ ਹੈ। ਜਿਨ੍ਹਾਂ ’ਚੋਂ 320 ਵਿਅਕਤੀਆਂ ਦੀ ਜ਼ਰੂਰੀ 14 ਦਿਨਾ ਨਿਗਰਾਨੀ ਪੂਰੀ ਹੋ ਗਈ ਹੈ ਅਤੇ ਉਨ੍ਹਾਂ ਨੂੰ ਘਰ ਵਿਚ ਅਲੱਗ ਰਹਿਣ ਤੇ ਲਗਾਤਾਰ ਡਾਕਟਰੀ ਨਿਗਰਾਨੀ ਤੋਂ ਸੁਰਖਰੂ ਕਰ ਦਿਤਾ ਗਿਆ ਹੈ। ਇਹ ਵਿਅਕਤੀ ਹੁਣ ਬਿਲਕੁਲ ਤੰਦਰੁਸਤ ਹਨ ਅਤੇ ਬਾਕੀ ਲਗਭਗ 150 ਵਿਅਕਤੀ ਫ਼ਿਲਹਾਲ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਘਰਾਂ ਵਿਚ ਅਲੱਗ ਰੱਖੇ ਗਏ ਹਨ।
ਸਿਵਲ ਸਰਜਨ ਨੇ ਦੁਹਰਾਇਆ ਕਿ ‘ਕੋਰੋਨਾ’ ਵਾਇਰਸ ਬਾਰੇ ਸੋਸ਼ਲ ਮੀਡੀਆ ਵਿਚ ਚੱਲ ਰਹੀਆਂ ਅਫ਼ਵਾਹਾਂ ਵਲ ਧਿਆਨ ਨਾ ਦਿਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ‘ਕੋਰੋਨਾ’ ਵਾਇਰਸ ਦੇ ਇਲਾਜ ਲਈ ਹਾਲੇ ਤਕ ਕੋਈ ਵੈਕਸੀਨ ਨਹੀਂ ਬਣੀ ਪਰ ਖੋਜ-ਪੜਤਾਲ ਜਾਰੀ ਹੈ। ਉਨ੍ਹਾਂ ਦਸਿਆ ਕਿ ਪੰਜਾਬ ਵਿੱਚ ਇਸ ਬੀਮਾਰੀ ਦਾ ਹਾਲੇ ਇਕ ਮਰੀਜ਼ ਸਾਹਮਣੇ ਆਇਆ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਸਿਵਲ ਸਰਜਨ ਨੇ ਮੁੜ ਕਿਹਾ ਕਿ ਲੋਕਾਂ ਨੂੰ ਇਸ ਬੀਮਾਰੀ ਕਾਰਨ ਘਬਰਾਉਣ ਦੀ ਨਹੀਂ ਸਗੋਂ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਜਾਣਕਾਰੀ ਲਈ ਮੈਡੀਕਲ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…