ਰਾਣਾ ਕੇ.ਪੀ ਤੇ ਨਵਜੋਤ ਸਿੱਧੂ ਵੱਲੋਂ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਮਿਲ ਜੁੱਲ ਕੇ ਹੰਭਲੇ ਮਾਰਨ ਦੀ ਲੋੜ: ਰਾਣਾ ਕੇ.ਪੀ. ਸਿੰਘ

ਨਵਜੋਤ ਸਿੱਧੂ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਜੁੱਟੀਆ ਸੰਸਥਾਵਾਂ ਨੂੰ ‘ਲੇਖਕ ਭਲਾਈ ਫੰਡ’ ਬਣਾਉਣ ਦਾ ਸੱਦਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਮਾਰਚ:
ਵਰਲਡ ਪੰਜਾਬੀ ਕਾਨਫਰੰਸ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਕਰਵਾਈ ਜਾ ਰਹੀ ਦੋ ਰੋਜ਼ਾ ‘ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ’ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਅਤੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕੀਤਾ। ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ ਕਰਵਾਏ ਉਦਘਾਟਨੀ ਸੈਸ਼ਨ ਵਿੱਚ ਰਾਣਾ ਕੇ.ਪੀ. ਸਿੰਘ ਤੇ ਸ. ਸਿੱਧੂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੰਦਿਆਂ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ, ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦੀ ਵਕਾਲਤ ਕੀਤੀ। ਕਾਨਫਰੰਸ ਦਾ ਆਗਾਜ਼ ਸਮਾਂ ਰੌਸ਼ਨ ਕਰ ਕੇ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਭਾਵੇਂ ਪੰਜਾਬੀ ਭਾਸ਼ਾ ਦਾ ਪਾਸਾਰ ਦੁਨੀਆਂ ਭਰ ਵਿਚ ਹੋ ਚੁੱਕਾ ਹੈ ਪਰ ਹਾਲੇ ਵੀ ਵੱਖ-ਵੱਖ ਕੋਰਸਾਂ ਦੀ ਪੜ੍ਹਾਈ, ਨੌਕਰੀਆਂ ਅਤੇ ਰੋਜ਼ਗਾਰ ਦੇ ਸਾਧਨਾਂ ਵਿਚ ਸਾਡੀ ਭਾਸ਼ਾ ਦਰ-ਕਿਨਾਰ ਹੀ ਹੈ। ਬਹੁਤ ਸਾਰੇ ਕੋਰਸ ਜਿਵੇਂ ਕਿ ਐਲ.ਐਲ.ਬੀ., ਸਾਇੰਸ ਨਾਲ ਸਬੰਧਤ ਕੋਰਸਾਂ ਅਤੇ ਆਈ.ਟੀ. ਖੇਤਰਾਂ ਦੀ ਪੜ੍ਹਾਈ ਨਿਰੋਲ ਪੰਜਾਬੀ ਭਾਸ਼ਾ ਵਿਚ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਵਿਕਾਸ ਲਈ ਸਭਨਾਂ ਨੂੰ ਮਿਲ ਕੇ ਹੰਭਲੇ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿਚ ਪੰਜਾਬੀ ਭਾਸ਼ਾ ਦੇ ਨਿਘਾਰ ਲਈ ਜਿਨ੍ਹਾਂ ਨੁਕਤਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਹੱਲ ਕੱਢਣ ਲਈ ਪੰਜਾਬੀ ਭਾਸ਼ਾ ਵਿਗਿਆਨੀਆਂ, ਬੁੱਧੀਜੀਵੀਆਂ, ਲੇਖਕਾਂ, ਸਿਆਸਤ ਨਾਲ ਜੁੜੇ ਲੋਕਾਂ, ਸਮਾਜਿਕ ਆਗੂਆਂ ਅਤੇ ਹੋਰਨਾਂ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਪਾਸਾਰ ਅੱਜ ਵਿਸ਼ਵ ਪੱਧਰ ’ਤੇ ਹੋ ਚੁੱਕਾ ਹੈ ਅਤੇ ਇਸ ਨੂੰ ਕਿਸੇ ਖਾਸ ਫਿਰਕੇ ਜਾਂ ਖਿੱਤੇ ਨਾਲ ਨਹੀਂ ਜੋੜਿਆ ਜਾ ਸਕਦਾ। ਜਿੱਥੇ-ਜਿੱਥੇ ਪੰਜਾਬੀਆਂ ਨੇ ਪ੍ਰਵਾਸ ਕੀਤਾ ਉੱਥੇ ਉਹ ਪੰਜਾਬੀ ਨੂੰ ਨਾਲ ਲੈ ਕੇ ਗਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਵਿਸ਼ਵ ਭਰ ਵਿਚ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਹਜ਼ਾਰਾਂ ਡੈਲੀਗੇਟਸ ਵੱਲੋਂ ਕਾਨਫਰੰਸ ਵਿਚ ਕੀਤੀਆਂ ਵਿਚਾਰਾਂ ਦੇ ਜ਼ਰੂਰ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਭਾਸ਼ਾ ਸਿੱਖਣੀ ਮਾੜੀ ਗੱਲ ਨਹੀਂ ਪਰ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ’ਤੇ ਮਾਣ ਹੋਣਾ ਚਾਹੀਦਾ ਹੈ। ਇਸ ਦੇ ਵਿਕਾਸ ਲਈ ਸਭਨਾਂ ਨੂੰ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਖ-ਵੱਖ ਮੰਚਾਂ ’ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਸਖਸ਼ੀਅਤਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੀ ਪੀੜ੍ਹੀ ਪੰਜਾਬੀ ਭਾਸ਼ਾ ਤੋਂ ਬੇਮੁੱਖ ਹੋ ਗਈ ਤਾਂ ਸਾਡੇ ਮਹਾਨ ਪੰਜਾਬੀ ਲਿਖਾਰੀਆਂ/ਸ਼ਾਇਰਾਂ ਨੂੰ ਕੌਣ ਪੜ੍ਹੇਗਾ ਤੇ ਸੁਣੇਗਾ। ਉਨ੍ਹਾਂ ਕਿਹਾ ਕਿ ਇੰਟਰਨੈਟ ਦੇ ਜ਼ਮਾਨੇ ਵਿੱਚ ਸਾਨੂੰ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ, ਸਾਹਿਤ ਤੇ ਸੱਭਿਆਚਾਰ ਨਾਲ ਜੋੜਨ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਨਗੀ ਪਵੇਗੀ। ਵੱਡੇ ਸਾਹਿਤਕਾਰਾਂ, ਲੇਖਕਾਂ ਤੇ ਕਲਾਕਾਰਾਂ ਨੂੰ ਕੌਮ ਦਾ ਸਰਮਾਇਆ ਦੱਸਦੇ ਹੋਏ ਸ੍ਰ. ਸਿੱਧੂ ਨੇ ਕਿਹਾ ਕਿ ਲੇਖਕਾਂ ਨਾਲ ਜੁੜੀਆਂ ਥਾਵਾਂ ਤੇ ਸ਼ਹਿਰਾਂ/ਕਸਬਿਆਂ ਨੂੰ ਸਾਹਿਤਕ ਸੈਲਾਨੀ ਸਰਕਟ ਅਧੀਨ ਲਿਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਦੇ ਵੱਡੇ ਲੇਖਕਾਂ ਦੇ ਜਨਮ ਦਿਨ ਵੱਡੇ ਪੱਧਰ ’ਤੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਵੱਡਾ ਸਾਹਿਤਕਾਰ ਵੱਡੀ ਉਮਰ ਵਿੱਚ ਪੈਸੇ ਦੀ ਕਮੀ ਕਾਰਨ ਇਲਾਜ ਲਈ ਤਰਸਦਾ ਹੈ, ਇਸ ਸਬੰਧੀ ਉਨ੍ਹਾਂ ਇਹ ਵਕਾਲਤ ਕੀਤੀ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਕ ਕਾਰਪਸ ਫੰਡਜ ਬਣਾਉਣਾ ਚਾਹੀਦਾ ਹੈ ਜੋ ਵੱਡੇ ਲੇਖਕਾਂ, ਫ਼ਨਕਾਰਾਂ ਦੀ ਅੌਖੇ ਵੇਲੇ ਮੱਦਦ ਕਰ ਸਕੇ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਪੰਜਾਬੀ ਭਾਸ਼ਾ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਇਸ ਦਿਸ਼ਾ ਵਿੱਚ ਪਹਿਲਕਦਮੀ ਕਰਨ ਅਤੇ ਸਭ ਤੋਂ ਪਹਿਲਾ ਉਹ ਖੁਦ 50 ਲੱਖ ਰੁਪਏ ਵਿੱਚ ਇਸ ਫੰਡ ਵਿੱਚ ਪਾਉਣਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਡਾ.ਸੁਰਜੀਤ ਪਾਤਰ ਦੀ ਅਗਵਾਈ ਹੇਠ ਪੰਜਾਬ ਕਲਾ ਪਰਿਸ਼ਦ ਵੱਲੋਂ ਸੱਭਿਆਚਾਰਕ ਪਾਰਲੀਮੈਂਟ ਬਣਾ ਕੇ ਪਿੰਡਾਂ, ਸ਼ਹਿਰਾਂ, ਕਸਬਿਆਂ ਨੂੰ ਇਨ੍ਹਾਂ ਗਤੀਵਿਧੀਆਂ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਦਲਵੀਆਂ ਤੇ ਮਿਆਰੀ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਹੀ ਸੱਭਿਆਚਾਰ ’ਤੇ ਭਾਰੂ ਪੈ ਰਹੀ ਲੱਚਰਤਾ ਅਤੇ ਹਿੰਸਾ ਨੂੰ ਨੱਥ ਪਾਈ ਜਾ ਸਕਦੀ ਹੈ। ਉਨ੍ਹਾਂ ਇਸ ਮੌਕੇ ਇਸ ਗੱਲ ਉਪਰ ਤਸੱਲੀ ਪ੍ਰਗਟਾਈ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜ ਦਿਨਾਂ ਦੇ ਪੁਸਤਕ ਮੇਲੇ ਵਿੱਚ ਇਕ ਕਰੋੜ ਰੁਪਏ ਦੀਆਂ ਪੁਸਤਕਾਂ ਦੀ ਵਿਕਰੀ ਹੋਈ। ਉਨ੍ਹਾਂ ਆਪਣੇ ਆਪ ਦੇ ਪੰਜਾਬੀ ਹੋਣ ਦਾ ਮਾਣ ਕਰਦਿਆਂ ਕਿਹਾ ਕਿ ਸਾਨੂੰ ਪੰਜਾਬੀ ਬੋਲਦਿਆਂ ਹੀਣ ਭਾਵਨਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਫਰਾਂਸ ਦੀ ਉਦਾਹਰਨ ਦਿੰਦਿਆਂ ਉਥੋਂ ਦੇ ਵਾਸੀਆਂ ਵੱਲੋਂ ਫਰੈਂਚ ਭਾਸ਼ਾ ਨੂੰ ਦਿੱਤੇ ਜਾਂਦੇ ਮਾਣ ਤੇ ਸਤਿਕਾਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਪ੍ਰੇਰਨਾ ਸਦਕਾ ਹੀ ਬਲਰਾਜ ਸਾਹਨੀ ਨੇ ਮਾਤ ਭਾਸ਼ਾ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ।
ਇਸ ਤੋਂ ਪਹਿਲਾਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਐਚ.ਐਸ. ਹੰਸਪਾਲ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਸਾਰੇ ਵਪਾਰਕ ਅਦਾਰਿਆਂ, ਸੜਕੀ ਬੋਰਡਾਂ ਅਤੇ ਦੁਕਾਨਾਂ ’ਤੇ ਲੱਗਣ ਵਾਲੇ ਬੋਰਡਾਂ ਵਿਚ ਪਹਿਲੇ ਸਥਾਨ ’ਤੇ ਪੰਜਾਬੀ ਲਿਖੀ ਜਾਣੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬੀ ਬੋਲਣ ’ਤੇ ਮਾਣ ਕਰਨਾ ਚਾਹੀਦਾ ਹੈ ਅਤੇ ਇਸ ਸਬੰਧੀ ਕਿਸੇ ਹੀਣਭਾਵਨਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਆਪਣੇ ਸੰਬੋਧਨ ਦੌਰਾਨ ਉਦਾਹਰਣਾਂ ਸਮੇਤ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਨੂੰ ਚੰਗੀ ਤਰ੍ਹਾਂ ਸਿੱਖੀਏ ਅਤੇ ਉਸ ਤੋਂ ਬਾਅਦ ਹੋਰਨਾਂ ਭਾਸ਼ਾਵਾਂ ਦੀ ਮੁਹਾਰਤ ਹਾਸਲ ਕਰੀਏ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦਾ ਪੰਜਾਬੀ ਭਾਸ਼ਾ ਨਾਲ ਮੋਹ ਜ਼ਿਆਦਾ ਹੈ ਜਦਕਿ ਪੰਜਾਬ ਵਾਸੀ ਆਪਣੇ ਘਰਾਂ ਵਿਚ ਹਿੰਦੀ-ਅੰਗਰੇਜ਼ੀ ਬੋਲਣ ਵਿਚ ਜ਼ਿਆਦਾ ਮਾਣ ਮਹਿਸੂਸ ਕਰਦੇ ਹਨ।
ਅੰਤ ਵਿੱਚ ਡਾ.ਦੀਪਕ ਮਨਮੋਹਨ ਸਿੰਘ ਸਾਰੇ ਮਹਿਮਾਨਾਂ ਅਤੇ ਕਾਨਫਰੰਸ ਵਿੱਚ ਹਿੱਸਾ ਲੈਣ ਆਏ ਲੇਖਕਾਂ ਦਾ ਧੰਨਵਾਦ ਕਰਦਿਆਂ ਕਾਨਫਰੰਸ ਦੇ ਮੰਤਵਾਂ ਅਤੇ ਇਸ ਦੇ ਇਤਿਹਾਸ ’ਤੇ ਵੀ ਝਾਤੀ ਪਾਈ। ਸਟੇਜ ਸੰਚਾਲਨ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਕੱਤਰ ਜਨਰਲ ਡਾ.ਰਵੇਲ ਸਿੰਘ ਨੇ ਕੀਤਾ। ਉਦਘਾਟਨੀ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਉਕਤ ਬੁਲਾਰਿਆਂ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ ਕੁਲਪਤੀ ਪ੍ਰੋ.ਅਰੁਣ ਗਰੋਵਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਪ੍ਰੋ.ਬੀ.ਐਸ.ਘੁੰਮਣ ਤੇ ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਮਾਣਕ ਵਿੱਚ ਸ਼ਾਮਲ ਸਨ। ਇਸ ਮੌਕੇ ਰਾਣਾ ਜੰਗ ਬਹਾਦਰ ਗੋਇਲ, ਸੱੁਖੀ ਬਾਠ, ਇਕਬਾਲ ਮਾਹਲ ਤੇ ਅੰਮ੍ਰਿਤ ਕੁਮਾਰੀ ਨੂੰ ਪੰਜਾਬੀ ਭਾਸ਼ਾ ਲਈ ਪਾਏ ਯੋਗਦਾਨ ਬਦਲੇ ਸਨਮਾਨਤ ਕੀਤਾ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ, ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਯੋਗਰਾਜ ਅੰਗਰੀਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਮੀ ਲੇਖਕ ਅਤੇ ਸੀਨੀਅਰ ਪੱਤਰਕਾਰ ਸ਼ਾਮਲ ਸਨ ਜਿਨ੍ਹਾਂ ਵਿੱਚ ਬਲਦੇਵ ਸਿੰਘ ਸੜਕਨਾਮਾ, ਗੁਲਜ਼ਾਰ ਸੰਧੂ, ਪ੍ਰਿੰਸੀਪਲ ਸਰਵਣ ਸਿੰਘ, ਸੁਰਿੰਦਰ ਸਿੰਘ ਤੇਜ, ਸਿੱਧੂ ਦਮਦਮੀ, ਪੰਮੀ ਬਾਈ, ਸੁਖਵਿੰਦਰ ਅੰਮ੍ਰਿਤ, ਨਛੱਤਰ, ਡਾ.ਮਨਮੋਹਨ ਸਿੰਘ ਪ੍ਰਮੁੱਖ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…